ਅਨੁਸ਼ਕਾ ਨੇ ਦੱਸਿਆ ਕੋਰੋਨਾ ਕਾਲ 'ਚ ਕਿਵੇਂ ਮਿਲੇਗੀ ਗਰਭਵਤੀ ਜਨਾਨੀਆਂ ਨੂੰ 24 ਘੰਟੇ ਮਦਦ, ਜਾਰੀ ਕੀਤਾ ਮੋਬਾਇਲ ਨੰਬਰ

05/19/2021 1:09:09 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ ਅਦਾਕਾਰੀ ਤੋਂ ਇਲਾਵਾ ਸਮਾਜਿਕ ਕੰਮਾਂ 'ਚ ਬਹੁਤ ਸਰਗਰਮ ਰਹਿੰਦੀ ਹੈ। ਅਨੁਸ਼ਕਾ ਸ਼ਰਮਾ ਅਕਸਰ ਲੋੜਵੰਦਾਂ ਦੀ ਮਦਦ ਕਰਦੀ ਨਜ਼ਰ ਆਉਂਦੀ ਹੈ। ਹਾਲ ਹੀ 'ਚ ਅਨੁਸ਼ਕਾ ਨੇ ਆਪਣੇ ਪਤੀ ਕ੍ਰਿਕਟਰ ਵਿਰਾਟ ਕੋਹਲੀ ਨਾਲ ਮਿਲ ਕੇ ਕੋਵਿਡ ਰਾਹਤ ਲਈ ਫੰਡ ਇਕੱਠਾ ਕੀਤਾ, ਜਿਸ ਕਾਰਨ ਉਸ ਨੇ ਕਾਫ਼ੀ ਸੁਰਖੀਆਂ ਬਟੋਰੀਆਂ। ਇਸ ਦੇ ਨਾਲ ਹੀ ਅਨੁਸ਼ਕਾ ਨੇ ਗਰਭਵਤੀ ਅਤੇ ਮਾਵਾਂ ਬਣਨ ਵਾਲੀਆਂ ਔਰਤਾਂ ਦੀ ਮਦਦ ਕਰਨ ਦੀ ਜ਼ਿੰਮੇਵਾਰੀ ਲੈਂਦਿਆਂ ਹੈਲਪਲਾਈਨ ਨੰਬਰ ਸਾਂਝਾ ਕੀਤਾ ਹੈ।

ਅਨੁਸ਼ਕਾ ਸ਼ਰਮਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਗਰਭਵਤੀ ਅਤੇ ਮਾਂ ਬਣਨ ਵਾਲੀਆਂ ਜਨਾਨੀਆਂ ਲਈ ਇਕ ਹੈਲਪਲਾਈਨ ਨੰਬਰ ਸਾਂਝਾ ਕੀਤਾ ਹੈ ਤਾਂ ਕਿ ਇਨ੍ਹਾਂ ਜਨਾਨੀਆਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਨ 'ਚ ਸਹਾਇਤਾ ਕਰ ਸਕੇ। ਇਸ ਇੰਸਟਾ ਸਟੋਰੀ 'ਚ ਅਨੁਸ਼ਕਾ ਨੇ ਦੱਸਿਆ ਕਿ ਨੈਸ਼ਨਲ ਕਮਿਸ਼ਨ ਫਾਰ ਵੂਮੈਨ (ਐੱਨ. ਸੀ. ਡਬਲਯੂ) ਨੇ 'ਹੈਪੀ ਟੂ ਹੈਲਪ' ਪਹਿਲਕਦਮੀ ਤਹਿਤ ਗਰਭਵਤੀ ਅਤੇ ਹਾਲ ਹੀ 'ਚ ਮਾਂ ਬਣੀਆਂ ਮਹਿਲਾਵਾਂ ਨੂੰ ਡਾਕਟਰੀ ਸਹਾਇਤਾ ਦੇਣ ਲਈ ਇਕ ਹੈਲਪਲਾਈਨ ਨੰਬਰ ਸਾਂਝਾ ਕੀਤਾ ਹੈ। ਐੱਨ. ਸੀ. ਡਬਲਯੂ. ਦੀ ਟੀਮ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ 24 ਘੰਟੇ ਉਪਲਬਧ ਰਹੇਗੀ।

ਦੱਸ ਦਈਏ ਕਿ ਅਨੁਸ਼ਕਾ ਸ਼ਰਮਾ ਨੇ ਹੈਲਪਲਾਈਨ ਨੰਬਰ ਨਾਲ ਈਮੇਲ ਆਈਡੀ ਵੀ ਸਾਂਝੀ ਕੀਤੀ ਹੈ। ਹੈਲਪਲਾਈਨ ਦਾ ਵ੍ਹਟਸਐਪ ਨੰਬਰ 9354954224 ਹੈ, ਜਦੋਂ ਕਿ ਈਮੇਲ ਆਈਡੀ helpatncw@gmail.com ਹੈ। ਹੈਲਪਲਾਈਨ ਨੰਬਰ ਤੋਂ ਇਲਾਵਾ ਪ੍ਰਦਾਨ ਕੀਤੀ ਗਈ ਈਮੇਲ ਆਈਡੀ ਵੀ ਮਦਦ ਕਰੇਗੀ।


ਦੱਸਣਯੋਗ ਹੈ ਕਿ ਹਾਲ ਹੀ 'ਚ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਕੋਰੋਨਾ ਰਿਲੀਫ ਫੰਡ ਦਾ ਟਾਰਗੇਟ ਵਧਾ ਕੇ 11 ਕਰੋੜ ਰੁਪਏ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਦੋਵਾਂ ਦਾ 7 ਕਰੋੜ ਰੁਪਏ ਜਮ੍ਹਾਂ ਕਰਵਾਉਣ ਦਾ ਟਾਰਗੇਟ ਸੀ। ਇਹ ਜਾਣਕਾਰੀ ਅਨੁਸ਼ਕਾ ਸ਼ਰਮਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਦਿੱਤੀ ਹੈ। ਉਨ੍ਹਾਂ ਲਿਖਿਆ, 'ਮੈਂ ਅਤੇ ਵਿਰਾਟ ਕੋਹਲੀ ਐੱਮ. ਪੀ. ਐੱਲ. ਸਪੋਰਟਸ ਫਾਉਂਡੇਸ਼ਨ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਕੋਰੋਨਾ ਮਹਾਮਾਰੀ 'ਚ ਸਾਡੇ ਯਤਨਾਂ ਨੂੰ ਹੁਲਾਰਾ ਦਿੱਤਾ ਹੈ। ਤੁਹਾਡਾ 5 ਕਰੋੜ ਰੁਪਏ ਦਾ ਸਮਰਥਨ ਸਾਨੂੰ ਅੱਗੇ ਵਧਣ ਲਈ ਪ੍ਰੇਰਿਤ ਕਰੇਗਾ ਅਤੇ ਅਸੀਂ ਆਪਣਾ ਟਾਰਗੇਟ ਵਧਾ ਕੇ 11 ਕਰੋੜ ਰੁਪਏ ਕਰ ਦਿੱਤਾ ਹੈ।' ਇਸ ਕੰਮ ਲਈ ਅਨੁਸ਼ਕਾ ਅਤੇ ਵਿਰਾਟ ਦੀ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਾ ਹੋ ਰਹੀ ਹੈ। ਇਸ ਦੇ ਨਾਲ ਹੀ ਮਹਿਲਾਵਾਂ ਲਈ ਅਨੁਸ਼ਕਾ ਦਾ ਕਦਮ ਕਾਫ਼ੀ ਪ੍ਰਸ਼ੰਸਾਯੋਗ ਹੈ।

sunita

This news is Content Editor sunita