ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਪ੍ਰੇਮਿਕਾ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਸਿੱਧੂ ਨਾਲ ਆਖਰੀ ਤਸਵੀਰ ਵਾਇਰਲ

02/16/2022 10:01:33 AM

ਚੰਡੀਗੜ੍ਹ (ਬਿਊਰੋ) – ਪੰਜਾਬੀ ਅਦਾਕਾਰ ਤੇ ਕਿਸਾਨ ਅੰਦੋਲਨ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਦੀਪ ਸਿੱਧੂ ਦੀ ਭਿਆਨਕ ਸੜਕ ਹਾਦਸੇ ’ਚ ਮੌਤ ਹੋ ਗਈ ਹੈ। ਦੀਪ ਸਿੱਧੂ ਆਪਣੀ ਮਹਿਲਾ ਦੋਸਤ ਨਾਲ ਦਿੱਲੀ ਤੋਂ ਪੰਜਾਬ ਪਰਤ ਰਹੇ ਸਨ। ਦਿੱਲੀ ਤੋਂ ਪੰਜਾਬ ਆਉਂਦੇ ਸਮੇਂ ਕੁੰਡਲੀ ਮਾਨੇਸਰ (ਕੇ. ਐੱਮ. ਪੀ.) ਹਾਈਵੇ ’ਤੇ ਵਾਪਰੇ ਸੜਕ ਹਾਦਸੇ ’ਚ ਦੀਪ ਸਿੱਧੂ ਦੀ ਮੌਤ ਹੋਈ। ਦੀਪ ਸਿੱਧੂ ਦਾ ਜੀਵਨ ਸੰਘਰਸ਼ ਭਰਿਆ ਰਿਹਾ ਹੈ।

ਇਸ ਕਾਰ 'ਚ ਦੀਪ ਸਿੱਧੂ ਦੀ ਮਹਿਲਾ ਮਿੱਤਰ ਰੀਨਾ ਰਾਏ ਵੀ ਸਫ਼ਰ ਕਰ ਰਹੀ ਸੀ। ਹਾਦਸੇ 'ਚ ਰੀਨਾ ਰਾਏ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਹੁਣ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਹ ਆਪਣੇ ਕਰੀਬੀਆਂ ਨਾਲ ਹਸਪਤਾਲ ਤੋਂ ਚਲੀ ਗਈ ਹੈ। ਰੀਨਾ ਰਾਏ ਅਮਰੀਕਾ ਤੋਂ 13 ਤਰੀਕ ਨੂੰ ਆਈ ਸੀ।

 

ਪ੍ਰੇਮਿਕਾ ਰੀਨਾ ਰਾਏ ਦੀ ਸਿੱਧੂ ਨਾਲ ਆਖਰੀ ਤਸਵੀਰ
ਦੀਪ ਸਿੱਧੂ ਤੇ ਰੀਨਾ ਰਾਏ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਚ ਦੋਵੇਂ ਇੱਕ ਸ਼ੀਸ਼ੇ ਨੂੰ ਵੇਖਦੇ ਹੋਏ ਸੈਲਫੀ ਲੈ ਰਹੇ ਹਨ। ਰੀਨਾ ਨੇ ਸੈਲਫੀ ਦੇ ਨਾਲ ਲਿਖਿਆ ਸੀ, "ਹੈਪੀ ਵੈਲੇਨਟਾਈਨ ਡੇ"। ਇਹ ਜੋੜਾ ਅਕਸਰ ਸੋਸ਼ਲ ਮੀਡੀਆ 'ਤੇ ਇਕ-ਦੂਜੇ ਨਾਲ ਤਸਵੀਰਾਂ ਪੋਸਟ ਕਰਦਾ ਰਹਿੰਦਾ ਹੈ।

ਪੰਜਾਬ ਦੇ ਮੁਕਤਸਰ ਜ਼ਿਲ੍ਹੇ 'ਚ 1984 'ਚ ਜਨਮੇ ਦੀਪ ਸਿੱਧੂ ਤਿੰਨ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਦੌਰਾਨ ਚਰਚਾ 'ਚ ਆਏ ਸਨ। ਉਨ੍ਹਾਂ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਸੀ। ਉਨ੍ਹਾਂ ਦੀ ਪਹਿਲੀ ਪੰਜਾਬੀ ਫ਼ਿਲਮ 'ਰਮਤਾ ਜੋਗੀ' 2015 'ਚ ਰਿਲੀਜ਼ ਹੋਈ ਸੀ। 2018 'ਚ ਰਿਲੀਜ਼ ਹੋਈ ਉਨ੍ਹਾਂ ਦੀ ਦੂਜੀ ਫ਼ਿਲਮ 'ਜੋਰਾ ਦਾਸ ਨੰਬਰੀਆ' ਰਿਲੀਜ਼ ਹੋਈ ਸੀ, ਜੋ ਕਿ ਹਿੱਟ ਸਾਬਿਤ ਹੋਈ। ਪਿਛਲੇ ਸਾਲ ਗਣਤੰਤਰ ਦਿਵਸ 'ਤੇ ਦਿੱਲੀ ਦੇ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦੇ ਮਾਮਲੇ 'ਚ ਵੀ ਦੀਪ ਮੁਲਜ਼ਮ ਸੀ। ਜ਼ਮਾਨਤ 'ਤੇ ਰਿਹਾਅ ਹੋਣ ਤੋਂ ਪਹਿਲਾਂ ਉਹ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਜੇਲ੍ਹ 'ਚ ਸਨ।


ਅੱਜ ਹੋਵੇਗਾ ਦੀਪ ਸਿੱਧੂ ਦਾ ਪੋਸਟਮਾਰਟਮ
ਪੋਸਟਮਾਰਟਮ ਲਈ ਦੀਪ ਸਿੱਧੂ ਦੀ ਲਾਸ਼ ਸੋਨੀਪਤ ਹਸਪਤਾਲ ਲਿਆਂਦੀ ਗਈ। ਪੋਸਟਮਾਰਟਮ ਤੋਂ ਬਾਅਦ ਹੀ ਦੀਪ ਸਿੱਧੂ ਦੀ ਮ੍ਰਿਤਕ ਦੇਹ ਪੰਜਾਬ ਲਿਆਂਦੀ ਜਾਵੇਗੀ। ਦੀਪ ਸਿੱਧੂ ਦੀ ਲਾਸ਼ ਨੂੰ ਖਰਕੋਦਾ ਹਸਪਤਾਲ ਤੋਂ ਤੜਕੇ 3 ਵਜੇ ਸੋਨੀਪਤ ਹਸਪਤਾਲ ਭੇਜਿਆ ਗਿਆ।


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita