ਸੈਂਸਰ ਬੋਰਡ ਨੇ ''72 Hoorain'' ਦੇ ਟਰੇਲਰ ਨੂੰ ਪ੍ਰਮਾਣਿਤ ਕਰਨ ਤੋਂ ਕੀਤਾ ਇਨਕਾਰ

06/28/2023 4:32:14 PM

ਮੁੰਬਈ (ਬਿਊਰੋ) : ਅੱਤਵਾਦ ਦੇ ਕਾਲੇ ਸੱਚ 'ਤੇ ਆਧਾਰਿਤ ਫ਼ਿਲਮ '72 Hoorain' ਟੀਜ਼ਰ ਨਾਲ ਚਰਚਾ 'ਚ ਬਣੀ ਹੋਈ ਹੈ। ਕੁਝ ਦਿਨ ਪਹਿਲਾਂ ਫ਼ਿਲਮ ਦਾ ਟਰੇਲਰ ਰਿਲੀਜ਼ ਹੋਣ ਦਾ ਐਲਾਨ ਕੀਤਾ ਗਿਆ ਸੀ ਕਿ ਇਹ 28 ਜੂਨ ਨੂੰ ਆ ਰਹੀ ਹੈ। ਹਾਲਾਂਕਿ, ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ ਨੇ '72 Hoorain' ਦੇ ਟਰੇਲਰ ਨੂੰ ਪ੍ਰਮਾਣਿਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਫਿਰ ਵੀ, ਨਿਰਮਾਤਾ ਪਿੱਛੇ ਨਹੀਂ ਹਟੇ ਅਤੇ ਬੁੱਧਵਾਰ ਨੂੰ ਟਰੇਲਰ ਨੂੰ ਡਿਜੀਟਲ ਰੂਪ 'ਚ ਜਾਰੀ ਕੀਤਾ। ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ ਨੇ ਇਸ ਫ਼ਿਲਮ ਨੂੰ ਪਾਸ ਕਰ ਦਿੱਤਾ ਹੈ। ਇਸ ਦੇ ਨਾਲ ਹੀ ਫ਼ਿਲਮ ਨੂੰ ਸਿਨੇਮਾਘਰਾਂ 'ਚ ਪ੍ਰਦਰਸ਼ਿਤ ਕਰਨ ਦੀ ਇਜਾਜ਼ਤ ਦਿੱਤੀ ਗਈ। ਜਦੋਂ ਟਰੇਲਰ ਦੀ ਗੱਲ ਆਈ ਤਾਂ ਸੈਂਸਰ ਬੋਰਡ ਨੇ ਇਸ ਨੂੰ ਇਤਰਾਜ਼ਯੋਗ ਦੱਸਦੇ ਹੋਏ ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ।

ਸੈਂਸਰ ਬੋਰਡ ਦੇ ਇਸ ਫੈਸਲੇ ਨੇ ਫ਼ਿਲਮ ਜਗਤ ਨੂੰ ਹੈਰਾਨ ਕਰ ਦਿੱਤਾ ਹੈ, ਜਿਸ ਤੋਂ ਬਾਅਦ ਰਚਨਾਤਮਕ ਆਜ਼ਾਦੀ ਅਤੇ ਸੈਂਸਰਸ਼ਿਪ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਹੈ। ਕਿਸੇ ਵੀ ਫ਼ਿਲਮ ਨੂੰ ਪਾਸ ਕਰਨ ਤੋਂ ਪਹਿਲਾਂ, ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ ਇਹ ਯਕੀਨੀ ਬਣਾਉਂਦਾ ਹੈ ਕਿ ਫ਼ਿਲਮ ਦਰਸ਼ਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਏ। ਸੈਂਸਰ ਬੋਰਡ ਨੇ ਇਸ ਲਈ ਕੁਝ ਦਿਸ਼ਾ-ਨਿਰਦੇਸ਼ ਤੈਅ ਕੀਤੇ ਹਨ, ਜਿਨ੍ਹਾਂ ਦਾ ਪਾਲਣ ਹਰ ਫ਼ਿਲਮ ਨੂੰ ਕਰਨਾ ਹੋਵੇਗਾ। ਇਸ ਫ਼ਿਲਮ ਨੂੰ ਲੈ ਕੇ ਸੈਂਸਰ ਬੋਰਡ ਦੇ ਇਸ ਰਵੱਈਏ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ, ਕਿਉਂਕਿ ਫ਼ਿਲਮ 'ਚ ਜੋ ਹੈ, ਉਹ ਟਰੇਲਰ 'ਚ ਵੀ ਹੈ।

ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਦੇ ਇਸ ਫੈਸਲੇ ਤੋਂ ਫ਼ਿਲਮ ਦੇ ਨਿਰਮਾਤਾ ਨਾਰਾਜ਼ ਹਨ। ਨਿਊਜ਼ ਏਜੰਸੀ ਏ. ਐਨ. ਆਈ. ਦੀ ਖ਼ਬਰ ਮੁਤਾਬਕ, ਉਨ੍ਹਾਂ ਨੇ ਇਸ ਪੂਰੇ ਮਾਮਲੇ ਨੂੰ ਉੱਚ ਅਧਿਕਾਰੀਆਂ ਤਕ ਪਹੁੰਚਾਉਣ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਇਸ ਮਾਮਲੇ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਕੋਲ ਲੈ ਕੇ ਜਾਣਗੇ ਅਤੇ ਸੀ. ਬੀ. ਐੱਫ. ਸੀ. ਦੇ ਉੱਚ ਅਧਿਕਾਰੀਆਂ ਨੂੰ ਪੁੱਛ-ਪੜਤਾਲ ਕਰਨ ਦੀ ਬੇਨਤੀ ਕਰਨਗੇ।

sunita

This news is Content Editor sunita