ਹਾਸਿਆਂ ਦੇ ਬਾਦਸ਼ਾਹ ਜਗਦੀਪ, ਪਤੰਗ ਬਣਾਉਣ ਤੇ ਸਾਬਣ ਵੇਚਣ ਤੋਂ ਅਦਾਕਾਰੀ ਤੱਕ ਦਾ ਸਫ਼ਰ

07/10/2020 2:28:28 PM

ਜਲੰਧਰ (ਵੈੱਬ) — ਬਾਲੀਵੁੱਡ ਫ਼ਿਲਮ 'ਸ਼ੋਅਲੇ' 'ਚ ਜਗਦੀਪ ਵੱਲੋਂ ਨਿਭਾਏ 'ਸੂਰਮਾ ਭੋਪਾਲੀ' ਦੇ ਕਿਰਦਾਰ ਨੇ ਉਨ੍ਹਾਂ ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾ ਦਿੱਤਾ। ਕਿਸੇ ਸ਼ਖ਼ਸ ਦੇ ਚਿਹਰੇ 'ਤੇ ਮੁਸਕਾਨ ਲਿਆਉਣਾ ਬੇਹੱਦ ਔਖ਼ਾ ਕੰਮ ਹੈ। ਇਸੇ ਲਈ ਹਸਾਉਣਾ ਇਕ ਵੱਡੀ ਕਲਾ ਮੰਨੀ ਗਈ ਹੈ। ਆਪਣੀ ਇਸੇ ਕਲਾ ਸਦਕਾ ਕਾਮੇਡੀਅਨ ਜਗਦੀਪ ਨੇ 5 ਦਹਾਕੇ ਤੋਂ ਜ਼ਿਆਦਾ ਸਮਾਂ ਸਿਨੇਮਾ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕੀਤਾ। ਇਰਫ਼ਾਨ ਖ਼ਾਨ, ਰਿਸ਼ੀ ਕਪੂਰ, ਸੁਸ਼ਾਂਤ ਸਿੰਘ ਰਾਜਪੂਤ, ਸਰੋਜ ਖ਼ਾਨ ਵਰਗੇ ਸਿਤਾਰਿਆਂ ਵਾਂਗ ਇਹ ਹਰਫ਼ਨ- ਮੌਲਾ ਕਾਮੇਡੀਅਨ ਵੀ 8 ਜੁਲਾਈ ਨੂੰ ਦੇਰ ਰਾਤ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਿਆ। ਬੇਸ਼ੱਕ ਉਨ੍ਹਾਂ ਦਾ ਅਸਲ ਨਾਂ ਸੱਯਦ ਇਸ਼ਤਿਆਕ ਅਹਿਮਦ ਜਾਫ਼ਰੀ ਸੀ, ਜੋ ਫ਼ਿਲਮਾਂ 'ਚ ਆ ਕੇ ਜਗਦੀਪ ਹੋ ਗਿਆ ਸੀ ਪਰ ਉਨ੍ਹਾਂ ਨੂੰ ਫ਼ਿਲਮ 'ਸ਼ੋਅਲੇ' 'ਚ ਨਿਭਾਏ 'ਸੂਰਮਾ ਭੋਪਾਲੀ' ਦੇ ਕਿਰਦਾਰ ਤੋਂ ਬਾਅਦ ਇਸੇ ਨਾਂ ਨਾਲ ਜ਼ਿਆਦਾ ਬੁਲਾਇਆ ਜਾਣ ਲੱਗਾ ਸੀ। ਜਗਦੀਪ ਨੇ 400 ਤੋਂ ਵੱਧ ਫਿਲਮਾਂ 'ਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਇਸੇ ਲਈ ਸਾਲ 2019 'ਚ ਉਸ ਨੂੰ 'ਆਈਫਾ ਲਾਈਫ ਟਾਈਮ ਅਚੀਵਮੈਂਟ' ਐਵਾਰਡ ਵੀ ਹਾਸਲ ਹੋਇਆ।

ਪਤੰਗ ਬਣਾਉਣ ਤੇ ਸਾਬਣ ਵੇਚਣ ਤੋਂ ਅਦਾਕਾਰੀ ਤਕ
ਜਗਦੀਪ ਦਾ ਜਨਮ 29 ਮਾਰਚ 1939 ਨੂੰ ਅਜਿਹੇ ਪਰਿਵਾਰ 'ਚ ਹੋਇਆ ਜਿਸ ਦੀ ਫ਼ਿਲਮੀ ਪਰਦੇ ਨਾਲ ਕੋਈ ਵਾਸਤਾ ਨਹੀਂ ਸੀ। ਅਸਲ 'ਚ ਜਗਦੀਪ ਆਪਣੇ ਪਰਿਵਾਰ ਨਾਲ ਨਿੱਕੀ ਉਮਰੇ ਹੀ ਮੁੰਬਈ ਆ ਗਏ ਸਨ। ਫਿਰ 6-7 ਸਾਲ ਦੀ ਉਮਰ 'ਚ ਹੀ ਉਨ੍ਹਾਂ ਦੇ ਸਿਰ ਤੋਂ ਪਿਤਾ ਦਾ ਹੱਥ ਹਮੇਸ਼ਾ ਲਈ ਉੱਠ ਗਿਆ। ਛੋਟੇ ਹੁੰਦਿਆਂ ਹੀ ਹੋਰਨਾਂ ਬੱਚਿਆਂ ਨੂੰ ਕੰਮਕਾਰ ਕਰਦੇ ਵੇਖ ਇੱਕ ਦਿਨ ਉਨ੍ਹਾਂ ਦੇ ਮਨ 'ਚ ਵੀ ਵਿਚਾਰ ਆਇਆ ਕਿ ਉਨ੍ਹਾਂ ਨੂੰ ਵੀ ਕੋਈ ਕੰਮਕਾਰ ਕਰਕੇ ਪੈਸੇ ਕਮਾ ਕੇ ਘਰ ਦੇ ਗੁਜ਼ਾਰੇ ਲਈ ਆਪਣੀ ਮਾਂ ਦਾ ਸਾਥ ਦੇਣਾ ਚਾਹੀਦਾ ਹੈ। ਇਸ ਦੇ ਚੱਲਦਿਆਂ ਉਨ੍ਹਾਂ ਨੇ ਮਾਂ ਨਾਲ ਪੜ੍ਹਾਈ ਛੱਡਣ ਦੀ ਗੱਲ ਕੀਤੀ। ਮਾਂ ਨੇ ਪੜ੍ਹਾਈ ਨਾ ਛੱਡਣ ਲਈ ਕਾਫ਼ੀ ਸਮਝਾਇਆ ਪਰ ਉਹ ਨਾ ਮੰਨੇ। ਫ਼ਿਰ ਜਗਦੀਪ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਪਤੰਗ ਬਣਾਉਣ ਤੇ ਸਾਬਣ ਵੇਚਣ ਦਾ। ਜਿਹੜੀ ਜਗ੍ਹਾ ਉਹ ਪਤੰਗ ਬਣਾਉਂਦੇ ਸਨ ਇੱਕ ਦਿਨ ਉੱਥੇ ਇਕ ਸ਼ਖ਼ਸ ਆਇਆ ਜੋ ਫ਼ਿਲਮ 'ਚ ਕਿਸੇ ਖ਼ਾਸ ਦ੍ਰਿਸ਼ ਨੂੰ ਫਿਲਮਾਉਣ ਲਈ ਕੁਝ ਬੱਚੇ ਲੱਭ ਰਿਹਾ ਸੀ। ਜਦੋਂ ਉਨ੍ਹਾਂ ਨੇ ਜਗਦੀਪ ਤੋਂ ਪੁੱਛਿਆ ਕਿ ਕੀ ਉਹ ਫ਼ਿਲਮਾਂ 'ਚ ਕੰਮ ਕਰੇਗਾ ਤਾਂ ਉਨ੍ਹਾਂ ਨੇ ਅੱਗੋਂ ਪੁੱਛਿਆ ਕਿ ਉਹ ਕੀ ਹੁੰਦਾ ਹੈ ਕਿਉਂਕਿ ਉਨ੍ਹਾਂ ਨੇ ਕਦੇ ਫ਼ਿਲਮ ਵੇਖੀ ਹੀ ਨਹੀਂ ਸੀ। ਸ਼ਖ਼ਸ ਨੇ ਦੱਸਿਆ ਅਭਿਨੈ ਕਰਨਾ ਹੋਵੇਗਾ ਜਿਸ ਦੇ ਬਦਲੇ ਤਿੰਨ ਸੌ ਰੁਪਏ ਮਿਲਣਗੇ। ਤਿੰਨ ਸੌ ਰੁਪਏ ਸੁਣਦਿਆਂ ਹੀ ਜਗਦੀਪ ਤਿਆਰ ਹੋ ਗਿਆ ਤੇ ਆਪਣੀ ਮਾਂ ਨਾਲ ਸਟੂਡੀਓ ਜਾ ਪਹੁੰਚੇ। ਇੱਕ ਦ੍ਰਿਸ਼ 'ਚ ਉਨ੍ਹਾਂ ਨੇ ਬਾਕੀ ਦੇ ਬੱਚਿਆਂ ਨਾਲ ਬੈਠਣਾ ਸੀ, ਜੋ ਨਾਟਕ ਦੇਖ ਰਹੇ ਸਨ। ਇਸ ਨਾਲ ਹੀ ਇੱਕ ਉਰਦੂ ਦਾ ਡਾਇਲਾਗ ਵੀ ਬੋਲਣਾ ਸੀ, ਜੋ ਉੱਥੇ ਮੌਜੂਦ ਕਿਸੇ ਬੱਚੇ ਕੋਲੋਂ ਵੀ ਨਹੀਂ ਸੀ ਬੋਲਿਆ ਜਾ ਰਿਹਾ।

ਫਿਰ ਜਦੋਂ ਜਗਦੀਪ ਨੇ ਨਾਲ ਬੈਠੇ ਬੱਚਿਆਂ ਨੂੰ ਕਿਹਾ ਕਿ ਉਹ ਇਹ ਡਾਇਲਾਗ ਚੰਗੀ ਤਰ੍ਹਾਂ ਬੋਲ ਸਕਦਾ ਹੈ। ਇਹ ਸੁਣ ਜਦੋਂ ਡਾਇਰੈਕਟਰ ਨੇ ਉਨ੍ਹਾਂ ਨੂੰ ਇਹ ਡਾਇਲਾਗ ਬੋਲਣ ਲਈ ਕਿਹਾ ਤਾਂ ਉਨ੍ਹਾਂ ਨੇ ਉਹ ਡਾਇਲਾਗ ਇਸ ਅੰਦਾਜ਼ ਨਾਲ ਬੋਲਿਆ ਕਿ ਡਾਇਰੈਕਟਰ ਨੇ ਖ਼ੁਸ਼ ਹੋ ਕੇ ਉਨ੍ਹਾਂ ਦੀ ਫ਼ੀਸ ਦੁੱਗਣੀ ਕਰ ਦਿੱਤੀ। ਇਹ ਫ਼ਿਲਮ 'ਅਫ਼ਸਾਨਾ' ਸੀ, ਜਿਸ ਨੂੰ ਫਿਲਮਸਾਜ਼ ਬੀਆਰ ਚੋਪੜਾ ਨੇ ਬਣਾਇਆ ਹੈ। ਇਸ ਤਰ੍ਹਾਂ ਜਗਦੀਪ ਦੀ ਫ਼ਿਲਮਾਂ 'ਚ ਸ਼ਾਨਦਾਰ ਐਂਟਰੀ ਹੋਈ।

'ਸੂਰਮਾ ਭੋਪਾਲੀ' ਦੇ ਕਿਰਦਾਰ ਨਾਲ ਖੱਟੀ ਪ੍ਰਸਿੱਧੀ
ਰਮੇਸ਼ ਸਿੱਪੀ ਤੇ ਜੀਪੀ ਸਿੱਪੀ ਦੀ ਬਲਾਕਬਸਟਰ ਫਿਲਮ 'ਸ਼ੋਅਲੇ' (1975) 'ਚ ਜਗਦੀਪ ਵੱਲੋਂ ਨਿਭਾਇਆ ਸੂਰਮਾ ਭੋਪਾਲੀ ਦਾ ਕਿਰਦਾਰ ਜ਼ਿਕਰ ਕੀਤੇ ਬਿਨਾਂ ਉਨ੍ਹਾਂ ਦਾ ਸਫ਼ਰ ਅਧੂਰਾ ਮੰਨਿਆ ਜਾਵੇਗਾ। ਇਸ ਕਿਰਦਾਰ ਨੇ ਤਾਂ ਉਨ੍ਹਾਂ ਨੂੰ ਇੰਨੀ ਪ੍ਰਸਿੱਧੀ ਦਿੱਤੀ ਸੀ ਕਿ ਹਰ ਕੋਈ ਉਨ੍ਹਾਂ ਨੂੰ ਇਸੇ ਨਾਂ ਤੋਂ ਜਾਣਨ ਲੱਗਾ ਸੀ। 'ਮੇਰਾ ਨਾਮ ਵੀ ਸੂਰਮਾ ਭੋਪਾਲੀ ...' ਇਹ ਤਕੀਆ ਕਲਾਮ ਉਨ੍ਹਾਂ ਦੇ ਮੂੰਹੋਂ ਖ਼ੂਬ ਫੱਬਿਆ ਸੀ। ਦਿਲਚਸਪ ਗੱਲ ਇਹ ਹੈ ਕਿ ਇਸੇ ਕਿਰਦਾਰ ਦੇ ਨਾਂ 'ਤੇ 1988 'ਚ ਉਨ੍ਹਾਂ ਨੇ ਫ਼ਿਲਮ 'ਸੂਰਮਾ ਭੋਪਾਲੀ' ਵੀ ਬਣਾ ਦਿੱਤੀ ਸੀ, ਜੋ ਅਸਫ਼ਲ ਰਹੀ ਸੀ। ਇਸ ਫ਼ਿਲਮ ਦਾ ਨਿਰਦੇਸ਼ਨ ਵੀ ਉਨ੍ਹਾਂ ਨੇ ਖ਼ੁਦ ਹੀ ਕੀਤਾ ਸੀ।

ਇਕ ਇੰਟਰਵਿਊ 'ਚ ਜਗਦੀਪ ਨੇ ਦੱਸਿਆ ਉਨ੍ਹਾਂ ਨੇ ਸਲੀਮ ਖ਼ਾਨ ਅਤੇ ਜਾਵੇਦ ਅਖ਼ਤਰ ਦੀ ਫ਼ਿਲਮ 'ਸਰਹੱਦੀ ਲੁਟੇਰਾ' 'ਚ ਕੰਮ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਕਾਮੇਡੀ ਕਿਰਦਾਰ ਨਿਭਾਇਆ ਸੀ। ਫ਼ਿਲਮ ਦੇ ਡਾਇਲਾਗ ਕਾਫ਼ੀ ਲੰਬੇ ਤੇ ਵੱਖਰੇ ਲਹਿਜੇ ਵਾਲੇ ਸਨ। ਉਨ੍ਹਾਂ ਨੇ ਫ਼ਿਲਮ ਦੇ ਨਿਰਦੇਸ਼ਕ ਐੱਸ. ਐੱਮ. ਸਾਗਰ ਨੂੰ ਕਿਹਾ ਕਿ ਡਾਇਲਾਗ ਬਹੁਤ ਲੰਬੇ ਹਨ। ਅੱਗੋਂ ਉਨ੍ਹਾਂ ਨੇ ਜਗਦੀਪ ਨੂੰ ਲੇਖਕਾਂ ਨਾਲ ਗੱਲ ਕਰਨ ਨੂੰ ਕਿਹਾ। ਜਗਦੀਪ ਨੇ ਸਲੀਮ ਨੂੰ ਕਿਹਾ ਕਿ ਉਨ੍ਹਾਂ ਨੇ ਕਦੇ ਇਸ ਲਹਿਜੇ 'ਚ ਗੱਲਬਾਤ ਨਹੀਂ ਕੀਤੀ ਨਾ ਹੀ ਸੁਣੀ ਹੈ। ਇਸ 'ਤੇ ਸਲੀਮ ਨੇ ਕਿਹਾ ਕਿ ਇਹ ਭੋਪਾਲ ਦੀਆਂ ਔਰਤਾਂ ਦਾ ਗੱਲ ਕਰਨ ਦਾ ਖ਼ਾਸ ਲਹਿਜਾ ਹੈ। ਉਹ ਇਸੇ ਤਰ੍ਹਾਂ ਗੱਲ-ਬਾਤ ਕਰਦੀਆਂ ਹਨ। ਜਗਦੀਪ ਨੇ ਕਿਹਾ ਮੈਨੂੰ ਵੀ ਇਸ ਲਹਿਜੇ 'ਚ ਬੋਲਣਾ ਸਿਖਾਓ। ਜਗਦੀਪ ਦੇ ਬੇਟੇ ਜਾਵੇਦ ਜਾਫ਼ਰੀ ਅਤੇ ਨਾਵੇਦ ਜਾਫ਼ਰੀ ਵੀ ਅੱਜ ਮਨੋਰੰਜਨ ਦੀ ਦੁਨੀਆ 'ਚ ਖ਼ੂਬ ਨਾਂ ਕਮਾ ਰਹੇ ਹਨ।

ਇਹ ਹਨ ਯਾਦਗਾਰ ਫਿਲਮਾਂ
ਭਾਵੇਂ ਜਗਦੀਪ ਨੇ ਫ਼ਿਲਮੀ ਕਰੀਅਰ ਦੌਰਾਨ ਸੈਂਕੜੇ ਫ਼ਿਲਮਾਂ ਕੀਤੀਆਂ ਪਰ ਉਨ੍ਹਾਂ ਦੇ ਕੁਝ ਯਾਦਗਾਰੀ ਕਿਰਦਾਰਾਂ ਵਾਲੀਆਂ ਫ਼ਿਲਮਾਂ ਦਾ ਜ਼ਿਕਰ ਕਰਨਾ ਜ਼ਰੂਰ ਬਣਦਾ ਹੈ। ਫਿਲਮਸਾਜ਼ ਬਿਮਲ ਰਾਏ ਦੀ ਸ਼ਾਹਕਾਰ ਫ਼ਿਲਮ 'ਦੋ ਬੀਘਾ ਜ਼ਮੀਨ' (1953) 'ਚ ਜਗਦੀਪ ਨੇ ਜਿੱਥੇ ਬਤੌਰ ਸਹਾਇਕ ਅਦਾਕਾਰ ਕਰੀਅਰ ਦਾ ਆਗ਼ਾਜ਼ ਕੀਤਾ, ਉੱਥੇ ਅਦਾਕਾਰੀ ਦਾ ਵੀ ਚੰਗਾ ਲੋਹਾ ਮਨਵਾਇਆ। ਇਸੇ ਤਰ੍ਹਾਂ ਸ਼ੰਮੀ ਕਪੂਰ ਦੀ ਫਿਲਮ 'ਬ੍ਰਹਮਚਾਰੀ' ਤੋਂ ਉਨ੍ਹਾਂ ਨੇ ਬਤੌਰ ਕਾਮੇਡੀਅਨ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ। ਇਸ ਫ਼ਿਲਮ ਵਿਚਲੇ ਕਿਰਦਾਰ ਨੇ ਹੀ ਉਨ੍ਹਾਂ ਨੂੰ ਬਾਲੀਵੁੱਡ 'ਚ ਸਾਥਪਤ ਕੀਤਾ ਸੀ। ਗੁਰੂਦੱਤ ਦੀ ਫਿਲਮ 'ਆਰਪਾਰ' 'ਚ ਵੀ ਉਸ ਨੇ ਸ਼ਾਨਦਾਰ ਕਿਰਦਾਰ ਨਿਭਾਇਆ।

'ਹਮ ਪੰਛੀ ਏਕ ਡਾਲ ਕੇ', 'ਭਾਬੀ', 'ਬਰਖ਼ਾ' ਵਰਗੀਆਂ ਫਿਲਮਾਂ 'ਚ ਉਨ੍ਹਾਂ ਬਤੌਰ ਹੀਰੋ ਵੀ ਸ਼ਾਨਦਾਰ ਭੂਮਿਕਾਵਾਂ ਨਿਭਾਈਆਂ। ਉਨ੍ਹਾਂ ਨੇ ਕੁਝ ਹਾਰਰ ਫਿਲਮਾਂ ਜਿਵੇਂ 'ਪੁਰਾਣਾ ਮੰਦਿਰ' ਤੇ 'ਸਾਮਰੀ' 'ਚ ਵੀ ਕੰਮ ਕੀਤਾ। ਸਾਲ 2017 'ਚ ਆਈ ਫ਼ਿਲਮ 'ਮਸਤੀ ਨਹੀਂ ਸਸਤੀ' 'ਚ ਵੀ ਉਨ੍ਹਾਂ ਨੇ ਆਪਣੇ ਕਿਰਦਾਰ ਦੀ ਵੱਖਰੀ ਛਾਪ ਛੱਡੀ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਰਲਾਲ ਨਹਿਰੂ ਨੇ ਵੀ ਜਗਦੀਪ ਦੀ ਅਦਾਕਾਰੀ ਤੋਂ ਪ੍ਰਭਾਵਿਤ ਹੋ ਕੇ ਉਸ ਦੀ ਖ਼ੂਬ ਤਾਰੀਫ਼ ਕੀਤੀ ਸੀ।

sunita

This news is Content Editor sunita