2 ਫਲਾਪ ਫ਼ਿਲਮਾਂ ਦੇਣ ਮਗਰੋਂ ਆਯੂਸ਼ਮਾਨ ਖੁਰਾਣਾ ਨੇ ਘਟਾਈ ਆਪਣੀ ਫੀਸ!

09/29/2022 1:06:39 PM

ਮੁੰਬਈ (ਬਿਊਰੋ)– ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ਕੋਵਿਡ-19 ਮਹਾਮਾਰੀ ਦਾ ਅਸਰ ਬਾਲੀਵੁੱਡ ਦੇ ਬਾਕਸ ਆਫਿਸ ’ਤੇ ਤਗੜਾ ਹੋਇਆ ਹੈ। ਹਿੰਦੀ ਫ਼ਿਲਮ ਇੰਡਸਟਰੀ ਦੀਆਂ ਕਈ ਫ਼ਿਲਮਾਂ ਬਾਕਸ ਆਫਿਸ ’ਤੇ ਜੱਦੋ-ਜਹਿਦ ਕਰ ਚੁੱਕੀਆਂ ਹਨ। ਇਨ੍ਹਾਂ ਫ਼ਿਲਮਾਂ ਨੂੰ ਉਸ ਤਰ੍ਹਾਂ ਦੀ ਸਫਲਤਾ ਨਹੀਂ ਮਿਲੀ, ਜਿਵੇਂ ਪਹਿਲਾਂ ਮਿਲਦੀ ਸੀ। ਇਸ ਵਿਚਾਲੇ ਖ਼ਬਰ ਹੈ ਕਿ ਆਯੂਸ਼ਮਾਨ ਖੁਰਾਣਾ ਨੇ ਆਪਣੀ ਫੀਸ ਘੱਟ ਕਰ ਦਿੱਤੀ ਹੈ।

‘ਅਨੇਕ’ ਤੇ ‘ਚੰਡੀਗੜ੍ਹ ਕਰੇ ਆਸ਼ਿਕੀ’ ਵਰਗੀਆਂ ਫ਼ਿਲਮਾਂ ਦੇ ਫਲਾਪ ਹੋਣ ਤੋਂ ਬਾਅਦ ਆਯੂਸ਼ਮਾਨ ਨੇ ਆਪਣੀ ਫੀਸ 10 ਕਰੋੜ ਰੁਪਏ ਘੱਟ ਕੀਤੀ ਹੈ। ਪਿੰਕਵਿਲਾ ਦੀ ਖ਼ਬਰ ਮੁਤਾਬਕ ਆਯੂਸ਼ਮਾਨ ਖੁਰਾਣਾ ਸਾਈਨਿੰਗ ਫੀਸ ਦੇ ਤੌਰ ’ਤੇ 25 ਕਰੋੜ ਰੁਪਏ ਲੈਂਦੇ ਹਨ ਪਰ ਉਨ੍ਹਾਂ ਨੇ ਹੁਣ ਇਸ ਨੂੰ ਘਟਾ ਕੇ 15 ਕਰੋੜ ਰੁਪਏ ਕਰ ਦਿੱਤਾ ਹੈ। ਬਚੇ ਹੋਏ 10 ਕਰੋੜ ਰੁਪਏ ਉਹ ਫ਼ਿਲਮ ਦੇ ਪ੍ਰਾਫਿਟ ਸ਼ੇਅਰ ਦੇ ਹਿਸਾਬ ਨਾਲ ਲੈਣਗੇ। ਅਜਿਹੇ ’ਚ ਜੇਕਰ ਉਨ੍ਹਾਂ ਦੀ ਫ਼ਿਲਮ ਹਿੱਟ ਸਾਬਿਤ ਹੋਈ ਤਾਂ ਉਹ ਪਹਿਲਾਂ ਨਾਲੋਂ ਜ਼ਿਆਦਾ ਕਮਾਈ ਕਰ ਪਾਉਣਗੇ। ਇਸ ਨਾਲ ਉਨ੍ਹਾਂ ਦਾ ਤੇ ਪ੍ਰੋਡਿਊਸਰਾਂ ਦੋਵਾਂ ਦਾ ਫਾਇਦਾ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਚਲਦਿਆਂ ਸ਼ੈਰੀ ਮਾਨ ਨੇ ਮੰਗੀ ਮੁਆਫ਼ੀ

ਇਸ ਬਾਰੇ ਇਕ ਸੂਤਰ ਨੇ ਦੱਸਿਆ, ‘‘ਇਹ ਵੱਡੀਆਂ ਫ਼ਿਲਮਾਂ ਲਈ ਕੀਤਾ ਜਾਂਦਾ ਹੈ। ਇਹ ਪੈਸਿਆਂ ਨੂੰ ਬਚਾਉਣ ਦਾ ਵੱਡਾ ਤਰੀਕਾ ਹੈ। ਜਦੋਂ ਫ਼ਿਲਮ ਹਿੱਟ ਹੁੰਦੀ ਹੈ ਤਾਂ ਕਲਾਕਾਰਾਂ ਨੂੰ ਜ਼ਿਆਦਾ ਪੈਸੇ ਕਮਾਉਣ ਨੂੰ ਮਿਲਦੇ ਹਨ। ਇਹ ਸਾਰਿਆਂ ਲਈ ਚੰਗਾ ਰਹਿੰਦਾ ਹੈ।’’

ਪ੍ਰਾਜੈਕਟਸ ਦੀ ਗੱਲ ਕਰੀਏ ਤਾਂ ਆਯੂਸ਼ਮਾਨ ਖੁਰਾਣਾ ਜਲਦ ਹੀ ‘ਡਾਕਟਰ ਜੀ’ ’ਚ ਨਜ਼ਰ ਆਉਣ ਵਾਲੇ ਹਨ। ਇਹ ਅਨੁਰਾਗ ਕਸ਼ਯਪ ਦੀ ਭੈਣ ਅਨੁਭੂਤੀ ਦੀ ਬਤੌਰ ਡਾਇਰੈਕਟਰ ਡੈਬਿਊ ਫ਼ਿਲਮ ਹੈ। ਇਸ ਫ਼ਿਲਮ ’ਚ ਆਯੂਸ਼ਮਾਨ ਗਾਇਨੋਕੋਲਾਜਿਸਟ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh