ਅਫਸਾਨਾ ਖ਼ਾਨ ਦੀ ਹਾਲਤ ਨੂੰ ਵੇਖ ਪ੍ਰੇਸ਼ਾਨ ਹੋਏ ਫ਼ਿਲਮੀ ਸਿਤਾਰੇ, ਟਵੀਟ ਕਰਕੇ ਜਤਾਈ ਚਿੰਤਾ

11/13/2021 2:51:59 PM

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕਾ ਅਫਸਾਨਾ ਖ਼ਾਨ ਦੇ ਹਿੰਸਕ ਵਰਤਾਉ ਨੂੰ ਦੇਖਦੇ ਹੋਏ ਉਸ ਨੂੰ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਦੇ ਘਰ ਤੋਂ ਬਾਅਹ ਕੱਢ ਦਿੱਤਾ ਗਿਆ ਹੈ। ਦੱਸ ਦਈਏ ਕਿ ਸ਼ੋਅ 'ਚ ਅਫਸਾਨਾ ਖ਼ਾਨ ਨੂੰ ਇੱਕ ਟਾਸਕ ਦਿੱਤਾ ਗਿਆ ਸੀ। ਇਸ ਟਾਸਕ ਦੌਰਾਨ ਉਨ੍ਹਾਂ ਦੇ ਕੁਝ ਦੋਸਤਾਂ ਨੇ ਹੀ ਉਸ ਨੂੰ ਧੋਖਾ ਦਿੱਤਾ ਸੀ। ਟਾਸਕ ਤੋਂ ਬਾਅਦ ਉਸ ਨੇ ਬਾਹਰ ਆ ਕੇ ਰਾਜੀਵ ਅਦਿਤਿਆ 'ਤੇ ਵਾਸ਼ਰੂਮ 'ਚ ਗਲਤ ਤਰੀਕੇ ਨਾਲ ਛੂਹਣ ਦੇ ਦੋਸ਼ ਲਗਾਏ ਹਨ। ਇੰਨਾਂ ਹੀ ਨਹੀਂ ਸਗੋ ਉਸ ਨੇ ਰਾਜੀਵ ਨੂੰ ਜੇਲ੍ਹ ਭੇਜਣ ਦੀ ਧਮਕੀ ਵੀ ਦਿੱਤੀ ਹੈ। ਇਸ ਦੇ ਬਾਵਜੂਦ ਅਫਸਾਨਾ ਖ਼ਾਨ ਨੂੰ ਘਰ ਤੋਂ ਬਾਹਰ ਭੇਜ ਦਿੱਤਾ ਗਿਆ ਹੈ। ਉਧਰ ਅਫਸਾਨਾ ਖ਼ਾਨ ਦੇ ਇਸ ਪੈਨਿਕ ਅਟੈਕ 'ਤੇ ਵੱਖ-ਵੱਖ ਲੋਕ ਆਪਣਾ ਪ੍ਰਤੀਕਰਮ ਦੇ ਰਹੇ ਹਨ।

ਗੌਹਰ ਖਾਨ ਨੇ ਕੀਤਾ ਇਹ ਟਵੀਟ
ਦੱਸ ਦਈਏ ਕਿ ਕੁਝ ਲੋਕ ਅਫਸਾਨਾ ਖ਼ਾਨ ਦੇ ਇਸ ਵਿਵਾਹਰ ਨੂੰ ਗਲਤ ਦੱਸ ਰਹੇ ਹਨ ਅਤੇ ਕੁਝ ਲੋਕ ਉਸ ਦੀ ਸਿਹਤ ਨੂੰ ਲੈ ਕੇ ਚਿੰਤਾ ਜਤਾ ਰਹੇ ਹਨ। ਇਸ ਸਭ ਦੇ ਚਲਦੇ ਅਦਾਕਾਰਾ ਗੌਹਰ ਖਾਨ ਨੇ ਵੀ ਟਵੀਟ ਕਰਕੇ ਆਪਣਾ ਪ੍ਰਤੀਕਰਮ ਦਿੱਤਾ ਹੈ। ਉਸ ਨੇ ਲਿਖਿਆ ਹੈ, ''ਤੁਸੀਂ ਰਾਜੀਵ ਦੀ ਚੰਗਿਆਈ ਵੇਖ ਸਕਦੇ ਹੋ ਕਿ ਅਫਸਾਨਾ ਖ਼ਾਨ ਉਸ ਨੂੰ ਘਰ ਤੋਂ ਬਾਹਰ ਕੱਢਣਾ ਚਾਹੁੰਦੀ ਸੀ, ਫ਼ਿਰ ਵੀ ਉਹ ਉਸ ਲਈ ਰੋ ਰਿਹਾ ਹੈ ਪਰ ਮੈਨੂੰ ਰਾਜੀਵ ਲਈ ਬੁਰਾ ਲੱਗ ਰਿਹਾ ਹੈ। ਮੈਨੂੰ ਅਫਸਾਨਾ ਲਈ ਵੀ ਬੁਰਾ ਲੱਗ ਰਿਹਾ ਹੈ। ਉਸ ਨੂੰ ਅਸਲ 'ਚ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਕਿਸ ਚੀਜ਼ ਤੋਂ ਗੁਜ਼ਰ ਰਹੀ ਹੈ। ਮੈਂ ਉਮੀਦ ਕਰਦੀ ਹਾਂ ਕਿ ਉਸ ਨੂੰ ਗੱਲ ਕਰਨ ਲਈ ਸਹੀ ਇਨਸਾਨ ਮਿਲੇ।''

ਸ਼ੈਫਾਲੀ ਜਰੀਵਾਲਾ ਨੇ ਜਤਾਈ ਹਮਦਰਦੀ
ਇਸੇ ਤਰ੍ਹਾਂ ਸ਼ੈਫਾਲੀ ਜਰੀਵਾਲਾ ਨੇ ਵੀ ਇਕ ਟਵੀਟ ਕੀਤਾ ਹੈ, ਜਿਸ 'ਚ ਉਸ ਨੇ ਲਿਖਿਆ ਹੈ, ''ਅਫਸਾਨਾ ਖ਼ਾਨ ਮੇਰੀ ਹਮਦਰਦੀ ਤੁਹਾਡੇ ਨਾਲ ਹੈ। ਕੋਈ ਗੱਲ ਨਹੀਂ ਬਿੱਗ ਬੌਸ ਇੱਕ ਗੇਮ ਹੈ ….ਤੂੰ ਜ਼ਿੰਦਗੀ ਦਾ ਗੇਮ ਜਿੱਤੇਗੀ …ਬਹੁਤ ਸਾਰੀਆਂ ਸ਼ੁਭਕਾਮਨਾਵਾਂ।''

ਅਫਸਾਨਾ ਨੇ ਖ਼ੁਦ ਨੂੰ ਜ਼ਖਮੀ ਕਰਨ ਦੀ ਕੀਤੀ ਕੋਸ਼ਿਸ਼
ਅਫਸਾਨਾ ਖ਼ਾਨ ਨੇ ਆਪਣੀ ਸਾਥਣ ਸ਼ਮਿਤਾ ਸ਼ੈੱਟੀ ਨਾਲ ਧੱਕਾ ਮੁੱਕੀ ਕੀਤੀ ਅਤੇ ਬਾਅਦ 'ਚ ਆਪਣੇ-ਆਪ ਨੂੰ ਵੀ ਚਾਕੂ ਨਾਲ ਜ਼ਖਮੀ ਕਰਨ ਦੀ ਕੋਸ਼ਿਸ਼ ਕੀਤੀ। ਇਹ ਸਭ ਕੁਝ ਉਦੋਂ ਵਾਪਰਿਆ ਜਦੋਂ ਅਫਸਾਨਾ ਖ਼ਾਨ ਨੂੰ ਆਪਣੇ ਦੋਸਤਾਂ ਉਮਰ ਰਿਆਜ਼ ਅਤੇ ਕਰਨ ਕੁੰਦਰਾ ਵੱਲੋਂ ਇੱਕ ਟਾਸਕ ਦੌਰਾਨ ਧੋਖਾ ਦਿੱਤਾ ਗਿਆ। ਇਸ ਸਭ ਦੇ ਚਲਦਿਆਂ ਅਫਸਾਨਾ ਖ਼ਾਨ ਨੂੰ ਪੈਨਿਕ ਅਟੈਕ ਵੀ ਆਇਆ। ਇਸ ਪੂਰੇ ਘਟਨਾਕਰਮ ਦਾ 'ਬਿੱਗ ਬੌਸ' ਪ੍ਰਸਾਰਿਤ ਕਰਨ ਵਾਲੇ ਚੈਨਲ ਵੱਲੋਂ ਪ੍ਰੋਮੋ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ, ਜਿਸ ਨੂੰ ਦੇਖ ਕੇ ਲੋਕ ਭੜਕ ਗਏ ਹਨ, ਕਿਉਂਕਿ ਇਨ੍ਹਾਂ ਲੋਕਾਂ ਦਾ ਮੰਨਣਾ ਹੈ ਕਿ ਚੈਨਲ ਵਾਲੇ ਆਪਣੀ ਟੀ. ਆਰ. ਪੀ. ਵਧਾਉਣ ਲਈ ਕਿਸੇ ਵੀ ਹੱਦ ਤੱਕ ਡਿੱਗ ਸਕਦੇ ਹਨ। ਉਹ ਅਫਸਾਨਾ ਖ਼ਾਨ ਅਤੇ ਉਸ ਦੀ ਬਿਮਾਰੀ ਦਾ ਮਜ਼ਾਕ ਉਡਾ ਰਹੇ ਹਨ। 

ਦੱਸਣਯੋਗ ਹੈ ਕਿ ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਚੈਨਲ ਪ੍ਰੋਮੋ ਨੂੰ ਡਿਲੀਟ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਬਹਿਸ ਸ਼ੁਰੂ ਹੋ ਗਈ ਹੈ। ਜਿੱਥੇ ਕੁਝ ਲੋਕ ਅਫਸਾਨਾ ਖ਼ਾਨ ਦੀ ਬਿਮਾਰੀ ਦਾ ਮਜ਼ਾਕ ਉਡਾ ਰਹੇ ਹਨ, ਉਥੇ ਕੁਝ ਲੋਕ ਅਫ਼ਸਾਨਾ ਖ਼ਾਨ ਦਾ ਸਮਰਥਨ ਕਰ ਰਹੇ ਹਨ। ਇਨ੍ਹਾਂ ਲੋਕਾਂ ਨੂੰ ਅਫਸਾਨਾ ਖ਼ਾਨ ਨਾਲ ਹਮਦਰਦੀ ਹੈ। ਇਹ ਗੱਲ ਇੰਨੇਂ ਵੱਡੇ ਪੱਧਰ 'ਤੇ ਪਹੁੰਚ ਗਈ ਹੈ ਕਿ ਹਿਮਾਂਸ਼ੀ ਖੁਰਾਨਾ ਨੇ ਵੀ ਅਫਸਾਨਾ ਖ਼ਾਨ ਪ੍ਰਤੀ ਆਪਣੀ ਹਮਦਰਦੀ ਜਤਾਉਂਦੇ ਹੋਏ ਟਵੀਟ ਕੀਤਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita