B''DAY SPL : ਅਮਰਿੰਦਰ ਨੇ ਆਪਣੀ ਬੇਮਿਸਾਲ ਗਾਇਕੀ ਅਤੇ ਸ਼ਾਨਦਾਰ ਅਭਿਨੈ ਨਾਲ ਬਣਾਈ ਦਰਸ਼ਕਾਂ ਦੇ ਦਿਲਾਂ ''ਚ ਖਾਸ ਪਛਾਣ

05/11/2016 4:10:25 PM

ਜਲੰਧਰ : ਪਾਲੀਵੁੱਡ ਸੁਪਰਸਟਾਰ ਅਤੇ ਬੇਮਿਸਾਲ ਆਵਾਜ਼ ਦੇ ਮਾਲਕ ਅਮਰਿੰਦਰ ਗਿੱਲ ਦਾ ਅੱਜ ਜਨਮਦਿਨ ਹੈ। 40 ਸਾਲਾ ਸੁਪਰਸਟਾਰ ਅਮਰਿੰਦਰ ਗਿੱਲ ਦਾ ਜਨਮ 11ਮਈ 1976 ''ਚ ਅੰਮ੍ਰਿਤਸਰ ''ਚ ਹੋਇਆ ਸੀ। ਅਮਰਿੰਦਰ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 2000 ''ਚ ਐਲਬਮ ''ਅਪਨੀ ਜਾਨ ਕੇ'' ਨਾਲ ਕੀਤੀ ਸੀ। ਉਨ੍ਹਾਂ ਨੇ ਐਲਬਮ ''ਦਿਲਦਾਰੀਆਂ'', ''ਜੁਦਾ'', ''ਏਕ ਵਾਅਦਾ'', ''ਦੂਰੀਆਂ'', ''ਜੁਦਾ 2'', ''ਪੇਂਡੂ'', ''ਮੇਰਾ ਦੀਵਾਨਾਪਨ'', ''ਵਿਛੋੜਾ'', ''ਯਾਰੀਆਂ'' ਆਦਿ ਮਸ਼ਹੂਰ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ''ਚ ਖਾਸ ਪਛਾਣ ਬਣਾਈ ਹੈ। ਗਾਇਕੀ ਤੋਂ ਇਲਾਵਾ ਅਮਰਿੰਦਰ ਬਿਹਤਰੀਨ ਅਦਾਕਾਰ ਵੀ ਹਨ। ਫਿਲਮ ''ਅੰਗਰੇਜ਼'', ''ਲਵ ਪੰਜਾਬ'', ''ਗੋਰਿਆਂ ਨੂੰ ਦਫਾ ਕਰੋ'' ਆਦਿ ਫਿਲਮਾਂ ਉਨ੍ਹਾਂ ਦੇ ਸ਼ਾਨਦਾਰ ਅਭਿਨੈ ਨੂੰ ਦਰਸਾਉਂਦੀਆਂ ਹਨ। ਅਮਰਿੰਦਰ ਨੇ ਹਮੇਸ਼ਾ ਆਪਣੀਆਂ ਫਿਲਮਾਂ ''ਚ ਪੰਜਾਬੀ ਸੱਭਿਆਚਾਰ ਨੂੰ ਦਰਸਾਇਆ ਹੈ। ਉਨ੍ਹ੍ਹਾਂ ਦੀ ਫਿਲਮ ''ਅੰਗਰੇਜ਼'' ਨੇ ਉਨ੍ਹਾਂ ਦੀ ਸ਼ੋਹਰਤ ''ਚ ਹੋਰ ਚਾਰ-ਚੰਨ ਲਾ ਦਿੱਤੇ ਹਨ। 
ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਐਗਰੀਕਲਚਰ ਸਾਇੰਸ ''ਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੈ। ਤੁਹਾਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਗਾਇਕ ਬਣਨ ਤੋਂ ਪਹਿਲਾਂ ਅਮਰਿੰਦਰ ਨੇ ਫਿਰੋਜ਼ਪੁਰ ''ਚ ਸੈਂਟਰਲ ਕੋ-ਓਪਰੇਟਿਵ ਬੈਂਕ ''ਚ ਮੈਨੇਜਰ ਵਜੋਂ ਵੀ ਨੌਕਰੀ ਕਰ ਚੁੱਕੇ ਹਨ। ਉਨ੍ਹਾਂ ਨੂੰ ਆਪਣੀ ਐਲਬਮ ''ਜੁਦਾ'' ਲਈ ''ਬਰਿਟ ਏਸ਼ੀਆ ਮਿਊਜ਼ਿਕ ਐਵਾਰਡ'' ਵੀ ਮਿਲ ਚੁੱਕਿਆ ਹੈ। ਉਨ੍ਹਾਂ ਦੇ ਗੀਤ ''ਮੇਰਾ ਦੀਵਾਨਾਪਨ'' ਅਤੇ ''ਜੁਦਾ 2'' ਨੂੰ ''ਬੈਸਟ ਐਲਬਮ'' ਦਾ ਐਵਾਰਡ ਮਿਲ ਚੁੱਕਿਆ ਹੈ। 
ਜਾਣਕਾਰੀ ਅਨੁਸਾਰ ਅਮਰਿੰਦਰ ਹੁਣ ਪਾਲੀਵੁੱਡ ਤੋਂ ਬਾਅਦ ਬਾਲੀਵੁੱਡ ''ਚ ਵੀ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਅਸਲ ''ਚ ਉਹ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਬੈਨਰ ਦੀ ਫਿਲਮ ''ਚ ਛੇਤੀ ਹੀ ਨਜ਼ਰ ਆਉਣਗੇ। ਹੁਣੇ ਜਿਹੇ ਉਨ੍ਹਾਂ ਨੇ ''ਦਾਦਾ ਸਾਹਿਬ ਫਾਲਕੇ ਫਿਲਮ ਫਾਊਂਡੇਸ਼ਨ'' ਦਾ ਐਵਾਰਡ ਪ੍ਰਾਪਤ ਕਰ ਕੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ।