ਮਹਿਲਾ ਦੇ ਇਕ ਹੱਥ ’ਚ ਬੱਚਾ, ਦੂਜੇ ਨਾਲ ਫੜੀ ਕੈਚ, ਵੀਡੀਓ ਦੇਖ ਅਨੁਸ਼ਕਾ ਸ਼ਰਮਾ ਹੋਈ ਇੰਪ੍ਰੈੱਸ

06/16/2021 4:13:22 PM

ਮੁੰਬਈ (ਬਿਊਰੋ)– ਅਦਾਕਾਰਾ ਅਨੁਸ਼ਕਾ ਸ਼ਰਮਾ ਦੀਆਂ ਅਕਸਰ ਆਪਣੇ ਪਤੀ ਵਿਰਾਟ ਕੋਹਲੀ ਨੂੰ ਮੈਚ ਦੌਰਾਨ ਉਤਸ਼ਾਹਿਤ ਕਰਦਿਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਅਦਾਕਾਰਾ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਇਕ ਮਹਿਲਾ ਆਪਣੇ ਛੋਟੇ ਬੱਚੇ ਨੂੰ ਇਕ ਹੱਥ ’ਚ ਫੜਦਿਆਂ ਦੂਜੇ ਹੱਥ ਨਾਲ ਬੇਸਬਾਲ ਮੈਚ ਦੌਰਾਨ ਬਾਲ ਕੈਚ ਕਰਦੀ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ’ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਅਨੁਸ਼ਕਾ ਨੇ ਇਹ ਵੀਡੀਓ ਸਾਂਝੀ ਕਰਦਿਆਂ ਲਿਖਿਆ, ‘Nothing We Cannot Do.’

ਇਹ ਵੀਡੀਓ ਯੂਟਿਊਬ ’ਤੇ ਐੱਮ. ਐੱਲ. ਬੀ. ਨੇ ਸਾਂਝੀ ਕੀਤੀ ਸੀ। ਇਸ ਵੀਡੀਓ ਦੀ ਕੈਪਸ਼ਨ ’ਚ ਲਿਖਿਆ ਸੀ, ‘ਬੱਚੇ ਨੂੰ ਸੰਭਾਲਦਿਆਂ ਮਾਂ ਕੁਝ ਵੀ ਕਰ ਸਕਦੀ ਹੈ, ਇਥੋਂ ਤਕ ਕਿ ਇਕ ਬਾਲ ਵੀ ਕੈਚ ਕਰ ਸਕਦੀ ਹੈ।’

ਦੱਸ ਦੇਈਏ ਕਿ ਅਨੁਸ਼ਕਾ ਵੀ ਇਕ ਬੇਟੀ ਦੀ ਮਾਂ ਹੈ। ਉਸ ਨੇ ਆਪਣੀ ਬੱਚੀ ਦਾ ਨਾਂ ਵਾਮਿਕਾ ਰੱਖਿਆ ਹੈ। ਇਸੇ ਸਾਲ ਜਨਵਰੀ ਮਹੀਨੇ ’ਚ ਅਨੁਸ਼ਕਾ ਨੇ ਬੇਟੀ ਨੂੰ ਜਨਮ ਦਿੱਤਾ ਹੈ। ਅਨੁਸ਼ਕਾ ਨੇ ਬੇਟੀ ਦਾ ਚਿਹਰਾ ਅਜੇ ਤਕ ਨਹੀਂ ਦਿਖਾਇਆ ਹੈ। ਵਿਰਾਟ ਤੇ ਅਨੁਸ਼ਕਾ ਦਾ ਮੰਨਣਾ ਹੈ ਕਿ ਜਦੋਂ ਤਕ ਉਸ ਦੀ ਬੇਟੀ ਸੋਸ਼ਲ ਮੀਡੀਆ ਨੂੰ ਸਮਝਣ ਲਾਇਕ ਨਹੀਂ ਬਣਦੀ, ਉਹ ਉਸ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਣਗੇ।

ਅਨੁਸ਼ਕਾ ਸ਼ਰਮਾ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਮਜ਼ੇਦਾਰ ਤੇ ਫਨੀ ਪੋਸਟਾਂ ਵੀ ਸਾਂਝੀਆਂ ਕਰਦੀ ਰਹਿੰਦੀ ਹੈ। ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਤੋਂ ਇਲਾਵਾ ਉਹ ਜ਼ਰੂਰੀ ਜਾਣਕਾਰੀ ਤੇ ਮੋਟੀਵੇਸ਼ਨ ਪੋਸਟਾਂ ਵੀ ਸਾਂਝੀਆਂ ਕਰਦੀ ਹੈ। ਕੰਮਕਾਜ ਦੀ ਗੱਲ ਕਰੀਏ ਤਾਂ ਆਖਰੀ ਵਾਰ ਫ਼ਿਲਮ ‘ਜ਼ੀਰੋ’ ’ਚ ਅਨੁਸ਼ਕਾ ਨੂੰ ਦੇਖਿਆ ਗਿਆ ਸੀ। ਇਸ ਫ਼ਿਲਮ ’ਚ ਅਨੁਸ਼ਕਾ ਸ਼ਾਹਰੁਖ ਖ਼ਾਨ ਤੇ ਕੈਟਰੀਨਾ ਕੈਫ ਨਾਲ ਮੁੱਖ ਭੂਮਿਕਾ ’ਚ ਸੀ। ਇਸ ਤੋਂ ਬਾਅਦ ਹੁਣ ਉਸ ਨੇ ਅਦਾਕਾਰੀ ਤੋਂ ਦੂਰੀ ਬਣਾਈ ਹੋਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh