‘ਬਸਤਰ’ ਫ਼ਿਲਮ ਦਾ ਟੀਜ਼ਰ ਰਿਲੀਜ਼, ਨਕਸਲੀਆਂ ਨੂੰ ਸਬਕ ਸਿਖਾਉਣ ਆ ਰਹੀ ਅਦਾ ਸ਼ਰਮਾ

02/06/2024 5:17:53 PM

ਮੁੰਬਈ (ਬਿਊਰੋ)– ‘ਦਿ ਕੇਰਲਾ ਸਟੋਰੀ’ ਫੇਮ ਅਦਾਕਾਰਾ ਅਦਾ ਸ਼ਰਮਾ ਦੀ ਅਗਲੀ ਫ਼ਿਲਮ ‘ਬਸਤਰ : ਦਿ ਨਕਸਲ ਸਟੋਰੀ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਫ਼ਿਲਮ ’ਚ ਅਦਾ ਆਈ. ਪੀ. ਐੱਸ. ਅਫਸਰ ਨੀਰਜਾ ਮਾਧਵਨ ਦੀ ਭੂਮਿਕਾ ’ਚ ਨਜ਼ਰ ਆ ਰਹੀ ਹੈ, ਜਿਸ ਨੇ ਨਕਸਲੀਆਂ ਖ਼ਿਲਾਫ਼ ਜੰਗ ਛੇੜੀ ਹੋਈ ਹੈ।

‘ਨਕਸਲੀਆਂ ਨੇ ਸਾਡੇ 15 ਹਜ਼ਾਰ ਜਵਾਨ ਮਾਰੇ’
ਫ਼ਿਲਮ ਦੇ 1 ਮਿੰਟ 14 ਸਕਿੰਟ ਦੇ ਇਸ ਟੀਜ਼ਰ ’ਚ ਆਈ. ਪੀ. ਐੱਸ. ਨੀਰਜਾ ਨਕਸਲਵਾਦੀਆਂ ’ਤੇ ਗੱਲ ਕਰਦੀ ਨਜ਼ਰ ਆਈ। ਆਪਣੇ ਦਫ਼ਤਰ ’ਚ ਸਿਪਾਹੀ-ਐਟ-ਵਾਰ ਲੁੱਕ ’ਚ ਬੈਠੀ ਨੀਰਜਾ ਕਹਿੰਦੀ ਹੈ, ‘‘ਪਾਕਿਸਤਾਨ ਨਾਲ ਸਾਡੀਆਂ 4 ਜੰਗਾਂ ’ਚ ਸਾਡੇ 8 ਹਜ਼ਾਰ 738 ਜਵਾਨ ਸ਼ਹੀਦ ਹੋਏ ਸਨ ਪਰ ਕੀ ਤੁਸੀਂ ਜਾਣਦੇ ਹੋ ਕਿ ਸਾਡੇ ਦੇਸ਼ ਦੇ ਅੰਦਰ ਨਕਸਲੀਆਂ ਨੇ ਸਾਡੇ 15 ਹਜ਼ਾਰ ਜਵਾਨਾਂ ਨੂੰ ਮਾਰ ਦਿੱਤਾ ਹੈ।’’

ਇਹ ਖ਼ਬਰ ਵੀ ਪੜ੍ਹੋ : ਪੂਨਮ ਪਾਂਡੇ ਤੋਂ ਪਹਿਲਾਂ 90 ਦੇ ਦਹਾਕੇ ਦੀ ਇਹ ਮਸ਼ਹੂਰ ਅਦਾਕਾਰਾ ਕਰ ਚੁੱਕੀ ਹੈ ਆਪਣੀ ਮੌਤ ਦਾ ਝੂਠਾ ਨਾਟਕ

ਟੀਜ਼ਰ ’ਚ ਜੇ. ਐੱਨ. ਯੂ. ਦਾ ਵੀ ਜ਼ਿਕਰ
ਟੀਜ਼ਰ ’ਚ ਨੀਰਜਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਬਾਰੇ ਵੀ ਗੱਲ ਕਰਦੀ ਹੈ। ਉਹ ਕਹਿੰਦੀ ਹੈ, ‘‘ਬਸਤਰ ’ਚ ਸਾਡੇ 76 ਜਵਾਨਾਂ ਨੂੰ ਨਕਸਲੀਆਂ ਨੇ ਬੇਰਹਿਮੀ ਨਾਲ ਮਾਰ ਦਿੱਤਾ ਤੇ ਫਿਰ ਜੇ. ਐੱਨ. ਯੂ. ’ਚ ਇਸ ਦਾ ਜਸ਼ਨ ਮਨਾਇਆ ਗਿਆ। ਕਲਪਨਾ ਕਰੋ ਸਾਡੇ ਦੇਸ਼ ਦੀ ਅਜਿਹੀ ਵੱਕਾਰੀ ਯੂਨੀਵਰਸਿਟੀ ਸਾਡੇ ਫੌਜੀਆਂ ਦੀ ਸ਼ਹਾਦਤ ਦਾ ਜਸ਼ਨ ਮਨਾਉਂਦੀ ਹੈ। ਅਜਿਹੀ ਸੋਚ ਕਿਥੋਂ ਆਉਂਦੀ ਹੈ?’’

ਟੀਜ਼ਰ ’ਚ ਅੱਗੇ ਅਦਾ ਕਹਿੰਦੀ ਹੈ, ‘‘ਇਹ ਨਕਸਲੀ ਬਸਤਰ ’ਚ ਭਾਰਤ ਨੂੰ ਤੋੜਨ ਦੀ ਸਾਜ਼ਿਸ਼ ਰਚ ਰਹੇ ਹਨ ਤੇ ਵੱਡੇ ਸ਼ਹਿਰਾਂ ’ਚ ਬੈਠੇ ਇਹ ਖੱਬੀ, ਉਦਾਰਵਾਦੀ, ਸੂਡੋ ਬੁੱਧੀਜੀਵੀ ਇਨ੍ਹਾਂ ਦਾ ਸਾਥ ਦੇ ਰਹੇ ਹਨ। ਮੈਂ ਇਨ੍ਹਾਂ ਖੱਬੇ-ਪੱਖੀਆਂ ਨੂੰ ਸੜਕ ’ਤੇ ਖੜ੍ਹਾ ਕਰਾਂਗੀ ਤੇ ਜਨਤਕ ਤੌਰ ’ਤੇ ਗੋਲੀ ਚਲਾਵਾਂਗੀ... ਉਨ੍ਹਾਂ ਨੂੰ ਫਾਂਸੀ ਦੇ ਦਿਆਂਗੀ...।’’

ਯਸ਼ਪਾਲ ਤੇ ਸ਼ਿਲਪਾ ਵੀ ਅਹਿਮ ਭੂਮਿਕਾਵਾਂ ’ਚ
ਅਦਾ ਤੋਂ ਇਲਾਵਾ ਫ਼ਿਲਮ ’ਚ ਇੰਦਰਾ ਤਿਵਾਰੀ, ਵਿਜੇ ਕ੍ਰਿਸ਼ਨ, ਯਸ਼ਪਾਲ ਸ਼ਰਮਾ, ਰਾਇਮਾ ਸੇਨ ਤੇ ਸ਼ਿਲਪਾ ਸ਼ੁਕਲਾ ਵਰਗੇ ਕਲਾਕਾਰ ਵੀ ਨਜ਼ਰ ਆਉਣਗੇ। ਇਸ ਫ਼ਿਲਮ ਦਾ ਨਿਰਦੇਸ਼ਨ ਸੁਦੀਪਤੋ ਸੇਨ ਨੇ ਕੀਤਾ ਹੈ ਤੇ ਵਿਪੁਲ ਸ਼ਾਹ ਇਸ ਦੇ ਨਿਰਮਾਤਾ ਹਨ। ਅਦਾ, ਸੁਦੀਪਤੋ ਤੇ ਵਿਪੁਲ ਇਸ ਤੋਂ ਪਹਿਲਾਂ ‘ਦਿ ਕੇਰਲਾ ਸਟੋਰੀ’ ’ਤੇ ਇਕੱਠੇ ਕੰਮ ਕਰ ਚੁੱਕੇ ਹਨ। ਸੱਚੀਆਂ ਘਟਨਾਵਾਂ ’ਤੇ ਆਧਾਰਿਤ ਇਹ ਫ਼ਿਲਮ 15 ਮਾਰਚ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh