ਸੋਨਮ ਕਪੂਰ ਲਈ ਮੁਸ਼ਕਿਲ ਰਿਹਾ 2023, ਪਤੀ ਦੀ ਗੰਭੀਰ ਬੀਮਾਰੀ ਤੋਂ ਰਹੀ ਪ੍ਰੇਸ਼ਾਨ, ਨਹੀਂ ਹੋ ਰਿਹਾ ਸੀ ਇਲਾਜ

01/03/2024 1:07:27 PM

ਐਂਟਰਟੇਨਮੈਂਟ ਡੈਸਕ : ਨਵੇਂ ਸਾਲ ਦੀ ਸ਼ੁਰੂਆਤ ਕਈ ਬਾਲੀਵੁੱਡ ਸਿਤਾਰਿਆਂ ਨੇ ਪਿਛਲੇ ਸਾਲ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਨਾਲ ਕੀਤੀ। ਅਦਾਕਾਰ ਅਨਿਲ ਕਪੂਰ ਦੀ ਧੀ ਅਦਾਕਾਰਾ ਸੋਨਮ ਕਪੂਰ ਨੇ 2023 ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਸ ਨੇ ਦੱਸਿਆ ਕਿ ਪਿਛਲਾ ਸਾਲ ਉਸ ਲਈ ਕਿਹੋ ਜਿਹਾ ਰਿਹਾ, ਜੋ ਹੈਰਾਨ ਕਰਨ ਵਾਲਾ ਹੈ। ਸੋਨਮ ਕਪੂਰ ਨੇ ਦੱਸਿਆ ਕਿ ਸਾਲ 2023 ਮੇਰੇ ਲਈ ਉਤਰਾਅ-ਚੜ੍ਹਾਅ ਵਾਲਾ ਰਿਹਾ। ਮੇਰੇ ਪਤੀ ਦੀ ਬੀਮਾਰੀ ਨੇ ਮੇਰੀ ਜ਼ਿੰਦਗੀ ਨੂੰ ਮੁਸ਼ਕਿਲਾਂ ਭਰਿਆ ਬਣਾ ਦਿੱਤਾ ਸੀ। ਹਾਲਾਂਕਿ, ਹੁਣ ਉਹ ਇਕ ਵਾਰ ਫਿਰ ਆਪਣੀ ਜ਼ਿੰਦਗੀ ਨੂੰ ਪਟੜੀ 'ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।

ਪਤੀ ਦੀ ਬੀਮਾਰੀ ਨੇ ਕੀਤਾ ਪਰੇਸ਼ਾਨ
ਸੋਨਮ ਕਪੂਰ ਨੇ ਪਤੀ ਆਨੰਦ ਆਹੂਜਾ ਤੇ ਪੁੱਤਰ ਵਾਯੂ ਨਾਲ ਇੰਸਟਾਗ੍ਰਾਮ 'ਤੇ ਇਕ ਮੋਂਟਾਜ ਵੀਡੀਓ ਸ਼ੇਅਰ ਕੀਤੀ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਪੋਸਟ ਨੂੰ ਸਾੰਝਾ ਕਰਦਿਆਂ ਸੋਨਮ ਨੇ ਕੈਪਸ਼ਨ 'ਚ ਲਿਖਿਆ, ''ਸਾਲ 2023 'ਚ ਮੇਰੇ ਪਤੀ ਨੂੰ ਇਕ ਗੰਭੀਰ ਬੀਮਾਰੀ ਦਾ ਸਾਹਮਣਾ ਕਰਨਾ ਪਿਆ, ਜਿਸ ਦਾ ਇਲਾਜ ਕੋਈ ਵੀ ਡਾਕਟਰ ਨਹੀਂ ਕਰ ਸਕਿਆ। ਹਾਲਾਂਕਿ, ਅਖੀਰ 'ਚ ਬੀਮਾਰੀ ਦਾ ਪਤਾ ਲਗਾਇਆ ਗਿਆ ਤੇ ਇਲਾਜ ਕੀਤਾ ਗਿਆ।'' ਇਸ ਦੇ ਨਾਲ ਹੁਣ ਸੋਨਮ ਕਪੂਰ ਤੇ ਆਨੰਦ ਆਹੂਜਾ ਇਕ ਵਾਰ ਫਿਰ ਆਪਣੇ ਕੰਮ 'ਤੇ ਵਾਪਸੀ ਦੀ ਕੋਸ਼ਿਸ਼ ਕਰ ਰਹੇ ਹਨ।

ਡਾਕਟਰ ਵੀ ਨਹੀਂ ਕਰ ਪਾ ਰਹੇ ਸਨ ਇਲਾਜ
ਅੱਗੇ ਸੋਨਮ ਕਪੂਰ ਨੇ ਲਿਖਿਆ, "ਪਿਛਲਾ ਸਾਲ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ। ਮਾਤਾ-ਪਿਤਾ ਬਣਨ ਦੀ ਜ਼ਿੰਮੇਵਾਰੀ ਦੇ ਨਾਲ ਮੇਰੇ ਨਾਲ ਜੁੜੀਆਂ ਖੁਸ਼ੀਆਂ ਤੇ ਡਰ ਵੀ ਆਏ। ਇਸ ਗੱਲ ਨੂੰ ਸਮਝਣਾ ਕਿ ਇਮੋਸ਼ਨਲੀ, ਫਿਜ਼ੀਕਲ ਤੇ ਸਿਪ੍ਰੀਚੁਅਲੀ, ਮੈਂ ਕਾਫੀ ਬਦਲ ਗਈ ਹਾਂ ਅਤੇ ਇਸ ਤਕਲੀਫ, ਐਕਸੈਪਟੈਂਸ ਤੇ ਅੰਤ 'ਚ ਖੁਸ਼ ਰਹਿਣ ਨਾਲ ਆਇਆ ਹੈ। ਫਿਰ ਮੇਰੇ ਪਤੀ ਦੇ ਬਹੁਤ ਬੀਮਾਰ ਹੋਣ ਨਾਲ ਨਜਿੱਠਣਾ, ਜਿਸ ਦਾ ਕੋਈ ਡਾਕਟਰ ਇਲਾਜ ਨਹੀਂ ਕਰ ਸਕਦਾ ਸੀ ਅਤੇ ਅੰਤ 'ਚ ਇਹ ਪਤਾ ਚੱਲਿਆ ਕਿ ਇਹ ਕੀ ਸੀ ਅਤੇ ਪੂਰੀ ਤਰ੍ਹਾਂ ਠੀਕ ਹੋ ਗਿਆ (ਇਹ ਨਰਕ ਦੇ ਤਿੰਨ ਮਹੀਨੇ ਸਨ, ਰੱਬ ਅਤੇ ਡਾਕਟਰਾਂ ਦਾ ਧੰਨਵਾਦ)। ਕਰੀਅਰ 'ਚ ਤੇਜ਼ੀ ਨਾਲ ਅੱਗੇ ਵਧਦੇ ਪਤੀ ਨੂੰ ਉਨ੍ਹਾਂ ਦੇ ਕੰਮ 'ਚ ਸਪੋਰਟ ਕਰਦੇ ਹੋਏ ਇਕ ਵਾਰ ਫਿਰ ਆਪਣਾ ਕੰਮ ਸ਼ੁਰੂ ਕਰਨਾ। ਪਰਿਵਾਰ ਤੇ ਕਮਾਲ ਦੇ ਦੋਸਤਾਂ ਨਾਲ ਕੀਮਤੀ ਸਮਾਂ ਬਿਤਾਉਣ ਨਾਲ ਹੀ ਇਹ ਸਾਲ ਸਭ ਤੋਂ ਮੁਸ਼ਕਿਲ, ਸ਼ਾਨਦਾਰ ਤੇ ਖੁਸ਼ਹਾਲ ਰਿਹਾ ਹੈ।''

ਨਵੇਂ ਸਾਲ ਲਈ ਆਖੀਆਂ ਇਹ ਗੱਲਾਂ
ਸਾਲ 2024 ਬਾਰੇ ਗੱਲ ਕਰਦੇ ਹੋਏ ਸੋਨਮ ਕਪੂਰ ਨੇ ਕਿਹਾ, "ਮੈਨੂੰ ਉਮੀਦ ਹੈ ਕਿ ਇਹ ਸਾਲ ਉਤਰਾਅ-ਚੜ੍ਹਾਅ ਦੇ ਨਾਲ-ਨਾਲ ਕਈ ਸਬਕ ਤੇ ਵਿਕਾਸ ਵੀ ਲੈ ਕੇ ਆਵੇਗਾ। ਮੈਂ ਉਮੀਦ ਕਰਦੀ ਹਾਂ ਕਿ ਦੁਨੀਆ ਸਮਝੇਗੀ ਕਿ ਜੰਗ ਨਾਲ ਕੁਝ ਹਾਸਲ ਨਹੀਂ ਹੁੰਦਾ। ਇਸ ਸਮੇਂ ਹੋ ਰਹੀਆਂ ਗ਼ਲਤ ਤੇ ਭਿਆਨਕ ਜੰਗਾਂ 'ਚ ਗੁਆਚੇ ਉਨ੍ਹਾਂ ਸਾਰੇ ਲੋਕਾਂ ਲਈ ਮੈਂ ਪ੍ਰਾਰਥਨਾ ਕਰਦੀ ਹਾਂ, ਜਿੱਥੇ ਸਿਰਫ਼ ਨਾਗਰਿਕ ਤੇ ਬੱਚੇ ਜ਼ਖਮੀ ਹੋ ਰਹੇ ਹਨ। ਜਦੋਂਕਿ ਸੱਤਾ 'ਚ ਰਹਿਣ ਵਾਲੇ ਰਾਖਸ਼ਾਂ ਵਾਂਗ ਵਿਵਹਾਰ ਕਰ ਰਹੇ ਹਨ।"


 

sunita

This news is Content Editor sunita