ਤਰਲੋਚਨ ਸਿੰਘ ਦੀ ਮੌਤ 'ਤੇ ਬੱਬੂ ਮਾਨ ਨੇ ਸਾਂਝੀ ਕੀਤੀ ਪੋਸਟ, ਲਿਖਿਆ- ਛੱਡ ਪਿੰਡ ਦੀਆਂ ਜੂਹਾਂ ਉੱਡ ਚੱਲੀਆਂ ਨੇ ਰੂਹਾਂ

08/11/2023 3:00:35 PM

ਜਲੰਧਰ (ਬਿਊਰੋ) - ਬੀਤੇ ਸ਼ਾਮ ਸਕ੍ਰਿਪਟ ਰਾਈਟਰ ਅਤੇ ਕਈ ਦਹਾਕਿਆਂ ਤੋਂ ਪੰਜਾਬੀ ਸਾਹਿਤਕ ਅਕਾਦਮੀ ਨਾਲ ਜੁੜੇ ਉੱਘੇ ਸਾਹਿਤਕਾਰ ਮਾ. ਤਰਲੋਚਨ ਸਿੰਘ (65) ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਇਸ ਖ਼ਬਰ ਨੇ ਪੰਜਾਬੀ ਫ਼ਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ। ਹਾਲ ਹੀ 'ਚ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਨੇ ਤਰਲੋਚਨ ਸਿੰਘ ਨੂੰ ਲੈ ਕੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸਾਂਝਾ ਕਰਦਿਆਂ ਬੱਬੂ ਮਾਨ ਨੇ ਲਿਖਿਆ, 'ਕੋਈ ਸ਼ਬਦ ਹੀ ਨਹੀਂ।'' ਇਸ ਦੇ ਨਾਲ ਹੀ ਬੱਬੂ ਮਾਨ ਨੇ ਤਰਲੋਚਨ ਸਿੰਘ ਦੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਤੇ ਲਿਖਿਆ ਹੈ- 'ਛੱਡ ਪਿੰਡ ਦੀਆਂ ਜੂੰਹਾਂ ਉੱਡ ਚੱਲੀਆਂ ਰੂਹਾਂ।''

ਦੱਸ ਦਈਏ ਕਿ ਮਾ. ਤਰਲੋਚਨ ਸਿੰਘ ਗਾਇਕ ਬੱਬੂ ਮਾਨ ਸਟਾਰਰ ਸੁਪਰਹਿੱਟ ਫ਼ਿਲਮ ‘ਏਕਮ’ ਅਤੇ ‘ਹਸ਼ਰ’ ਸਮੇਤ ਅਣਗਿਣਤ ਹੋਰ ਵੱਡੇ ਅਤੇ ਛੋਟੇ ਪਰਦੇ ਦੀਆਂ ਫ਼ਿਲਮਾਂ ਦੇ ਸਕ੍ਰਿਪਟ ਰਾਈਟਰ ਰਹੇ ਹਨ। ਬੱਬੂ ਮਾਨ ਮਾ. ਤਰਲੋਚਨ ਸਿੰਘ ਨੂੰ ਆਪਣਾ ਉਸਤਾਕ ਮੰਨਦੇ ਸਨ। 

ਦੱਸਿਆ ਜਾ ਰਿਹਾ ਹੈ ਕਿ ਮਾ. ਤਰਲੋਚਨ ਸਿੰਘ ਬੀਤੀ ਸ਼ਾਮ ਤਕਰੀਬਨ ਸਾਢੇ 4 ਵਜੇ ਸਥਾਨਕ ਭਗਵਾਨਪੁਰਾ ਰੋਡ ’ਤੇ ਸਥਿਤ ਆਪਣੀ ਰਿਹਾਇਸ਼ ਵੱਲ ਸਕੂਟਰੀ ’ਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਤੇਜ਼ ਰਫ਼ਤਾਰ ਲਾਲ ਰੰਗ ਦੀ ਥਾਰ ਗੱਡੀ ਨੇ ਉਨ੍ਹਾਂ ਨੂੰ ਆਪਣੀ ਚਪੇਟ 'ਚ ਲੈ ਲਿਆ ਅਤੇ ਇਹ ਥਾਰ ਗੱਡੀ ਦੂਰ ਤੱਕ ਉਨ੍ਹਾਂ ਨੂੰ ਘੜੀਸਦੀ ਹੋਈ ਲੈ ਗਈ। ਇਸ ਦੌਰਾਨ ਮੌਕੇ ’ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਇਹ ਵੀ ਦੱਸਲਿਆ ਗਿਆ ਕਿ ਮ੍ਰਿਤਕ ਦੇਹ ਨੂੰ ਬੜੀ ਮੁਸ਼ਕਿਲ ਨਾਲ ਗੱਡੀ ਹੇਠਾਂ ਬਾਹਰ ਕੱਢਿਆ ਗਿਆ।

ਡੀ. ਐੱਸ. ਪੀ. ਸਮਰਾਲਾ ਜਸਪਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਭਾਵੇਂ ਕੋਈ ਵੀ ਹੋਏ, ਸਖ਼ਤ ਕਾਰਵਾਈ ਹੋਵੇਗੀ। ਇਸ ਦੁਖ਼ਦਾਈ ਘਟਨਾ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਸਾਹਿਤਕ ਅਕਾਦਮੀ ਦੇ ਡਾ. ਗੁਰਭਜਨ ਗਿੱਲ ਅਤੇ ਲੇਖਕ ਮੰਚ ਸਮਰਾਲਾ ਦੇ ਸਰਪ੍ਰਸਤ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਆਖਿਆ ਕਿ ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਅਤੇ ਅਣਗਿਣਤ ਸਾਹਿਤਕ ਸੰਸਥਾਵਾਂ ਲਈ ਕੰਮ ਕਰਨ ਵਾਲੇ ਮਾ. ਤਰਲੋਚਨ ਸਿੰਘ ਦੀ ਮੌਤ ਨਾਲ ਪੰਜਾਬੀ ਸਾਹਿਤਕ ਖੇਤਰ ’ਚ ਇਕ ਅਜਿਹੀ ਘਾਟ ਪੈਦਾ ਹੋ ਗਈ ਹੈ, ਜਿਸ ਨੂੰ ਹੁਣ ਕਦੇ ਵੀ ਪੂਰਿਆ ਨਹੀਂ ਜਾ ਸਕਦਾ।
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

sunita

This news is Content Editor sunita