ਦਿਲੀਪ ਤੋਂ ਏ. ਆਰ. ਰਹਿਮਾਨ ਬਣਨਾ, ਕੈਨੇਡਾ ''ਚ ਯਾਦਗਰ ਸਨਮਾਨ ਮਿਲਣਾ, ਪੜ੍ਹੋ ਇਹ ਦਿਲਚਸਪ ਕਿੱਸੇ

01/06/2024 2:24:44 PM

ਐਂਟਰਟੇਨਮੈਂਟ ਡੈਸਕ : ਏ. ਆਰ. ਰਹਿਮਾਨ ਇੱਕ ਅਜਿਹੇ ਸੰਗੀਤਕਾਰ ਹਨ, ਜਿਨ੍ਹਾਂ ਦਾ ਸੰਗੀਤ ਕਿਸੇ ਵੀ ਫ਼ਿਲਮ ਨੂੰ ਬਲਾਕਬਸਟਰ ਬਣਾਉਣ ਲਈ ਕਾਫ਼ੀ ਹੈ। ਏ. ਆਰ. ਰਹਿਮਾਨ ਨੇ ਫ਼ਿਲਮਾਂ 'ਚ ਆਪਣੇ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਵੱਖਰੀ ਛਾਪ ਛੱਡੀ ਹੈ। ਉਨ੍ਹਾਂ ਨੇ 'ਰੋਜਾ', 'ਬਾਂਬੇ', 'ਤਾਲ', 'ਜੋਧਾ ਅਕਬਰ', 'ਰੰਗ ਦੇ ਬਸੰਤੀ', 'ਸਵਦੇਸ', 'ਰਾਕਸਟਾਰ' ਵਰਗੀਆਂ ਫ਼ਿਲਮਾਂ ਨੂੰ ਸੰਗੀਤ ਦਿੱਤਾ ਹੈ।

ਦਿਲੀਪ ਤੋਂ ਬਣੇ ਏ. ਆਰ. ਰਹਿਮਾਨ
ਏ. ਆਰ. ਰਹਿਮਾਨ ਦਾ ਜਨਮ ਇੱਕ ਹਿੰਦੂ ਪਰਿਵਾਰ 'ਚ ਹੋਇਆ ਸੀ ਅਤੇ ਉਨ੍ਹਾਂ ਦਾ ਨਾਮ ਦਿਲੀਪ ਸੀ। ਫਿਰ 23 ਸਾਲ ਦੀ ਉਮਰ 'ਚ ਰਹਿਮਾਨ ਨੇ ਇਸਲਾਮ ਕਬੂਲ ਕਰ ਲਿਆ ਅਤੇ ਆਪਣਾ ਨਾਂ ਬਦਲ ਕੇ 'ਅੱਲ੍ਹਾ ਰੱਖਿਆ ਰਹਿਮਾਨ' ਯਾਨੀ ਏ. ਆਰ. ਰਹਿਮਾਨ ਰੱਖ ਲਿਆ। ਉਨ੍ਹਾਂ ਨੇ ਅਜਿਹਾ ਆਪਣੇ ਇੱਕ ਗੁਰੂ ਕਾਦਰੀ ਇਸਲਾਮ ਨੂੰ ਮਿਲਣ ਤੋਂ ਬਾਅਦ ਕੀਤਾ।

ਪਹਿਲੀ ਫ਼ਿਲਮ ਲਈ ਮਿਲੇ ਸਨ 25000
ਏ. ਆਰ. ਰਹਿਮਾਨ ਨੇ ਮਣੀ ਰਤਨਮ ਦੀ ਫ਼ਿਲਮ 'ਰੋਜ਼ਾ' ਨਾਲ ਸੰਗੀਤਕਾਰ ਦੇ ਤੌਰ 'ਤੇ ਆਪਣਾ ਸਫ਼ਰ ਸ਼ੁਰੂ ਕੀਤਾ। ਇਸ ਫ਼ਿਲਮ 'ਚ ਮਣੀ ਰਤਨਮ ਨੇ ਦਿੱਗਜ ਸੰਗੀਤਕਾਰ ਇਲਿਆਰਾਜਾ ਦੀ ਥਾਂ ਰਹਿਮਾਨ ਨੂੰ ਚੁਣਿਆ ਸੀ। ਰਹਿਮਾਨ ਨੂੰ 'ਰੋਜ਼ਾ' ਲਈ 25,000 ਰੁਪਏ ਦੀ ਫੀਸ ਦਿੱਤੀ ਗਈ ਸੀ। ਉਨ੍ਹਾਂ ਨੇ ਆਪਣੀ ਪਹਿਲੀ ਫ਼ਿਲਮ ਲਈ ਨੈਸ਼ਨਲ ਐਵਾਰਡ ਵੀ ਜਿੱਤਿਆ ਸੀ।

ਕੈਨੇਡਾ 'ਚ ਰਹਿਮਾਨ ਦੇ ਨਾਂ 'ਤੇ ਹੈ ਇਕ ਗਲੀ
ਮਾਰਖਮ (ਓਨਟਾਰੀਓ, ਕੈਨੇਡਾ) 'ਚ ਇੱਕ ਗਲੀ ਦਾ ਨਾਂ ਰਹਿਮਾਨ ਦੇ ਨਾਂ 'ਤੇ ਰੱਖਿਆ ਗਿਆ ਹੈ। ਇਸ ਗਲੀ ਦਾ ਨਾਂ 'ਅੱਲ੍ਹਾ ਰਾਖਾ ਰਹਿਮਾਨ ਸਟਰੀਟ' ਰੱਖਿਆ ਗਿਆ ਹੈ ਅਤੇ ਇਸ ਦਾ ਉਦਘਾਟਨ ਸਾਲ 2017 'ਚ ਕੀਤਾ ਗਿਆ ਸੀ। ਉਥੇ ਹੀ ਏਅਰਟੈੱਲ ਦੀ ਸਿਗਨੇਚਰ ਟਿਊਨ ਲਗਪਗ ਹਰ ਕਿਸੇ ਨੂੰ ਯਾਦ ਹੋਵੇਗੀ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਇਹ ਧੁਨ ਰਹਿਮਾਨ ਨੇ ਖੁਦ ਬਣਾਈ ਸੀ।

ਚਾਰ ਕੀਬੋਰਡ ਚਲਾ ਕੇ ਕੀਤਾ ਹੈਰਾਨ
ਏ. ਆਰ. ਰਹਿਮਾਨ ਦਾ ਸੰਗੀਤ ਲੋਕਾਂ ਨੂੰ ਜ਼ਰੂਰ ਪਸੰਦ ਹੈ। ਇਸ ਤੋਂ ਇਲਾਵਾ ਉਹ ਕੀ-ਬੋਰਡ ਵਜਾਉਣ 'ਚ ਵੀ ਨਿਪੁੰਨ ਹੈ। ਇਸ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਇਕ ਵਾਰ ਉਸ ਨੇ ਇਕੋ ਸਮੇਂ 4 ਕੀਬੋਰਡ ਚਲਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।

ਨੈਸ਼ਨਲ ਤੇ ਆਸਕਰ ਐਵਾਰਡ 
ਰਹਿਮਾਨ ਨੇ ਆਪਣੇ ਸੰਗੀਤ ਲਈ 6 ਵਾਰ ਰਾਸ਼ਟਰੀ ਪੁਰਸਕਾਰ ਜਿੱਤਿਆ ਹੈ, ਜਿਨਾਂ 'ਚੋਂ ਪੰਜ ਸਰਬੋਤਮ ਸੰਗੀਤ ਨਿਰਦੇਸ਼ਨ ਲਈ ਅਤੇ ਇੱਕ ਸਰਬੋਤਮ ਬੈਕਗ੍ਰਾਊਂਡ ਸਕੋਰ ਲਈ ਹੈ। ਪਹਿਲਾ ਐਵਾਰਡ 1992 'ਚ 'ਰੋਜ਼ਾ' ਲਈ, ਦੂਜਾ 1996 'ਚ ਤਾਮਿਲ ਫ਼ਿਲਮ 'ਮੀਨਸਰਾ ਕਾਨਵੂ' ਲਈ, ਤੀਜਾ 2001 'ਚ 'ਲਗਾਨ' ਲਈ, 2002 'ਚ ਤਮਿਲ ਫ਼ਿਲਮ 'ਕੰਨਥਿਲ ਮੁਥਾਮਿਟਲ' ਲਈ ਚੌਥਾ ਅਤੇ 2017 'ਚ ਤਾਮਿਲ ਫ਼ਿਲਮ 'ਕਾਟਰੂ ਵੇਲੀਇਦਾਈ' ਲਈ ਪੰਜਵਾਂ ਪੁਰਸਕਾਰ ਜਿੱਤਿਆ ਗਿਆ ਸੀ। 2017 'ਚ ਹੀ ਉਨ੍ਹਾਂ ਨੇ ਹਿੰਦੀ ਫ਼ਿਲਮ 'ਮੌਮ' ਲਈ ਸਰਬੋਤਮ ਬੈਕਗ੍ਰਾਉਂਡ ਸਕੋਰ ਸ਼੍ਰੇਣੀ 'ਚ ਰਾਸ਼ਟਰੀ ਪੁਰਸਕਾਰ ਵੀ ਜਿੱਤਿਆ। ਰਹਿਮਾਨ ਨੂੰ 'ਸਲਮਡੌਗ ਮਿਲੀਅਨੇਅਰ' ਲਈ ਉਸੇ ਸਾਲ 2 ਆਸਕਰ ਮਿਲੇ ਸਨ। 'ਸਲੱਮਡੌਗ ਮਿਲੀਅਨੇਅਰ' ਤੋਂ ਇਲਾਵਾ ਰਹਿਮਾਨ ਨੇ ਹਾਲੀਵੁੱਡ ਫ਼ਿਲਮਾਂ '127 ਆਵਰਸ' ਅਤੇ 'ਲਾਰਡ ਆਫ ਵਾਰ' ਲਈ ਵੀ ਸੰਗੀਤ ਤਿਆਰ ਕੀਤਾ ਹੈ।

sunita

This news is Content Editor sunita