ਕੋਰੋਨਾ ਲਾਗ ਦੀ ਬਿਮਾਰੀ ਨੇ ਇਸ ਗਾਇਕ ਜੋੜੀ ਨੂੰ ਸਬਜ਼ੀਆਂ ਵੇਚਣ ਲਈ ਕੀਤਾ ਮਜਬੂਰ (ਵੀਡੀਓ)

06/20/2020 5:23:22 PM

ਜਲੰਧਰ (ਬਿਊਰੋ) — ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਭਰ 'ਚ ਵੇਖਣ ਨੂੰ ਮਿਲ ਰਿਹਾ ਹੈ। ਅਜਿਹੇ 'ਚ ਆਰਥਿਕ ਮੰਦੀ ਵੀ ਪੈਰ ਪਸਾਰ ਚੁੱਕੀ ਹੈ ਪਰ ਇਸ ਵਾਇਰਸ ਦਾ ਕਹਿਰ ਸਭ ਤੋਂ ਜ਼ਿਆਦਾ ਗਰੀਬੀ ਰੇਖਾ ਦੇ ਥੱਲੇ ਜੀਵਨ ਜਿਉਣ ਅਤੇ ਮਜ਼ਦੂਰ ਵਰਗ 'ਤੇ ਪਿਆ ਹੈ। ਹਾਲਾਂਕਿ ਅਜਿਹੇ ਲੋਕਾਂ ਦੀ ਮਦਦ ਲਈ ਕਈ ਕਲਾਕਾਰ ਵੀ ਅੱਗੇ ਆਏ ਹਨ ਪਰ ਕੁਝ ਲੋਕ ਮੰਗਣ ਜਾਂ ਕਿਸੇ ਦੇ ਅੱਗੇ ਹੱਥ ਅੱਡਣ ਦੀ ਬਜਾਏ ਦਸਾਂ ਨਹੁੰਆਂ ਦੀ ਕਿਰਤ ਕਰਨ 'ਚ ਵਿਸ਼ਵਾਸ਼ ਰੱਖਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਜੋੜੀ ਬਾਰੇ ਦੱਸਣ ਜਾ ਰਹੇ ਹਾਂ ਜੋ ਕਿਸੇ ਸਮੇਂ ਸਟੇਜਾਂ, ਮੇਲਿਆਂ ਅਤੇ ਹੋਰ ਕਈ ਪ੍ਰੋਗਰਾਮਾਂ 'ਚ ਆਪਣੇ ਗੀਤ ਪੇਸ਼ ਕਰਕੇ ਆਪਣਾ ਗੁਜ਼ਾਰਾ ਕਰਦੀ ਸੀ ਪਰ ਅੱਜ ਕੋਰੋਨਾ ਵਰਗੀ ਬੀਮਾਰੀ ਨੇ ਇਨ੍ਹਾਂ ਦੀ ਰੋਜ਼ੀ ਰੋਟੀ ਵੀ ਖੋਹ ਲਈ ਹੈ ਕਿਉਂਕਿ ਇਸ ਬੀਮਾਰੀ ਕਾਰਨ ਮੇਲਿਆਂ, ਸਟੇਜਾਂ ਅਤੇ ਧਾਰਮਿਕ ਸਮਾਰੋਹਾਂ 'ਤੇ ਇੱਕਠ ਕਰਨ 'ਤੇ ਪਾਬੰਦੀ ਲੱਗ ਚੁੱਕੀ ਹੈ। ਇਸ ਕਾਰਨ ਇਸ ਗਾਇਕ ਜੋੜੀ ਦੀ ਰੋਜ਼ੀ ਰੋਟੀ ਦਾ ਜੁਗਾੜ ਕਰਨਾ ਵੀ ਮੁਸ਼ਕਿਲ ਹੋ ਚੁੱਕਿਆ ਹੈ ਪਰ ਗਾਇਕ ਜੋੜੀ ਨੇ ਹਾਰ ਨਹੀਂ ਮੰਨੀ। ਜਦੋਂ ਗੀਤਾਂ ਲਈ ਅਖਾੜਿਆਂ ਦਾ ਸਿਲਸਿਲਾ ਬੰਦ ਹੋ ਗਿਆ ਤਾਂ ਇਸ ਗਾਇਕ ਜੋੜੀ ਨੇ ਸਬਜ਼ੀ ਵੇਚਣਾ ਸ਼ੁਰੂ ਕਰ ਦਿੱਤਾ।

ਦੱਸ ਦਈਏ ਕਿ ਇਹ ਗਾਇਕ ਜੋੜੀ ਅੰਮ੍ਰਿਤਸਰ ਦੀ ਰਹਿਣ ਵਾਲੀ, ਜੋ ਕਿ ਬੜੇ ਮੁਸ਼ਕਿਲ ਦੌਰ 'ਚ ਗੁਜ਼ਰ ਰਹੀ ਹੈ। ਇਸ ਜੋੜੀ ਦਾ ਕਹਿਣਾ ਹੈ ਕਿ ਕਿਸੇ ਕੋਲੋਂ ਮੰਗਣ ਨਾਲੋਂ ਬਿਹਤਰ ਹੈ ਕਿ ਉਹ ਇਸ ਤਰ੍ਹਾਂ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰ ਲੈਣ। ਇਹ ਜੋੜੀ ਹੁਣ ਅੰਮ੍ਰਿਤਸਰ 'ਚ ਸਬਜ਼ੀ ਵੇਚਦੀ ਹੈ ਅਤੇ ਨਾਲ ਹੀ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਵੀ ਕਰਦੀ ਹੈ।

sunita

This news is Content Editor sunita