ਸੋਨੂੰ ਸੂਦ ਬਣੇ ਮਜ਼ਦੂਰ ਦੀ ਨਵਜੰਮੀ ਧੀ ਲਈ ਫਰਿਸ਼ਤਾ, ਕਰਵਾਉਣਗੇ ਦਿਲ ਦਾ ਆਪ੍ਰੇਸ਼ਨ

06/12/2021 10:20:16 AM

ਜਲੌਰ- ਅਦਾਕਾਰ ਸੋਨੂੰ ਸੂਦ ਨੇ ਦੇਸ਼ ਭਰ ਵਿਚ ਮਦਦ ਲਈ ਆਪਣੇ ਹੱਥ ਵਧਾਏ ਹਨ। ਹੁਣ ਉਹ ਜਲੌਰ ਤੋਂ ਇਕ ਦਿਹਾੜੀ ਮਜ਼ਦੂਰ ਦੀ ਧੀ ਦੇ ਦਿਲ ਦਾ ਆਪ੍ਰੇਸ਼ਨ ਕਰਵਾਉਣਗੇ। ਜਾਲੌਰ ਦੇ ਭਾਗਰਾਮ ਦੇ ਘਰ 1 ਜੂਨ ਨੂੰ ਲੜਕੀ ਨੇ ਜਨਮ ਲਿਆ ਪਰ ਸਿਹਤ ਸਮੱਸਿਆਵਾਂ ਹੋਣ ਤੋਂ ਬਾਅਦ ਡਾਕਟਰਾਂ ਨੇ ਪਾਇਆ ਕਿ ਨਵਜੰਮੀ ਲੜਕੀ ਦੀ ਜਾਂਚ ਵਿਚ ਮਾਸੂਮ ਦੇ ਦਿਲ ਵਿੱਚ ਇੱਕ ਛੇਕ ਹੈ ਅਤੇ ਦਿਲ ਦੀਆਂ ਨਾੜੀਆਂ ਵੀ ਗ਼ਲਤ ਢੰਗ ਨਾਲ ਜੁੜੀਆਂ ਹੋਈਆਂ ਹਨ। ਡਾਕਟਰਾਂ ਨੇ ਦੱਸਿਆ ਕਿ ਇਹਨਾਂ ਨੂੰ ਆਪ੍ਰੇਸ਼ਨ ਕਰਕੇ ਹੀ ਠੀਕ ਕੀਤਾ ਜਾ ਸਕਦਾ ਹੈ। ਇਹ ਆਪ੍ਰੇਸ਼ਨ ਸਿਰਫ਼ ਜੋਧਪੁਰ ਵਰਗੇ ਵੱਡੇ ਸ਼ਹਿਰ ਵਿੱਚ ਕੀਤਾ ਜਾ ਸਕਦਾ ਹੈ। ਫਿਰ ਭਾਗਰਮ ਆਪਣੀ ਲੜਕੀ ਨੂੰ ਲੈ ਕੇ ਜੋਧਪੁਰ ਚਲਾ ਗਿਆ। ਉਥੇ ਡਾਕਟਰਾਂ ਨੇ ਆਪ੍ਰੇਸ਼ਨ ਦਾ ਖਰਚ 8 ਲੱਖ ਰੁਪਏ ਦੱਸਿਆ।


ਮਜ਼ਦੂਰ ਪਿਤਾ ਅਪ੍ਰੇਸ਼ਨ ਦਾ ਖਰਚਾ ਚੁੱਕਣ ਦੇ ਅਯੋਗ ਸੀ। ਉਹ ਥੱਕ ਹਾਰ ਕੇ ਘਰ ਬੈਠ ਗਿਆ। ਇਸੇ ਦੌਰਾਨ ਗੁਆਂਢ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸ ਨੇ ਸੰਚੌਰ ਵਿੱਚ ਰਹਿੰਦੇ ਸਮਾਜ ਸੇਵਕ ਨਾਲ ਸੰਪਰਕ ਕੀਤਾ। ਉਸ ਨੇ ਦਰਿਆਦਿਲ ਸਿਨੇਮਾ ਸਟਾਰ ਸੋਨ ਸੂਦ ਨੂੰ ਟਵੀਟ ਕਰਕੇ ਲੜਕੀ ਦੀ ਬਿਮਾਰੀ ਅਤੇ ਪਿਤਾ ਬਾਰੇ ਦੱਸਿਆ। ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਸੋਨੂੰ ਸੂਦ ਨੇ ਟਵਿੱਟਰ ਰਾਹੀਂ ਸੰਪਰਕ ਕੀਤਾ। ਲੜਕੀ ਦੇ ਪਰਿਵਾਰ ਬਾਰੇ ਜਾਣਕਾਰੀ ਲੈ ਕੇ ਭਰੋਸਾ ਦੁਆਇਆ ਕਿ ਉਹ ਮੁੰਬਈ ਦੇ ਵੱਡੇ ਡਾਕਟਰ ਤੋਂ ਲੜਕੀ ਦਾ ਆਪ੍ਰੇਸ਼ਨ ਕਰਵਾਉਣਗੇ ਅਤੇ ਸਾਰਾ ਖਰਚਾ ਉਨ੍ਹਾਂ ਦੀ ਫਾਊਂਡੇਸ਼ਨ ਚੁੱਕੇਗੀ।


ਸੋਨੂੰ ਦੀ ਟੀਮ ਦੇ ਹਿਤੇਸ਼ ਜੈਨ ਜੋਧਪੁਰ ਤੋਂ ਐਂਬੂਲੈਂਸ ਰਾਹੀਂ ਲੜਕੀ ਨੂੰ ਲੈਣ ਪੁੱਜੇ। ਹਿਤੇਸ਼ ਜੈਨ ਦੇ ਜਾਣ ਤੋਂ ਪਹਿਲਾਂ ਸੋਨੂੰ ਸੂਦ ਨੂੰ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਵਾਈ। ਪਰਿਵਾਰ ਨੇ ਹੱਥ ਜੋੜ ਕੇ ਸੋਨੂੰ ਸੂਦ ਦਾ ਧੰਨਵਾਦ ਕੀਤਾ ਤਾਂ ਉਨ੍ਹਾਂ ਕਿਹਾ ਕਿ ਧੰਨਵਾਦ ਕਰਨ ਦੀ ਕੋਈ ਗੱਲ ਨਹੀਂ, ਤੁਸੀਂ ਚਿੰਤਾ ਨਾ ਕਰੋ। ਬੱਚੀ ਪੂਰੀ ਤਰ੍ਹਾਂ ਤੰਦਰੁਸਤ ਹੋ ਕੇ ਜਲਦੀ ਹੀ ਘਰ ਆ ਜਾਵੇਗੀ। ਉਸ ਤੋਂ ਬਾਅਦ ਮੈਂ ਇਕ ਵਾਰ ਤੁਹਾਡੇ ਘਰ ਜ਼ਰੂਰ ਆਵਾਂਗਾ ਅਤੇ ਰਾਜਸਥਾਨੀ ਭੋਜਨ ਖਾਵਾਂਗਾ। ਪਰਿਵਾਰਕ ਮੈਂਬਰਾਂ ਨੇ ਲੜਕੀ ਦਾ ਨਾਮ ਸੋਨੂੰ ਰੱਖਿਆ ਹੈ। ਬੱਚੀ ਦੇ ਪਿਤਾ ਭਾਗਰਾਮ ਦਾ ਕਹਿਣਾ ਹੈ ਕਿ ਬੱਚੀ ਦਾ ਇਲਾਜ਼ ਇੰਨਾ ਮਹਿੰਗਾ ਸੀ, ਅਸੀਂ ਅਜਿਹਾ ਕਰਨ ਦੇ ਯੋਗ ਨਹੀਂ ਸੀ। ਸੋਨੂੰ ਸੂਦ ਸਾਡੇ ਲਈ ਰੱਬ ਵਰਗਾ ਹੈ। ਇਸ ਲਈ ਅਸੀਂ ਇਸ ਲੜਕੀ ਦਾ ਨਾਮ ਸੋਨੂੰ ਸਰ ਦੇ ਨਾਮ 'ਤੇ ਰੱਖਿਆ ਹੈ।

Aarti dhillon

This news is Content Editor Aarti dhillon