ਕਪਿਲ ਸ਼ਰਮਾ ਦੇ ਸ਼ੋਅ ’ਚ ਨਾ ਬੁਲਾਏ ਜਾਣ ’ਤੇ ਨਾਰਾਜ਼ ਭੂਮਿਕਾ ਚਾਵਲਾ, ਜਾਣੋ ਕੀ ਕਿਹਾ

04/27/2023 2:21:15 PM

ਮੁੰਬਈ (ਬਿਊਰੋ)– ਫ਼ਿਲਮ ‘ਤੇਰੇ ਨਾਮ’ ਨਾਲ ਮਸ਼ਹੂਰ ਹੋਈ ਭੂਮਿਕਾ ਚਾਵਲਾ ਨੇ ਮੁੜ ਬਾਲੀਵੁੱਡ ’ਚ ਵਾਪਸੀ ਕੀਤੀ ਹੈ। ਹਾਲ ਹੀ ’ਚ ਉਹ ਸਲਮਾਨ ਖ਼ਾਨ ਦੇ ਨਾਲ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ’ਚ ਨਜ਼ਰ ਆਈ ਸੀ। ਫ਼ਿਲਮ ਪਰਦੇ ’ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਸਾਰੀ ਸਟਾਰ ਕਾਸਟ ਵੀ ਪ੍ਰਮੋਸ਼ਨ ’ਚ ਰੁੱਝੀ ਹੋਈ ਹੈ। ਕੁਝ ਸਮਾਂ ਪਹਿਲਾਂ ਸਲਮਾਨ ਆਪਣੀ ਸਟਾਰ ਕਾਸਟ ਦੇ ਨਾਲ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਵੀ ਪਹੁੰਚੇ ਸਨ ਪਰ ਭੂਮਿਕਾ ਚਾਵਲਾ ਉਥੇ ਮੌਜੂਦ ਨਹੀਂ ਸੀ।

‘ਕਿਸੀ ਕਾ ਭਾਈ ਕਿਸੀ ਕੀ ਜਾਨ’ ’ਚ ਭੂਮਿਕਾ ਚਾਵਲਾ ਵੀ ਅਹਿਮ ਭੂਮਿਕਾ ਨਿਭਾਅ ਰਹੀ ਹੈ। ਹਾਲਾਂਕਿ ਕਾਮੇਡੀ ਸ਼ੋਅ ’ਚ ਉਸ ਦੀ ਗੈਰ ਹਾਜ਼ਰੀ ਕਾਰਨ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਦੁੱਖ ਹੋਇਆ ਕਿ ਭੂਮਿਕਾ ਨੂੰ ਵੀ ਸ਼ੋਅ ’ਚ ਨਹੀਂ ਬੁਲਾਇਆ ਗਿਆ। ਹਾਲ ਹੀ ’ਚ ਸਿਧਾਰਥ ਕਨਨ ਨਾਲ ਹੋਈ ਗੱਲਬਾਤ ’ਚ ਭੂਮਿਕਾ ਨੇ ਸ਼ੋਅ ’ਚ ਨਾ ਬੁਲਾਏ ਜਾਣ ’ਤੇ ਪ੍ਰਤੀਕਿਰਿਆ ਦਿੱਤੀ ਹੈ।

ਕਪਿਲ ਸ਼ਰਮਾ ਦੇ ਸ਼ੋਅ ’ਚ ਨਾ ਬੁਲਾਏ ਜਾਣ ’ਤੇ ਭੂਮਿਕਾ ਨੂੰ ਬੁਰਾ ਲੱਗਾ
ਭੂਮਿਕਾ ਨੇ ਕਿਹਾ, ‘‘ਜਦੋਂ ਮੈਂ ਆਪਣੇ ਕੁੱਤੇ ਨੂੰ ਬਿਲਡਿੰਗ ਦੇ ਹੇਠਾਂ ਸੈਰ ਕਰਨ ਲਈ ਲੈ ਕੇ ਗਈ ਤਾਂ ਲੋਕਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਕਿਉਂ ਨਹੀਂ ਆਏ? ਮੈਂ ਕਿਹਾ ਮੈਨੂੰ ਇਹ ਵੀ ਨਹੀਂ ਪਤਾ ਕਿ ਸ਼ੂਟ ਹੋਇਆ ਹੈ। ਉਨ੍ਹਾਂ ਦੀ ਕੋਈ ਨਾ ਕੋਈ ਰਣਨੀਤੀ ਹੋਵੇਗੀ।’’

ਇਹ ਖ਼ਬਰ ਵੀ ਪੜ੍ਹੋ : ਮੁਸ਼ਕਿਲਾਂ ’ਚ ਨਵਾਜ਼ੂਦੀਨ ਸਿੱਦੀਕੀ, ਬੰਗਾਲੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਲੱਗਾ ਦੋਸ਼

ਇਹ ਪੁੱਛੇ ਜਾਣ ’ਤੇ ਕਿ ਕੀ ਉਸ ਨੂੰ ਥੋੜ੍ਹਾ ਬੁਰਾ ਮਹਿਸੂਸ ਹੋਇਆ ਹੋਵੇਗਾ, ਅਦਾਕਾਰਾ ਨੇ ਕਿਹਾ, ‘‘ਮੈਂ ਇਕ ਸਕਿੰਟ ਲਈ ਮਹਿਸੂਸ ਕੀਤਾ। ਫਿਰ ਮੈਨੂੰ ਅਹਿਸਾਸ ਹੋਇਆ ਕਿ ਵੈਂਕਟੇਸ਼ ਸਰ ਨੂੰ ਵੀ ਨਹੀਂ ਬੁਲਾਇਆ ਗਿਆ ਸੀ। ਅਸੀਂ ਦੋਵੇਂ ਫ਼ਿਲਮ ’ਚ ਜੋੜੀ ਹਾਂ, ਉਨ੍ਹਾਂ ਨੂੰ ਬੁਲਾਇਆ ਨਹੀਂ ਗਿਆ ਤੇ ਮੈਨੂੰ ਬੁਲਾਇਆ ਗਿਆ, ਮੈਂ ਕਿਸ ਬਾਰੇ ਗੱਲ ਕਰਾਂ। ਉਹ ਤਿੰਨੇ ਜੋੜੇ ਨੌਜਵਾਨ ਹਨ, ਉਨ੍ਹਾਂ ਦਾ ਸਮੀਕਰਨ ਵੱਖਰਾ ਹੈ।’’

ਕਪਿਲ ਸ਼ਰਮਾ ਦੇ ਸ਼ੋਅ ਬਾਰੇ ਆਖੀ ਇਹ ਗੱਲ
ਭੂਮਿਕਾ ਚਾਵਲਾ ਨੇ ਅੱਗੇ ਕਿਹਾ, ‘‘ਰੱਬ ਨੇ ਮੈਨੂੰ ਇਕ ਬਹੁਤ ਚੰਗੀ ਚੀਜ਼ ਦਿੱਤੀ ਹੈ, ਮੈਨੂੰ ਇਕ ਸਕਿੰਟ ਲਈ ਬੁਰਾ ਲੱਗਦਾ ਹੈ ਤੇ ਫਿਰ ਮੈਂ ਘੋੜੇ ਵਾਂਗ ਦੌੜਦੀ ਹਾਂ, ਜੋ ਪਿੱਛੇ ਮੁੜ ਕੇ ਨਹੀਂ ਦੇਖਦਾ ਕਿਉਂਕਿ ਮੈਨੂੰ ਪਤਾ ਹੈ ਕਿ ‘ਦਿ ਕਪਿਲ ਸ਼ਰਮਾ ਸ਼ੋਅ’ ਮੈਨੂੰ ਕੋਈ ਹੋਰ ਫ਼ਿਲਮ ਨਹੀਂ ਦੇਵੇਗਾ। ਜੇਕਰ ਮੈਨੂੰ ਫ਼ਿਲਮ ਦੀ ਗਾਰੰਟੀ ਮਿਲਦੀ ਹੈ ਤਾਂ ਮੈਂ ਅੱਜ ਕਪਿਲ ਸ਼ਰਮਾ ਨੂੰ ਫ਼ੋਨ ਕਰਾਂਗੀ ਤੇ ਕਹਾਂਗੀ ਕਿ ਮੈਨੂੰ ਬੁਲਾਓ। ਮੈਂ ਖ਼ੁਦ ਬੋਲ ਦਿਆਂਗੀ, ਗਾਰੰਟੀ ਦਿਓ ਕਿ ਤੁਸੀਂ ਅਗਲੇ ਦਿਨ ਮੈਨੂੰ ਫ਼ਿਲਮ ਲਿਆ ਕੇ ਦਿਓਗੇ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh