''ਬਾਹੁਬਲੀ'' ਨੇ ਬਣਾਇਆ ਕਮਾਈ ਦਾ ਰਿਕਾਰਡ, ਦੋ ਦਿਨ ''ਚ ਕਮਾਏ 100 ਕਰੋੜ

Sunday, Jul 12, 2015 - 06:35 PM (IST)

ਮੁੰਬਈ- ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ ''ਬਾਹੁਬਲੀ'' ਨੇ ਸ਼ੁਰੂਆਤੀ 2 ਦਿਨਾਂ ''ਚ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਫਿਲਮ ਨੇ ਪਹਿਲੇ ਦਿਨ 50 ਕਰੋੜ ਦਾ ਕਾਰੋਬਾਰ ਕੀਤਾ ਸੀ, ਉਥੇ ਸ਼ਨੀਵਾਰ ਨੂੰ ਫਿਲਮ ਨੇ 55 ਕਰੋੜ ਰੁਪਏ ਕਮਾਏ। ਉਂਝ ਐਤਵਾਰ ਸਵੇਰ ਤੋਂ ਹੀ ਫਿਲਮ ਦੇ 90 ਫੀਸਦੀ ਸ਼ੋਅਜ਼ ਹਾਊਸਫੁਲ ਚੱਲ ਰਹੇ ਹਨ। ਇਸ ਲਿਹਾਜ਼ ਨਾਲ ਕਿਹਾ ਜਾ ਸਕਦਾ ਹੈ ਕਿ ਫਿਲਮ ਤੀਜੇ ਦਿਨ ਲਗਭਗ 58 ਕਰੋੜ ਰੁਪਏ ਦਾ ਕਾਰੋਬਾਰ ਕਰ ਲਵੇਗੀ। ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਸ਼ੁਰੂਆਤੀ ਤਿੰਨ ਦਿਨਾਂ ''ਚ ਬਾਹੁਬਲੀ 150 ਕਰੋੜ ਦੇ ਪਾਰ ਹੋ ਸਕਦੀ ਹੈ।
ਦੱਸਣਯੋਗ ਹੈ ਕਿ ਇਹ ਫਿਲਮ ਕਈ ਭਾਸ਼ਾਵਾਂ ''ਚ ਰਿਲੀਜ਼ ਹੋਈ ਹੈ। ਇਸ ਦੇ ਹਿੰਦੀ ਵਰਜ਼ਨ ''ਚ ਵੀ ਦੂਜੇ ਦਿਨ 40 ਫੀਸਦੀ ਵਾਧਾ ਹੋਇਆ ਹੈ। ਬਾਹੁਬਲੀ ਦੇ ਹਿੰਦੀ ਵਰਜ਼ਨ ਨੇ ਸ਼ੁੱਕਰਵਾਰ ਨੂੰ 5.15 ਕਰੋੜ, ਉਥੇ ਸ਼ਨੀਵਾਰ ਨੂੰ 7.09 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। 250 ਕਰੋੜ ਤੋਂ ਵੱਧ ਦੇ ਬਜਟ ਨਾਲ ਬਣੀ ਫਿਲਮ ਬਾਹੁਬਲੀ ਸਭ ਤੋਂ ਮਹਿੰਗੀ ਭਾਰਤੀ ਫਿਲਮ ਦੱਸੀ ਜਾ ਰਹੀ ਹੈ। ਇਸ ''ਚ ਸ਼ਾਨਦਾਰ ਸਪੈਸ਼ਲ ਇਫੈਕਟਸ ਦੀ ਵਰਤੋਂ ਕੀਤੀ ਗਈ ਹੈ। ਕੁਝ ਜਾਣਕਾਰ ਤਾਂ ਇਸ ਨੂੰ ਹਾਲੀਵੁੱਡ ਫਿਲਮ 300 ਦਾ ਭਾਰਤੀ ਵਰਜ਼ਨ ਵੀ ਆਖ ਰਹੇ ਹਨ। ਫਿਲਮ ਦੇ ਡਾਇਰੈਕਟਰ ਐੱਸ. ਐੱਲ. ਰਾਜਾਮੌਲੀ ਹਨ। ਫਿਲਮ ''ਚ ਪ੍ਰਭਾਸ, ਰਾਣਾ ਦੱਗੂਬਤੀ, ਤਮੰਨਾ ਭਾਟੀਆ ਤੇ ਅਨੁਸ਼ਕਾ ਸ਼ੈੱਟੀ ਮੁੱਖ ਭੂਮਿਕਾ ਵਿਚ ਹਨ।

Related News