200 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ ’ਚ ਜੈਕਲੀਨ ਫਰਨਾਂਡੀਜ਼ ਨੂੰ ਵੱਡੀ ਰਾਹਤ, ਕੋਰਟ ਨੇ ਦਿੱਤੀ ਜ਼ਮਾਨਤ

11/15/2022 4:24:08 PM

ਮੁੰਬਈ (ਬਿਊਰੋ)– ਮਨੀ ਲਾਂਡਰਿੰਗ ਮਾਮਲੇ ’ਚ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਪਟਿਆਲਾ ਹਾਊਸ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ।

ਉਸ ਨੂੰ ਕੋਰਟ ਨੇ ਮੰਗਲਵਾਰ ਯਾਨੀ ਅੱਜ 2 ਲੱਖ ਰੁਪਏ ਦੇ ਨਿੱਜੀ ਮੁਚਲਕੇ ’ਤੇ ਜ਼ਮਾਨਤ ਦੇ ਦਿੱਤੀ ਹੈ। ਨਾਲ ਹੀ ਕੋਰਟ ਨੇ ਸ਼ਰਤ ਰੱਖੀ ਹੈ ਕਿ ਅਦਾਕਾਰਾ ਬਿਨਾਂ ਕੋਰਟ ਦੀ ਇਜਾਜ਼ਤ ਦੇ ਦੇਸ਼ ਛੱਡ ਕੇ ਬਾਹਰ ਨਹੀਂ ਜਾ ਸਕਦੀ ਹੈ।

ਮਹਾਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੌਰਾਨ ਆਪਣਾ ਨਾਂ ਸਾਹਮਣੇ ਆਉਣ ਤੋਂ ਬਾਅਦ ਜੈਕਲੀਨ ਫਰਨਾਂਡੀਜ਼ ਮੁਸ਼ਕਿਲਾਂ ’ਚ ਘਿਰ ਗਈ ਸੀ।

ਇਹ ਖ਼ਬਰ ਵੀ ਪੜ੍ਹੋ : ਪਿਛਲੇ ਢਾਈ ਹਫ਼ਤਿਆਂ ਤੋਂ ਬੀਮਾਰੀਆਂ ਨਾਲ ਜੂਝ ਰਹੇ ਸਨ ਹਰਭਜਨ ਮਾਨ, ਪੋਸਟ ਸਾਂਝੀ ਕਰ ਕੀਤਾ ਵਾਹਿਗੁਰੂ ਜੀ ਦਾ ਸ਼ੁਕਰਾਨਾ

ਅਦਾਕਾਰਾ ਨੂੰ ਸੁਕੇਸ਼ ਕੋਲੋਂ ਕਈ ਮਹਿੰਗੇ ਤੋਹਫ਼ੇ ਮਿਲੇ ਸਨ। ਈ. ਡੀ. ਨੇ ਆਪਣੀ ਚਾਰਜਸ਼ੀਟ ’ਚ ਜੈਕਲੀਨ ਨੂੰ ਇਕ ਦੋਸ਼ੀ ਦੇ ਰੂਪ ’ਚ ਨਾਮਜ਼ਤ ਕੀਤਾ ਸੀ, ਜਿਸ ’ਚ ਕਿਹਾ ਗਿਆ ਸੀ ਕਿ ਉਹ ਠੱਗੀ ਦੇ ਪੈਸਿਆਂ ਦੀ ਲਾਭਪਾਤਰੀ ਸੀ।

ਜੈਕਲੀਨ ਨੇ ਇਸ ਮਾਮਲੇ ’ਚ ਜ਼ਮਾਨਤ ਅਰਜ਼ੀ ਦਾਇਰ ਕੀਤੀ ਸੀ, ਜਿਸ ਦਾ ਈ. ਡੀ. ਨੇ ਵਿਰੋਧ ਕੀਤਾ ਸੀ, ਜਿਸ ਨੇ ਕਥਿਤ ਤੌਰ ’ਤੇ ਦੋਸ਼ ਲਗਾਇਆ ਸੀ ਕਿ ਜੈਕਲੀਨ ਜਾਂਚ ਤੋਂ ਬਚਣ ਲਈ ਦੇਸ਼ ’ਚੋਂ ਭੱਜ ਸਕਦੀ ਹੈ। ਈ. ਡੀ. ਨੇ ਜੈਕਲੀਨ ਦੀ ਜ਼ਮਾਨਤ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਜੈਕਲੀਨ ਨੇ ਮੌਜ-ਮਸਤੀ ਲਈ 7.14 ਕਰੋੜ ਰੁਪਏ ਉਡਾ ਦਿੱਤੇ।

ਉਸ ਨੇ ਭੱਜਣ ਦੀ ਹਰ ਕੋਸ਼ਿਸ਼ ਕੀਤੀ ਹੈ ਕਿਉਂਕਿ ਉਸ ਕੋਲ ਬਹੁਤ ਪੈਸਾ ਹੈ। ਅਦਾਕਾਰਾ ਤੇ ਈ. ਡੀ. ਵਲੋਂ ਪੇਸ਼ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਵੀਰਵਾਰ ਨੂੰ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh