''ਸਾ ਰੇ ਗਾ ਮਾ ਪਾ ਲਿਟਲ ਚੈਂਪਸ'' ਦੀ ਜੇਤੂ ਬਣੀ ਆਰਿਆਨੰਦਾ ਬਾਬੂ

10/12/2020 9:17:36 AM

ਮੁੰਬਈ (ਬਿਊਰੋ) : ਕੇਰਲ ਦੀ 12 ਸਾਲਾ ਆਰਿਆਨੰਦਾ ਬਾਬੂ ਬੱਚਿਆਂ ਦੇ ਰਿਐਲਿਟੀ ਸ਼ੋਅ 'ਸਾ ਰੇ ਗਾ ਮਾ ਪਾ ਲਿਟਲ ਚੈਂਪਸ' ਸੀਜ਼ਨ-8 ਦੀ ਜੇਤੂ ਬਣੀ ਹੈ। ਸ਼ੋਅ ਦੇ ਜੱਜ ਹਿਮੇਸ਼ ਰੇਸ਼ਮੀਆ, ਅਲਕਾ ਯਾਗਨਿਕ ਤੇ ਜਾਵੇਦ ਅਲੀ ਨੇ ਐਤਵਾਰ ਨੂੰ ਫਾਈਨਲ ਐਪੀਸੋਡ 'ਚ ਉਨ੍ਹਾਂ ਨੂੰ ਜੇਤੂ ਟਰਾਫੀ ਨਾਲ ਪੰਜ ਲੱਖ ਰੁਪਏ ਦੀ ਇਨਾਮੀ ਰਾਸ਼ੀ ਦਾ ਚੈੱਕ ਸੌਂਪਿਆ। ਸ਼ੋਅ ਦੇ ਫਰਸਟ ਤੇ ਸੈਕੇਂਡ ਰਨਰ-ਅਪ ਕੋਲਕਾਤਾ ਦੀ ਰਣਿਤਾ ਬੈਨਰਜੀ ਤੇ ਪੰਜਾਬ ਦੇ ਗੁਰਕੀਰਤ ਸਿੰਘ ਨੂੰ ਕ੍ਰਮਵਾਰ ਤਿੰਨ ਤੇ ਦੋ ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ।

ਸ਼ੋਅ ਦੀ ਸ਼ੁਰੂਆਤ 'ਚ ਫਾਈਲ 'ਚ ਪਹੁੰਚੇ ਸੱਤ ਮੁਕਾਬਲੇਬਾਜ਼ਾਂ ਆਰਿਆਨੰਦਾ ਬਾਲਾ, ਰਣਿਤਾ ਬੈਨਰਜੀ, ਗੁਰਕੀਰਤ ਸਿੰਘ, ਜਾਇਦ ਅਲੀ, ਮਾਧਵ ਅਰੋੜਾ, ਸਕਸ਼ਮ ਸੋਨਵਨੇ ਤੇ ਤਨਿਸ਼ਕਾ ਸਰਕਾਰ ਦੀ ਪੇਸ਼ਕਾਰੀ ਨਾਲ ਹੋਈ। ਫਾਈਨਲ ਐਪੀਸੋਡ 'ਚ ਜੈਕੀ ਸ਼ਰਾਫ, ਗੋਵਿੰਦਾ ਤੇ ਸ਼ਕਤੀ ਕਪੂਰ ਬਤੌਰ ਮੁੱਖ ਮਹਿਮਾਨ ਹਜ਼ਾਰ ਹੋਏ। ਮੁਕਾਬਲੇਬਾਜ਼ਾਂ 'ਚੋਂ ਜੇਤੂ ਦਾ ਫ਼ੈਸਲਾ ਵੈੱਬਸਾਈਟ ਫਰਸਟ ਕ੍ਰਾਈ ਡਾਟ ਕਾਮ ਜ਼ਰੀਏ ਮਿਲੇ ਜਨਤਾ ਦੀਆਂ ਵੋਟਾਂ ਦੇ ਆਧਾਰ 'ਤੇ ਕੀਤਾ ਗਿਆ। 

ਖ਼ਾਸ ਗੱਲ ਇਹ ਹੈ ਕਿ ਸੱਤਵੀਂ ਜਮਾਤ 'ਚ ਪੜ੍ਹਨ ਵਾਲੀ ਆਰਿਆਨੰਦਾ ਨੂੰ ਹਿੰਦੀ ਬੋਲਣੀ ਨਹੀਂ ਆਉਂਦੀ। ਸ਼ੋਅ 'ਚ ਉਨ੍ਹਾਂ ਨੂੰ ਹਿੰਦੀ ਗੀਤਾਂ ਨੂੰ ਮਲਿਆਲਮ 'ਚ ਲਿਖ ਕੇ ਦਿੱਤਾ ਜਾਂਦਾ ਸੀ। ਇਨਾਮੀ ਰਾਸ਼ੀ ਬਾਰੇ ਆਰਿਆਨੰਦਾ ਦਾ ਕਹਿਣਾ ਹੈ ਕਿ ਅਜੇ ਅਸੀਂ ਕਿਰਾਏ ਦੇ ਘਰ 'ਚ ਰਹਿੰਦੇ ਹਾਂ, ਇਸ ਸ਼ੋਅ 'ਚ ਜਿੱਤੇ ਪੈਸਿਆਂ ਨਾਲ ਅਸੀਂ ਇਕ ਘਰ ਲਵਾਂਗੇ ਤੇ ਕੁਝ ਪੈਸੇ ਮੈਂ ਆਪਣੀ ਪੜ੍ਹਾਈ ਲਈ ਵੀ ਰੱਖਾਂਗੀ। ਲਤਾ ਮੰਗੇਸ਼ਕਰ ਮੇਰੀ ਪ੍ਰੇਰਣਾ ਹੈ। ਮੈਂ ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ 'ਚ ਗਾ ਕੇ ਮਸ਼ਹੂਰ ਗਾਇਕਾ ਬਣਨਾ ਚਾਹੁੰਦੀ ਹਾਂ। ਕਾਬਿਲੇਗੌਰ ਹੈ ਕਿ ਆਰਿਆਨੰਦਾ ਦੇ ਮਾਤਾ-ਪਿਤਾ ਕੋਚੀ 'ਚ ਬੱਚਿਆਂ ਨੂੰ ਦੱਖਣੀ ਭਾਰਤੀ ਸ਼ਾਸਤਰੀ ਸੰਗੀਤ ਸਿਖਾਉਂਦੇ ਹਨ। ਆਰਿਆਨੰਦਾ ਇਸ ਤੋਂ ਪਹਿਲਾਂ ਵੀ 2018 'ਚ ਸਾਰੇਗਾਮਾਪਾ ਲਿਟਲ ਚੈਂਪਸ ਤਮਿਲ ਦੀ ਰਨਰ-ਅਪ ਰਹਿ ਚੁੱਕੀ ਹੈ।

sunita

This news is Content Editor sunita