ਦਿੱਲੀ ''ਚ 70 ਰੁਪਏ ਕਿਲੋ ''ਤੇ ਪੁੱਜਾ ਟਮਾਟਰ

07/12/2020 8:30:29 PM

ਨਵੀਂ ਦਿੱਲੀ— ਆਰਥਿਕ ਲਿਹਾਜ ਨਾਲ ਮੁਸ਼ਕਲ ਚੱਲ ਰਹੇ ਇਸ ਸਮੇਂ 'ਚ ਸਪਲਾਈ ਘੱਟ ਹੋਣ ਕਾਰਨ ਟਮਾਟਰ ਦੀਆਂ ਪ੍ਰਚੂਨ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਰਾਸ਼ਟਰੀ ਰਾਜਧਾਨੀ ਵਿਚ ਐਤਵਾਰ ਨੂੰ ਪ੍ਰਚੂਨ ਬਾਜ਼ਾਰ 'ਚ ਟਮਾਟਰ 70 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ। ਦਿੱਲੀ ਵਿਚ ਟਮਾਟਰ ਪਹਿਲੀ ਜੂਨ ਤੋਂ ਹਫਤੇ ਦਰ ਹਫਤੇ ਦਸ-ਦਸ ਰੁਪਏ ਕਿਲੋ ਮਹਿੰਗਾ ਹੋ ਰਿਹਾ ਹੈ। ਇਹ ਵਾਧਾ ਨਾ ਸਿਰਫ ਪ੍ਰਚੂਨ ਬਾਜ਼ਾਰ 'ਚ ਹੋ ਰਿਹਾ ਹੈ ਸਗੋਂ ਮਦਰ ਡੇਅਰੀ ਦੇ ਸਫਲ ਸਟੋਰ ਅਤੇ ਬਿਗ ਬਾਸਕਿਟ ਤੇ ਗ੍ਰੋਫਰਜ਼ ਵਰਗੇ ਈ-ਵਿਕਰੇਤਾਵਾਂ ਦੇ ਇੱਥੇ ਵੀ ਤੇਜ਼ੀ ਦੇਖੀ ਜਾ ਰਹੀ ਹੈ। ਐਤਵਾਰ ਨੂੰ ਬਿਗ ਬਾਸਕਿਟ 60 ਤੋਂ 66 ਰੁਪਏ ਅਤੇ ਗ੍ਰੋਫਰਜ਼ 53 ਤੋਂ 55 ਰੁਪਏ ਕਿਲੋ ਦੇ ਹਿਸਾਬ ਨਾਲ ਟਮਾਟਰ ਵੇਚ ਰਹੇ ਸਨ।

ਵਪਾਰੀਆਂ ਨੇ ਕਿਹਾ ਕਿ ਦੱਖਣੀ ਭਾਰਤ ਦੇ ਉਤਪਾਦਕ ਸੂਬਿਆਂ 'ਚ ਕੋਵਿਡ-19 ਦੇ ਮਾਮਲਿਆਂ 'ਚ ਹੋਏ ਵਾਧੇ ਨੇ ਕੁਝ ਇਲਾਕਿਆਂ 'ਚ ਫਸਲਾਂ ਦੀ ਕਟਾਈ 'ਚ ਰੁਕਾਵਟ ਪਾਈ ਹੈ।
ਕੇਂਦਰੀ ਗਾਹਕ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ 'ਚ ਨਾ ਸਿਰਫ ਦਿੱਲੀ 'ਚ ਸਗੋਂ ਗੁਆਂਢੀ ਸੂਬਿਆਂ 'ਚ ਵੀ ਟਮਾਟਰ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਪਿਛਲੇ ਹਫਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਸੀ ਕਿ ਖਰਾਬ ਮੌਸਮ ਕਾਰਨ ਟਮਾਟਰ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਹੋ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਝਾੜ ਘੱਟ ਰਿਹਾ ਹੈ।
ਮਾਹਰਾਂ ਨੇ ਕਿਹਾ ਕਿ ਟਮਾਟਰ ਦੀਆਂ ਕੀਮਤਾਂ ਆਮ ਤੌਰ 'ਤੇ ਸਾਲ ਦੇ ਇਸ ਸਮੇਂ ਵਧਦੀਆਂ ਹਨ ਅਤੇ ਪਿਛਲੇ ਪੰਜ ਸਾਲਾਂ ਦੇ ਅੰਕੜਿਆਂ 'ਚ ਵੀ ਇਹੋ ਰੁਝਾਨ ਦਿਸਦਾ ਹੈ। ਉੱਤਰ ਪ੍ਰਦੇਸ਼, ਰਾਜਸਥਾਨ, ਝਾਰਖੰਡ, ਪੰਜਾਬ, ਤਾਮਿਲਨਾਡੂ, ਕੇਰਲ, ਜੰਮੂ ਕਸ਼ਮੀਰ ਅਤੇ ਅਰੁਣਾਚਲ ਪ੍ਰਦੇਸ਼ ਟਮਾਟਰ ਉਤਪਾਦਕ ਅਜਿਹੇ ਸੂਬੇ ਹਨ, ਜਿਨ੍ਹਾਂ ਦੀ ਖਪਤ ਉਤਪਾਦਨ ਨਾਲੋਂ ਜ਼ਿਆਦਾ ਹੈ। ਇਹ ਸੂਬੇ ਸਪਲਾਈ ਲਈ ਵਾਧੂ ਉਤਪਾਦਨ ਕਰਨ ਵਾਲੇ ਸੂਬਿਆਂ 'ਤੇ ਨਿਰਭਰ ਕਰਦੇ ਹਨ।


Sanjeev

Content Editor

Related News