ਸਲਮਾਨ ਖ਼ਾਨ ਦੇ ਘਰੋਂ ਲਾਰੈਂਸ ਬਿਸ਼ਨੋਈ ਦੇ ਨਾਂ ’ਤੇ 2 ਵਾਰ ਬੁੱਕ ਕੀਤੀ ਕੈਬ, ਫੜਿਆ ਗਿਆ ਨੌਜਵਾਨ ਤਾਂ ਕਹਿੰਦਾ ਪ੍ਰੈਂਕ ਕੀਤਾ

04/20/2024 3:03:39 AM

ਮੁੰਬਈ (ਬਿਊਰੋ)– ਹਾਲ ਹੀ ’ਚ ਲਾਰੈਂਸ ਬਿਸ਼ਨੋਈ ਦੇ ਭਰਾ ਵਲੋਂ ਸਲਮਾਨ ਖ਼ਾਨ ਦੇ ਗਲੈਕਸੀ ਅਪਾਰਟਮੈਂਟ ’ਤੇ ਗੋਲੀਬਾਰੀ ਕੀਤੀ ਗਈ ਸੀ। ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਪਰ 19 ਅਪ੍ਰੈਲ ਨੂੰ ਇਕ ਅਜੀਬ ਘਟਨਾ ਸਾਹਮਣੇ ਆਈ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਕ ਨੌਜਵਾਨ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ ’ਤੇ ਸਲਮਾਨ ਦੇ ਘਰ ਤੋਂ ਕੈਬ ਬੁੱਕ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੋਸ਼ ’ਚ 20 ਸਾਲਾ ਲੜਕੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਮੁੰਬਈ ਪੁਲਸ ਮੁਤਾਬਕ ਦੋਸ਼ੀ ਦੀ ਪਛਾਣ ਰੋਹਿਤ ਤਿਆਗੀ ਵਜੋਂ ਹੋਈ ਹੈ। ਉਹ 20 ਸਾਲ ਦਾ ਹੈ ਤੇ ਗਾਜ਼ੀਆਬਾਦ, ਯੂ. ਪੀ. ਦਾ ਰਹਿਣ ਵਾਲਾ ਹੈ। ਪੁਲਸ ਨੇ ਦੱਸਿਆ ਕਿ ਜਿਸ ਨੌਜਵਾਨ ਨੇ ਸਲਮਾਨ ਖ਼ਾਨ ਦੇ ਘਰ ਤੋਂ ਬਾਂਦਰਾ ਪੁਲਸ ਸਟੇਸ਼ਨ ਤੱਕ ਲਾਰੈਂਸ ਬਿਸ਼ਨੋਈ ਦੇ ਨਾਂ ’ਤੇ 2 ਵਾਰ ਕੈਬ ਬੁੱਕ ਕਰਵਾਈ ਸੀ ਤੇ ਫਿਰ ਉਸ ਨੂੰ ਰੱਦ ਕਰ ਦਿੱਤਾ ਸੀ, ਉਸ ਨੂੰ ਮੁੰਬਈ ਪੁਲਸ ਨੇ ਕਵੀਨਗਰ ਥਾਣਾ ਖ਼ੇਤਰ ਦੇ ਗੋਵਿੰਦਪੁਰਮ ਤੋਂ ਫੜਿਆ ਹੈ। ਰੋਹਿਤ ਤਿਆਗੀ ਨੇ ਹਮਲੇ ਵਾਲੇ ਦਿਨ ਕੈਬ ਬੁੱਕ ਕੀਤੀ ਸੀ। ਮੁਲਜ਼ਮ ਬੀ. ਬੀ. ਏ. ਫਾਈਨਲ ਈਅਰ ਦਾ ਵਿਦਿਆਰਥੀ ਹੈ ਤੇ ਆਪਣੇ ਆਪ ਨੂੰ ਸਲਮਾਨ ਦਾ ਵੱਡਾ ਫੈਨ ਦੱਸ ਰਿਹਾ ਹੈ। ਉਸ ਨੇ ਕਿਹਾ ਕਿ ਇਸ ਖ਼ਬਰ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਲਾਰੈਂਸ ਦੇ ਨਾਂ ’ਤੇ ਕੈਬ ਬੁੱਕ ਕਰਵਾ ਕੇ ਪ੍ਰੈਂਕ ਖੇਡਿਆ ਸੀ।

ਇਹ ਖ਼ਬਰ ਵੀ ਪੜ੍ਹੋ : ਜਬਰ-ਜ਼ਿਨਾਹ ਕਰ ਜ਼ਖ਼ਮਾਂ ’ਤੇ ਲਾਈਆਂ ਮਿਰਚਾਂ, ਫੇਵੀਕੁਇੱਕ ਨਾਲ ਜੋੜ ਦਿੱਤੇ ਬੁੱਲ੍ਹ, ਲੜਕੀ ਨੇ ਸੁਣਾਈ ਮੁੰਡੇ ਦੀ ਹੈਵਾਨੀਅਤ

ਮਜ਼ਾਕ ਕਰਨਾ ਨੌਜਵਾਨ ਨੂੰ ਮਹਿੰਗਾ ਪਿਆ
ਪੁਲਸ ਨੇ ਦੱਸਿਆ ਕਿ ਜਦੋਂ ਕੈਬ ਡਰਾਈਵਰ ਸਲਮਾਨ ਦੇ ਘਰ ਗਲੈਕਸੀ ਅਪਾਰਟਮੈਂਟ ਪਹੁੰਚਿਆ ਤੇ ਉਥੇ ਮੌਜੂਦ ਚੌਕੀਦਾਰ ਨੂੰ ਬੁਕਿੰਗ ਬਾਰੇ ਪੁੱਛਿਆ ਤਾਂ ਚੌਕੀਦਾਰ ਪਹਿਲਾਂ ਤਾਂ ਹੈਰਾਨ ਰਹਿ ਗਿਆ ਪਰ ਉਸ ਨੇ ਤੁਰੰਤ ਨੇੜੇ ਦੇ ਬਾਂਦਰਾ ਪੁਲਸ ਸਟੇਸ਼ਨ ਨੂੰ ਬੁਕਿੰਗ ਬਾਰੇ ਸੂਚਨਾ ਦਿੱਤੀ। ਇਸ ’ਤੇ ਕਾਰਵਾਈ ਕਰਦਿਆਂ ਮੁੰਬਈ ਦੀ ਬਾਂਦਰਾ ਪੁਲਸ ਨੇ ਕੈਬ ਡਰਾਈਵਰ ਤੋਂ ਪੁੱਛਗਿੱਛ ਕੀਤੀ ਤੇ ਆਨਲਾਈਨ ਕੈਬ ਬੁੱਕ ਕਰਨ ਵਾਲੇ ਵਿਅਕਤੀ ਬਾਰੇ ਜਾਣਕਾਰੀ ਹਾਸਲ ਕੀਤੀ।

ਨੌਜਵਾਨ 2 ਦਿਨਾਂ ਲਈ ਪੁਲਸ ਹਿਰਾਸਤ ’ਚ
ਪੁਲਸ ਨੇ ਕਿਹਾ ਕਿ ਕੈਬ ਬੁੱਕ ਕਰਨ ਵਾਲਾ ਵਿਅਕਤੀ ਗਾਜ਼ੀਆਬਾਦ ਦਾ ਰਹਿਣ ਵਾਲਾ ਵਿਦਿਆਰਥੀ ਨਿਕਲਿਆ, ਜਿਸ ਦੀ ਪਛਾਣ ਰੋਹਿਤ ਤਿਆਗੀ ਵਜੋਂ ਹੋਈ ਹੈ। ਪੁਲਸ ਨੇ ਅੱਗੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀਆਂ ਨੇ ਮਜ਼ਾਕ ਦੇ ਤੌਰ ’ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਮ ’ਤੇ ਕੈਬ ਬੁੱਕ ਕਰਵਾਈ ਸੀ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਬਾਅਦ ਉਸ ਨੂੰ ਮੁੰਬਈ ਲਿਆਂਦਾ ਗਿਆ ਤੇ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਉਸ ਨੂੰ 2 ਦਿਨਾਂ ਲਈ ਬਾਂਦਰਾ ਪੁਲਸ ਦੀ ਹਿਰਾਸਤ ’ਚ ਭੇਜ ਦਿੱਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh