‘ਆਦਿਪੁਰਸ਼’ ਦੇ ਟਰੇਲਰ ’ਚ ਕੀਤੇ ਗਏ ਵੱਡੇ ਬਦਲਾਅ, ਇਸ ਦਿਨ ਹੋਵੇਗਾ ਰਿਲੀਜ਼

05/04/2023 6:09:37 PM

ਮੁੰਬਈ (ਬਿਊਰੋ)– ਇਕ ਪਾਸੇ ਜਿਥੇ ਪ੍ਰਸ਼ੰਸਕ ‘ਆਦਿਪੁਰਸ਼’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਉਥੇ ਦੂਜੇ ਪਾਸੇ ਫ਼ਿਲਮ ਨੂੰ ਵਿਵਾਦਾਂ ਤੋਂ ਬਚਾਉਣ ਲਈ ਨਿਰਮਾਤਾ ਇਕ ਤੋਂ ਬਾਅਦ ਇਕ ਬਦਲਾਅ ਕਰਕੇ ਇਸ ਨੂੰ ਸੁਪਰਹਿੱਟ ਬਣਾਉਣ ’ਚ ਕੋਈ ਕਸਰ ਨਹੀਂ ਛੱਡ ਰਹੇ ਹਨ।

ਇਕ ਰਿਪੋਰਟ ਮੁਤਾਬਕ ‘ਆਦਿਪੁਰਸ਼’ ਦਾ ਟਰੇਲਰ 9 ਮਈ ਨੂੰ ਮੁੰਬਈ ’ਚ ਸ਼ਾਨਦਾਰ ਤਰੀਕੇ ਨਾਲ ਰਿਲੀਜ਼ ਕੀਤਾ ਜਾਵੇਗਾ। ਫ਼ਿਲਮ ਦਾ ਟਰੇਲਰ ਕਰੀਬ 3 ਮਿੰਟ ਦਾ ਹੈ। ਇਸ ਟਰੇਲਰ ਰਾਹੀਂ ਨਿਰਮਾਤਾ ਦਰਸ਼ਕਾਂ ਨੂੰ ਰਾਮਾਇਣ ਦੀ ਦੁਨੀਆ ਤੱਕ ਲੈ ਕੇ ਜਾਣਗੇ। ਰਿਪੋਰਟ ’ਚ ਸੂਤਰਾਂ ਦਾ ਹਵਾਲਾ ਦਿੰਦਿਆਂ ਇਹ ਵੀ ਦੱਸਿਆ ਗਿਆ ਹੈ ਕਿ 9 ਮਈ ਨੂੰ ਟਰੇਲਰ ਰਿਲੀਜ਼ ਹੋਣ ਤੋਂ ਪਹਿਲਾਂ ਫ਼ਿਲਮ ਦੀ ਟੀਮ 8 ਮਈ ਨੂੰ ਹੈਦਰਾਬਾਦ ’ਚ ਪ੍ਰਭਾਸ ਦੇ ਪ੍ਰਸ਼ੰਸਕਾਂ ਨੂੰ ਖ਼ਾਸ ਤੌਰ ’ਤੇ ਟਰੇਲਰ ਦਿਖਾਏਗੀ। ਜੇਕਰ ਸਭ ਕੁਝ ਠੀਕ ਰਿਹਾ ਤਾਂ ਹੈਦਰਾਬਾਦ ’ਚ 3ਡੀ ਸਕ੍ਰੀਨਿੰਗ ਕੀਤੀ ਜਾਵੇਗੀ।

ਤੁਹਾਨੂੰ ਦੱਸ ਦੇਈਏ ਕਿ ਆਉਣ ਵਾਲੇ ਟਰੇਲਰ ’ਚ ਤੁਹਾਨੂੰ ਉਹ ਸਾਰੀਆਂ ਕਮੀਆਂ ਦੇਖਣ ਨੂੰ ਨਹੀਂ ਮਿਲਣਗੀਆਂ, ਜਿਨ੍ਹਾਂ ਲਈ ਫ਼ਿਲਮ ਦੀ ਕਾਸਟ ਤੇ ਡਾਇਰੈਕਟਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਹੁਣ ਆਉਣ ਵਾਲੇ ਟਰੇਲਰ ’ਚ ਤੁਹਾਨੂੰ ਭਗਵਾਨ ਰਾਮ ਦੇ ਗਲੇ ’ਚ ਜਨੇਊ, ਸੀਤਾ ਮਾਂ ਦਾ ਸਿੰਦੂਰ, ਰਾਵਣ ਦੀ ਲੰਬੀ ਦਾੜ੍ਹੀ ਤੇ ਹਨੂੰਮਾਨ ਦਾ ਸ਼ਾਨਦਾਰ ਅੰਦਾਜ਼ ਦੇਖਣ ਨੂੰ ਮਿਲੇਗਾ, ਜੋ ਇਸ ਤੋਂ ਪਹਿਲਾਂ ਟੀਜ਼ਰ ਤੇ ਪੋਸਟਰ ’ਚ ਨਹੀਂ ਦੇਖਿਆ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਸੰਨੀ ਦਿਓਲ ਦੇ ਪੁੱਤਰ ਕਰਨ ਦਿਓਲ ਨੇ ਚੋਰੀ-ਛਿਪੇ ਕਰਵਾਈ ਮੰਗਣੀ, ਜਾਣੋ ਕਦੋਂ ਹੋਵੇਗਾ ਵਿਆਹ

ਇਸ ਦੇ ਨਾਲ ਹੀ ਖ਼ਬਰ ਹੈ ਕਿ ਵਿਵਾਦਾਂ ਤੋਂ ਬਚਣ ਲਈ ਮੇਕਰਜ਼ ਨੇ ਸੈਫ ਅਲੀ ਖ਼ਾਨ ਨੂੰ ਕੁਝ ਪ੍ਰਮੋਸ਼ਨਲ ਇਵੈਂਟਸ ਤੋਂ ਦੂਰ ਰੱਖਣ ਦੀ ਵੀ ਯੋਜਨਾ ਬਣਾਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਪ੍ਰਭਾਸ ਕ੍ਰਿਤੀ ਨਾਲ ਫ਼ਿਲਮ ਦੀ ਪ੍ਰਮੋਸ਼ਨ ਕਰਨਗੇ ਤਾਂ ਸੈਫ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਜਾਣਗੇ ਤਾਂ ਕਿ ਇੰਟਰਵਿਊ ਦੌਰਾਨ ਸੈਫ ਨੂੰ ਬਿਆਨਬਾਜ਼ੀ ਤੋਂ ਬਚਾਇਆ ਜਾ ਸਕੇ।

ਨਿਰਦੇਸ਼ਕ ਓਮ ਰਾਓਤ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਦਾ ਪ੍ਰੀਮੀਅਰ 13 ਜੂਨ ਨੂੰ ਟ੍ਰਿਬੇਕਾ ਫ਼ਿਲਮ ਫੈਸਟੀਵਲ ’ਚ ਹੋਵੇਗਾ। ਖ਼ਬਰਾਂ ਹਨ ਕਿ 600 ਕਰੋੜ ਦੀ ਇਸ ਫ਼ਿਲਮ ਦੇ ਵਰਲਡ ਪ੍ਰੀਮੀਅਰ ਦੀਆਂ ਸਾਰੀਆਂ ਟਿਕਟਾਂ ਕੁਝ ਹੀ ਸਮੇਂ ’ਚ ਵਿਕ ਗਈਆਂ ਹਨ। ਰਾਮਾਇਣ ’ਤੇ ਆਧਾਰਿਤ ਇਸ ਫ਼ਿਲਮ ’ਚ ਪ੍ਰਭਾਸ, ਸੈਫ ਤੇ ਕ੍ਰਿਤੀ ਤੋਂ ਇਲਾਵਾ ਦੇਵਦੱਤ ਨਾਗ ਤੇ ਸੰਨੀ ਸਿੰਘ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ਹਿੰਦੀ ਸਮੇਤ ਤੇਲਗੂ, ਤਾਮਿਲ, ਮਲਿਆਲਮ ਤੇ ਕੰਨੜ ਭਾਸ਼ਾਵਾਂ ’ਚ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh