ਜਾਵੇਦ ਅਖ਼ਤਰ ਤੇ ‘ਐਨੀਮਲ’ ਫ਼ਿਲਮ ਦੀ ਟੀਮ ਵਿਚਾਲੇ ਵਧਿਆ ਵਿਵਾਦ, ਇਕ-ਦੂਜੇ ਖ਼ਿਲਾਫ਼ ਹੋਏ ਤੱਤੇ

01/09/2024 2:18:50 PM

ਮੁੰਬਈ (ਬਿਊਰੋ)– ਫ਼ਿਲਮ ‘ਐਨੀਮਲ’ ਬਾਕਸ ਆਫਿਸ ’ਤੇ ਬਲਾਕਬਸਟਰ ਸਾਬਤ ਹੋਈ ਹੈ, ਹਾਲਾਂਕਿ ਫ਼ਿਲਮ ਤੇ ਇਸ ਦੇ ਡਾਇਲਾਗਸ ਨਾਲ ਜੁੜੀ ਬਹਿਸ ਖ਼ਤਮ ਨਹੀਂ ਹੋ ਰਹੀ ਹੈ। ਹਾਲ ਹੀ ’ਚ ਜਾਵੇਦ ਅਖ਼ਤਰ ਨੇ ਕਿਹਾ ਸੀ ਕਿ ਅਜਿਹੀ ਫ਼ਿਲਮ ਦਾ ਕਾਮਯਾਬ ਹੋਣਾ ਬਹੁਤ ਖ਼ਤਰਨਾਕ ਹੈ, ਜਿਸ ’ਚ ਇਕ ਕੁੜੀ ਨੂੰ ਜੁੱਤੀ ਚੱਟਣ ਲਈ ਕਿਹਾ ਜਾਂਦਾ ਹੈ। ਹੁਣ ‘ਐਨੀਮਲ’ ਫ਼ਿਲਮ ਦੀ ਟੀਮ ਨੇ ਜਾਵੇਦ ਦੀ ਇਸ ਆਲੋਚਨਾ ਦਾ ਜਵਾਬ ਦਿੱਤਾ ਹੈ।

ਜਾਵੇਦ ਦਾ ਇਹ ਬਿਆਨ ਸਾਹਮਣੇ ਆਉਣ ਤੋਂ ਬਾਅਦ ਫ਼ਿਲਮ ‘ਐਨੀਮਲ’ ਦੀ ਟੀਮ ਨੇ ਉਨ੍ਹਾਂ ਨੂੰ ਜਵਾਬ ਦਿੱਤਾ ਤੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਲਿਖਿਆ, ‘‘ਤੁਹਾਡੀ ਪੂਰੀ ਕਲਾ ਝੂਠ ਹੈ ਤੇ ਜੇ ਕੋਈ ਔਰਤ (ਜਿਸ ਨੂੰ ਪਿਆਰ ਦੇ ਨਾਮ ’ਤੇ ਧੋਖਾ ਦਿੱਤਾ ਗਿਆ ਸੀ) ਨੇ ਕਿਹਾ ਹੁੰਦਾ ਕਿ ‘ਮੇਰੀ ਜੁੱਤੀ ਚੱਟੋ’ ਤਾਂ ਤੁਸੀਂ ਲੋਕ ਇਸ ਨੂੰ ਨਾਰੀਵਾਦ ਕਹਿੰਦੇ।’’

ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਯਸ਼ ਦੇ ਜਨਮਦਿਨ ਨੂੰ ਯਾਦਗਰ ਬਣਾਉਣ ਦੇ ਚੱਕਰ 'ਚ 3 ਲੋਕਾਂ ਦੀ ਮੌਤ, ਪੜ੍ਹੋ ਪੂਰੀ ਖ਼ਬਰ

ਟੀਮ ਨੇ ਅੱਗੇ ਲਿਖਿਆ, ‘‘ਪਿਆਰ ਨੂੰ ਲਿੰਗ ਤੇ ਰਾਜਨੀਤੀ ਤੋਂ ਦੂਰ ਰੱਖਣਾ ਚਾਹੀਦਾ ਹੈ। ਉਨ੍ਹਾਂ ਨੂੰ ਸਿਰਫ਼ ਪ੍ਰੇਮੀ ਕਿਹਾ ਜਾਣਾ ਚਾਹੀਦਾ ਹੈ। ਪ੍ਰੇਮੀ ਧੋਖਾ ਦਿੰਦੇ ਹਨ ਤੇ ਝੂਠ ਬੋਲਦੇ ਹਨ। ਪ੍ਰੇਮੀ ਕਹਿੰਦਾ ਹੈ ਮੇਰੀ ਜੁੱਤੀ ਚੱਟੋ।’’

ਕੀ ਹੈ ਪੂਰਾ ਮਾਮਲਾ?
ਜਾਵੇਦ ਅਖ਼ਤਰ ਹਾਲ ਹੀ ’ਚ ਔਰੰਗਾਬਾਦ ’ਚ ਚੱਲ ਰਹੇ ਅਜੰਤਾ ਇਲੋਰਾ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਦਾ ਹਿੱਸਾ ਬਣੇ ਸਨ। ਇਸ ਦੌਰਾਨ ਉਨ੍ਹਾਂ ਨੇ ‘ਐਨੀਮਲ’ ਦੀ ਸਫ਼ਲਤਾ ਬਾਰੇ ਗੱਲ ਕਰਦਿਆਂ ਕਿਹਾ ਸੀ ਕਿ ਫ਼ਿਲਮ ਦਾ ਹਿੱਟ ਹੋਣਾ ਖ਼ਤਰਨਾਕ ਹੈ। ਜਾਵੇਦ ਨੇ ਨਾ ਸਿਰਫ਼ ‘ਐਨੀਮਲ’, ਸਗੋਂ ਫ਼ਿਲਮ ‘ਕਬੀਰ ਸਿੰਘ’ ਤੇ ਗੀਤ ‘ਚੋਲੀ ਕੇ ਪੀਚੇ ਕਿਆ ਹੈ’ ਦੀ ਵੀ ਆਲੋਚਨਾ ਕੀਤੀ ਸੀ। ਜਾਵੇਦ ਅਖ਼ਤਰ ਨੇ ਕਿਹਾ ਕਿ ਭਵਿੱਖ ’ਚ ਕਿਸ ਤਰ੍ਹਾਂ ਦੀਆਂ ਫ਼ਿਲਮਾਂ ਬਣਨਗੀਆਂ, ਇਹ ਸਿਰਫ਼ ਨਿਰਮਾਤਾਵਾਂ ਦੀ ਜ਼ਿੰਮੇਵਾਰੀ ਨਹੀਂ, ਸਗੋਂ ਦਰਸ਼ਕਾਂ ਦੀ ਵੀ ਜ਼ਿੰਮੇਵਾਰੀ ਹੈ। ਇਹ ਸਪੱਸ਼ਟ ਤੌਰ ’ਤੇ ਦਰਸ਼ਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਫ਼ੈਸਲਾ ਕਰਨ ਕਿ ਕੀ ਦੇਖਣਾ ਹੈ ਤੇ ਕੀ ਰੱਦ ਕਰਨਾ ਹੈ। ਉਨ੍ਹਾਂ ਦਾ ਸਿੱਧਾ ਨਿਸ਼ਾਨਾ ਉਨ੍ਹਾਂ ਫ਼ਿਲਮਾਂ ਵੱਲ ਸੀ, ਜਿਨ੍ਹਾਂ ’ਚ ਔਰਤਾਂ ਦੇ ਅਕਸ ਨੂੰ ਕਮਜ਼ੋਰ ਦਿਖਾਇਆ ਗਿਆ ਹੈ।

ਕਈ ਮਸ਼ਹੂਰ ਹਸਤੀਆਂ ਨੇ ਫ਼ਿਲਮ ’ਤੇ ਜਤਾਇਆ ਸੀ ਇਤਰਾਜ਼
ਜਾਵੇਦ ਅਖ਼ਤਰ ਤੋਂ ਪਹਿਲਾਂ ਗੀਤਕਾਰ ਤੇ ਲੇਖਕ ਸਵਾਨੰਦ ਕਿਰਕੀਰੇ ਨੇ ਵੀ ਫ਼ਿਲਮ ’ਚ ਔਰਤਾਂ ਦੇ ਗਲਤ ਚਿੱਤਰਣ ’ਤੇ ਇਤਰਾਜ਼ ਜਤਾਇਆ ਸੀ। ਉਨ੍ਹਾਂ ਕਿਹਾ ਸੀ ਕਿ ਫ਼ਿਲਮ ‘ਐਨੀਮਲ’ ਭਾਰਤੀ ਸਿਨੇਮਾ ਨੂੰ ਖ਼ਤਰਨਾਕ ਦਿਸ਼ਾ ਵੱਲ ਲਿਜਾ ਰਹੀ ਹੈ।

ਜਿਥੇ ਇਕ ਪਾਸੇ ਫ਼ਿਲਮ ਦੀ ਸਖ਼ਤ ਆਲੋਚਨਾ ਹੋ ਰਹੀ ਹੈ, ਉਥੇ ਹੀ ਦੂਜੇ ਪਾਸੇ ਫ਼ਿਲਮ ਦੇ ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ ਤੇ ਫ਼ਿਲਮ ਦੇ ਕਲਾਕਾਰ ਕਈ ਵਾਰ ਫ਼ਿਲਮ ਦਾ ਬਚਾਅ ਕਰਦੇ ਨਜ਼ਰ ਆ ਚੁੱਕੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh