ਸਿਰਫ 25 ਫ਼ੀਸਦੀ ਲੀਵਰ ’ਤੇ ਜ਼ਿੰਦਾ ਨੇ ਅਮਿਤਾਭ ਬੱਚਨ, ਜਾਣੋ ਕਿਸ ਭਿਆਨਕ ਬੀਮਾਰੀ ਦਾ ਨੇ ਸ਼ਿਕਾਰ

04/19/2023 9:35:45 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ 25 ਫੀਸਦੀ ਲੀਵਰ ਕੰਮ ਕਰ ਰਿਹਾ ਹੈ ਅਤੇ 75 ਫੀਸਦੀ ਲੀਵਰ ਖ਼ਰਾਬ ਹੋ ਚੁੱਕਿਆ ਹੈ। ਦਰਅਸਲ 'ਲੀਵਰ ਸਿਰੋਸਿਸ' ਜੋ ਕਿ ਲੀਵਰ ਨਾਲ ਜੁੜੀ ਭਿਆਨਕ ਬਿਮਾਰੀ ਹੈ, ਜਿਸ ਨੇ ਬਿੱਗ ਬੀ ਦਾ 75 ਫੀਸਦੀ ਤੱਕ ਲੀਵਰ ਖ਼ਤਮ ਕਰ ਦਿੱਤਾ ਹੈ। ਲਿਵਰ ਸਿਰੋਸਿਸ ਦੀ ਬਿਮਾਰੀ ਉਦੋਂ ਹੁੰਦੀ ਹੈ ਜਦੋਂ ਜਿਗਰ ਲੰਬੇ ਸਮੇਂ ਤੋਂ ਖ਼ਰਾਬ ਕੰਮ ਕਰਦਾ ਹੈ। ਇਸ ਬਿਮਾਰੀ ਕਾਰਨ ਸਿਹਤਮੰਦ ਟਿਸ਼ੂਆਂ ਨੂੰ ਨੁਕਸਾਨ ਪਹੁੰਚਣਾ ਸ਼ੁਰੂ ਹੋ ਜਾਂਦਾ ਹੈ ਅਤੇ ਲੀਵਰ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕਰ ਪਾਉਂਦਾ। ਇਸ ਬਿਮਾਰੀ ਕਾਰਨ ਜਿਗਰ ਸਰੀਰ ਅੰਦਰਲੇ ਜ਼ਹਿਰੀਲੇ ਪਦਾਰਥਾਂ ਨੂੰ ਫਿਲਟਰ ਕਰਨ ਦੇ ਯੋਗ ਨਹੀਂ ਰਹਿੰਦਾ ਅਤੇ ਪ੍ਰੋਟੀਨ ਸਰੀਰ ਦੀਆਂ ਲੋੜਾਂ ਮੁਤਾਬਕ ਨਹੀਂ ਬਣ ਪਾਉਂਦਾ, ਜਿਸ ਕਾਰਨ ਖੂਨ ਦੇ ਵਹਾਅ 'ਚ ਰੁਕਾਵਟ ਪੈਦਾ ਹੋ ਜਾਂਦੀ ਹੈ। ਇਸ ਹਾਲਤ 'ਚ ਬਿਨਾਂ ਇਲਾਜ ਦੇ ਵਿਅਕਤੀ ਦਾ ਜਿਗਰ ਸਹੀ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੰਦਾ ਹੈ।

25 ਫੀਸਦੀ ਲਿਵਰ 'ਤੇ ਜ਼ਿੰਦਾ ਨੇ ਅਮਿਤਾਭ
ਅਮਿਤਾਭ ਬੱਚਨ ਸਿਰਫ਼ 25 ਫੀਸਦੀ ਲਿਵਰ ਫੰਕਸ਼ਨ ਨਾਲ ਜ਼ਿੰਦਾ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਲੀਵਰ ਫੇਲ੍ਹ ਉਦੋਂ ਹੀ ਹੁੰਦਾ ਹੈ ਜਦੋਂ ਇਸ ਦਾ 80 ਤੋਂ 90 ਫ਼ੀਸਦੀ ਹਿੱਸਾ ਕੰਮ ਕਰਨਾ ਬੰਦ ਕਰ ਦਿੰਦਾ ਹੈ ਜਾਂ ਪੂਰੀ ਤਰ੍ਹਾਂ ਖ਼ਰਾਬ ਹੋ ਜਾਂਦਾ ਹੈ। ਲੀਵਰ ਸਿਰੋਸਿਸ ਦੀ ਬਿਮਾਰੀ ਆਮ ਤੌਰ 'ਤੇ ਸ਼ਰਾਬ ਦਾ ਸੇਵਨ ਕਰਨ ਵਾਲਿਆਂ 'ਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਹਾਲਾਂਕਿ ਅੱਜਕੱਲ੍ਹ ਇਹ ਬਿਮਾਰੀ ਸ਼ਰਾਬ ਨਾ ਪੀਣ ਵਾਲਿਆਂ 'ਚ ਵੀ ਦੇਖਣ ਨੂੰ ਮਿਲ ਰਹੀ ਹੈ।

ਕੀ ਹੈ ਲਿਵਰ ਸਿਰੋਸਿਸ? 
ਲਿਵਰ ਸਿਰੋਸਿਸ ਦੀ ਇੱਕ ਵੱਡੀ ਸਮੱਸਿਆ ਇਹ ਹੈ ਕਿ ਇਸ ਬਿਮਾਰੀ ਦੇ ਲੱਛਣ ਉਦੋਂ ਤੱਕ ਦਿਖਾਈ ਨਹੀਂ ਦਿੰਦੇ ਜਦੋਂ ਤੱਕ ਲੀਵਰ ਪੂਰੀ ਤਰ੍ਹਾਂ ਖ਼ਰਾਬ ਨਹੀਂ ਹੋ ਜਾਂਦਾ। ਇਸ ਬਿਮਾਰੀ ਨੂੰ ਸਾੲਲੈਂਟ ਕਿੱਲਰ ਕਹਿਣਾ ਗ਼ਲਤ ਨਹੀਂ ਹੋਵੇਗਾ ਕਿਉਂਕਿ ਇੱਕ ਸਿਹਤਮੰਦ ਦਿਖ ਵਾਲਾ ਵਿਅਕਤੀ ਵੀ ਇਸ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਉਸ ਨੂੰ ਪਤਾ ਵੀ ਨਹੀਂ ਹੁੰਦਾ। ਜਦੋਂ ਲੀਵਰ ਖ਼ਰਾਬ ਹੋ ਜਾਂਦਾ ਹੈ ਤਾਂ ਇਸ ਬਿਮਾਰੀ ਦੇ ਲੱਛਣ ਦਿਖਾਈ ਦਿੰਦੇ ਹਨ।

ਫ਼ਿਲਮ 'ਕੁਲੀ' ਦੀ ਸ਼ੂਟਿੰਗ ਦੌਰਾਨ ਬਿੱਗ ਬੀ ਨਾਲ ਹੋਇਆ ਸੀ ਵੱਡਾ ਹਾਦਸਾ
1982 'ਚ ਫ਼ਿਲਮ 'ਕੁਲੀ' ਦੀ ਸ਼ੂਟਿੰਗ ਦੌਰਾਨ ਅਮਿਤਾਭ ਬੱਚਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਅੰਦਰੂਨੀ ਬਲੀਡਿੰਗ ਕਾਰਨ ਉਨ੍ਹਾਂ ਦੇ ਸਰੀਰ 'ਚ ਖੂਨ ਦੀ ਕਾਫ਼ੀ ਕਮੀ ਸੀ। ਖੂਨ ਚੜ੍ਹਾਉਣ ਦੀ ਕਾਹਲੀ 'ਚ 200 ਖੂਨਦਾਨੀਆਂ ਤੋਂ 60 ਦੇ ਕਰੀਬ ਖੂਨ ਦੀਆਂ ਬੋਤਲਾਂ ਲਈਆਂ ਗਈਆਂ। ਇਨ੍ਹਾਂ 200 'ਚੋਂ ਇੱਕ ਵਿਅਕਤੀ ਹੈਪੇਟਾਈਟਸ-ਬੀ ਤੋਂ ਪੀੜਤ ਸੀ ਅਤੇ ਉਸ ਦਾ ਖ਼ੂਨ ਵੀ ਬਿੱਗ-ਬੀ ਨੂੰ ਚੜ੍ਹਾਇਆ ਗਿਆ ਸੀ, ਜਿਸ ਤੋਂ ਬਾਅਦ ਉਹ ਹੈਪੇਟਾਈਟਸ-ਬੀ ਨਾਲ ਪੀੜਤ ਹੋ ਗਏ। ਇਸ ਹੈਪੇਟਾਈਟਸ-ਬੀ ਇਨਫੈਕਸ਼ਨ ਨੇ ਅਮਿਤਾਭ ਬੱਚਨ ਦੇ ਲੀਵਰ ਨੂੰ 75 ਫੀਸਦੀ ਤੱਕ ਨੁਕਸਾਨ ਪਹੁੰਚਾਇਆ ਅਤੇ ਉਨ੍ਹਾਂ ਨੂੰ ਲਿਵਰ ਸਿਰੋਸਿਸ ਹੋ ਗਿਆ। ਇਸ ਤੋਂ ਬਚਣ ਲਈ ਬਿੱਗ-ਬੀ ਨੂੰ ਆਪਣੇ ਲਿਵਰ ਦਾ 75 ਫੀਸਦੀ ਸੰਕਰਮਿਤ ਹਿੱਸਾ ਕਢਵਾਉਣਾ ਪਿਆ। ਹੁਣ ਉਹ ਸਿਰਫ਼ 25 ਫੀਸਦੀ ਲਿਵਰ 'ਤੇ ਜ਼ਿੰਦਾ ਹੈ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita