ਕਿਸਾਨੀ ਘੋਲ: ਬਾਲੀਵੁੱਡ ਅਦਾਕਾਰ ਨੇ ਕੀਤਾ ਟਵੀਟ, ਕਿਹਾ-100 ਤੋਂ ਵੱਧ ਕਿਸਾਨ ਹੋ ਚੁੱਕੇ ਨੇ ਸ਼ਹੀਦ ਪਰ...

01/28/2021 2:31:42 PM

ਚੰਡੀਗੜ੍ਹ (ਬਿਊਰੋ) : ਗਣਤੰਤਰ ਦਿਵਸ ਮੌਕੇ ਕਿਸਾਨ ਸੰਗਠਨਾਂ ਦੀ ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਦੇ ਹੱਕ ਵਿਚ ਹਜ਼ਾਰਾਂ ਕਿਸਾਨਾਂ ਨੇ ‘ਟਰੈਕਟਰ ਪਰੇਡ’ ਕੀਤੀ ਪਰ ਕੁਝ ਹੀ ਦੇਰ ’ਚ ਦਿੱਲੀ ਦੀਆਂ ਸੜਕਾਂ 'ਤੇ ਅਰਾਜਕਤਾ ਫੈਲ ਗਈ। ਕਈ ਥਾਵਾਂ 'ਤੇ ਪ੍ਰਦਰਸ਼ਨਕਾਰੀਆਂ ਦੀਆਂ ਪੁਲਸ ਨਾਲ ਝੜਪਾਂ ਹੋਈਆਂ, ਵਾਹਨਾਂ ਦੀ ਤੋੜ-ਭੰਨ ਕੀਤੀ ਗਈ ਤੇ ਲਾਲ ਕਿਲ੍ਹੇ 'ਤੇ ਝੰਡਾ ਵੀ ਲਹਿਰਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਪੁਲਸ ਨੇ ਕਿਸਾਨਾਂ ਦੀ ‘ਟਰੈਕਟਰ ਪਰੇਡ’ ਦੌਰਾਨ ਹੋਈ ਹਿੰਸਾ ਦੇ ਸਬੰਧ 'ਚ ਹੁਣ ਤੱਕ 22 ਐਫ਼. ਆਈ. ਆਰ. ਦਰਜ ਹੋ ਚੁੱਕੀਆਂ ਹਨ। ਹਿੰਸਾ ’ਚ ਹੁਣ ਤੱਕ 300 ਤੋਂ ਵੱਧ ਪੁਲਸ ਕਰਮਚਾਰੀ ਵੀ ਜ਼ਖ਼ਮੀ ਹੋਏ ਹਨ। ਇਸ ਖ਼ਬਰ ਤੋਂ ਸਮੁੱਚੇ ਦੇਸ਼ ਤੋਂ ਪ੍ਰਤੀਕਰਮ ਆ ਰਹੇ ਹਨ। ਹੁਣ ਬਾਲੀਵੁੱਡ ਦੇ ਅਦਾਕਾਰ ਸੁਸ਼ਾਂਤ ਸਿੰਘ ਨੇ ਟਵੀਟ ਕੀਤਾ ਹੈ। ਸੁਸ਼ਾਂਤ ਸਿੰਘ ਨੇ ਇਕ ਯੂਜ਼ਰ ਦੇ ਟਵੀਟ 'ਤੇ ਰੀਐਕਸ਼ਨ ਦਿੰਦਿਆਂ ਲਿਖਿਆ ਹੈ ਕਿ 'ਹੁਣ ਤੱਕ 100 ਤੋਂ ਵੱਧ ਕਿਸਾਨ ਸ਼ਹੀਦ ਹੋਏ ਹਨ। ਸੁਸ਼ਾਂਤ ਸਿੰਘ ਨੇ ਵਿਅੰਗਾਤਮਕ ਸੁਰ ’ਚ ਅੱਗੇ ਲਿਖਿਆ ਹੈ ਕਿ ਕੁਝ ਕਾਨੂੰਨ ਆਏ ਕੁਦਰਤੀ ਤੌਰ 'ਤੇ ਤੇ ਉਨ੍ਹਾਂ ਕਾਰਨ ਕੁਝ ਕੁਦਰਤੀ ਮੌਤਾਂ ਹੋ ਗਈਆਂ। ਇਸ ਨੂੰ ਹਿੰਸਾ ਨਹੀਂ ਕਹਿੰਦੇ। ਕਿਸ ਨੇ ਕਿਹਾ ਕਿ ਲੜੋ ਤੇ ਮਰੋ, ਜਿਊਂਦੇ ਰਹਿਣ ਲਈ?’ ਇੰਝ ਫ਼ਿਲਮ ਅਦਾਕਾਰ ਸੁਸ਼ਾਂਤ ਸਿੰਘ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਦੇ ਇਸ ਟਵੀਟ 'ਤੇ ਵੀ ਕਈ ਰੀਐਕਸ਼ਨ ਆ ਰਹੇ ਹਨ।

ਗਣਤੰਤਰ ਦਿਵਸ ਮੌਕੇ ਵਾਪਰੀ ਹਿੰਸਾ ਬਾਰੇ ਬੁੱਧਵਾਰ ਨੂੰ ਸੁਪਰੀਮ ਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ ਗਈ, ਜਿਸ 'ਚ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ 'ਟਰੈਕਟਰ ਪਰੇਡ' 'ਚ ਵਾਪਰੀ ਹਿੰਸਾ ਦੀ ਜਾਂਚ ਲਈ ਕਮਿਸ਼ਨ ਦੇ ਗਠਨ ਦੀ ਬੇਨਤੀ ਕੀਤੀ ਗਈ ਹੈ। ਪਟੀਸ਼ਨ 'ਚ ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

ਦੱਸ ਦੇਈਏ ਕਿ ਪਿਛਲੇ 2 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ’ਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸ਼ਾਂਤਮਈ ਅੰਦੋਲਨ ਕਰ ਰਹੇ ਹਨ। ਇਸ ਅੰਦੋਲਨ ਨੂੰ ਲੈ ਕੇ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਖ਼ਾਸ ਮੌਕੇ ’ਤੇ ਦਿੱਲੀ ’ਚ ‘ਟਰੈਕਟਰ ਮਾਰਚ’ ਕੱਢਿਆ ਗਿਆ ਸੀ ਅਤੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਦੌਰਾਨ ਵੱਖ-ਵੱਖ ਸੂਬਿਆਂ ਤੋਂ ਲੋਕ ਆਪਣੇ ਟਰੈਕਟਰ ਲੈ ਕੇ ‘ਟਰੈਕਟਰ ਮਾਰਚ’ ਦਾ ਹਿੱਸਾ ਬਣੇ। ਇਸ ਦੌਰਾਨ ਹਿੰਸਕ ਝੜਪ ਵੀ ਹੋਈ, ਜਿਸ ’ਤੇ ਕਾਫ਼ੀ ਵੱਡਾ ਵਿਵਾਦ ਵੇਖਣ ਨੂੰ ਮਿਲ ਰਿਹਾ ਹੈ। ਇਸ ਹਿੰਸਕ ਝੜਪ ਨੂੰ ਵੇਖ ਕੇ ਕਿਸਾਨ ਜੱਥੇਬੰਦੀਆਂ ਦੇ ਨਾਲ-ਨਾਲ ਆਮ ਲੋਕਾਂ ’ਚ ਵੀ ਨਿਰਾਸ਼ਾ ਪਾਈ ਜਾ ਰਹੀ ਹੈ।

ਦੱਸਣਯੋਗ ਹੈ ਕਿ ਕਿਸਾਨ ਜੱਥੇਬੰਦੀਆਂ ਨੇ ਦਿੱਲੀ 'ਚ ਕਿਸਾਨਾਂ ਦੇ 'ਟਰੈਕਟਰ ਮਾਰਚ' ਦੌਰਾਨ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦਾ ਦੋਸ਼ ਦੀਪ ਸਿੱਧੂ ‘ਤੇ ਲਗਾਇਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦਾ ਲਾਲ ਕਿਲ੍ਹੇ ‘ਤੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ। ਦੀਪ ਸਿੱਧੂ ਨੇ ਕਿਸਾਨਾਂ ਨੂੰ ਭੜਕਾਇਆ ਅਤੇ ਆਊਟਰ ਰਿੰਗ ਰੋਡ ਤੋਂ ਲਾਲ ਕਿਲ੍ਹੇ ਤੱਕ ਲੈ ਗਏ। ਇਸ ਕੇਸ 'ਚ ਦਰਜ ਐਫ. ਆਈ. ਆਰ. 'ਚ ਸਿੱਧੂ ਦਾ ਨਾਮ ਵੀ ਸ਼ਾਮਲ ਹੈ। 

ਨੋਟ — ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ।
 

sunita

This news is Content Editor sunita