ਨਿਵੇਸ਼ ਲਈ ਇਕ ਆਕਰਸ਼ਕ ਮੰਜ਼ਲ ਬਣਿਆ ਹੋਇਆ ਹੈ ਭਾਰਤ : ਸਰਵੇਖਣ

09/14/2021 2:24:31 PM

ਨਵੀਂ ਦਿੱਲੀ- ਡੇਲੋਇਟ ਦੇ ਇਕ ਸਰਵੇਖਣ ਅਨੁਸਾਰ, ਆਰਥਿਕ ਰਫ਼ਤਾਰ ਦੀਆਂ ਚੰਗੀਆਂ ਸੰਭਾਵਨਾਵਾਂ ਅਤੇ ਕੁਸ਼ਲ ਕਾਰਜਬਲ ਕਾਰਨ ਭਾਰਤ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਲਈ ਇਕ ਆਕਰਸ਼ਕ ਟਿਕਾਣਾ ਬਣਿਆ ਹੋਇਆ ਹੈ। ਮੰਗਲਵਾਰ ਨੂੰ ਜਾਰੀ ਸਰਵੇਖਣ ਦੇ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਬਹੁਤ ਸਾਰੇ ਵਿਦੇਸ਼ੀ ਉਦਯੋਗਪਤੀ ਭਾਰਤ ਦੇਸ਼ ਵਿਚ ਵਾਧੂ ਨਿਵੇਸ਼ ਅਤੇ ਪਹਿਲੀ ਵਾਰ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹਨ। ਇੰਡੀਅਨ ਐੱਫ. ਡੀ. ਆਈ. ਆਪਰਚੂਨਿਟੀ ਸਰਵੇਖਣ ਅਨੁਸਾਰ, ''ਸਰਵੇਖਣ ਵਿਚ ਅਮਰੀਕਾ, ਬ੍ਰਿਟੇਨ, ਜਾਪਾਨ ਅਤੇ ਸਿੰਗਾਪੁਰ ਦੀ ਬਹੁ-ਰਾਸ਼ਟਰੀ ਕੰਪਨੀਆਂ ਦੇ 1,200 ਉੱਚ ਅਧਿਕਾਰੀਆ ਤੋਂ ਸਵਾਲ ਕੀਤੇ ਗਏ। ਇਸ ਵਿਚ ਪਾਇਆ ਗਿਆ ਕਿ ਭਾਰਤ ਆਪਣੇ ਕੁਸ਼ਲ ਕਾਰਜਬਲ ਅਤੇ ਆਰਥਿਕ ਵਿਕਾਸ ਦੀਆਂ ਚੰਗੀਆਂ ਸੰਭਾਵਨਾਵਾਂ ਲਈ ਉੱਚੇ ਅੰਕ ਪਾਉਂਦੇ ਹੋਏ ਨਿਵੇਸ਼ ਲਈ ਇਕ ਆਕਰਸ਼ਕ ਬਣਿਆ ਹੋਇਆ ਹੈ।''

ਇਸ ਵਿਚ ਕਿਹਾ ਗਿਆ ਕਿ ਭਾਰਤ ਸੱਤ ਖੇਤਰਾਂ- ਕੱਪੜਾ, ਫੂਡ ਪ੍ਰੋਸੈਸਿੰਗ, ਇਲੈਕਟ੍ਰਾਨਿਕਸ, ਦਵਾ, ਵਾਹਨ ਤੇ ਕਲਪੁਰਜ਼ੇ, ਰਸਾਇਣ ਅਤੇ ਪੂੰਜੀਗਤ ਉਤਪਾਦਾਂ ਵਿਚ ਜ਼ਿਆਦਾ ਤੋਂ ਜ਼ਿਆਦਾ ਐੱਫ. ਡੀ. ਆਈ. ਆਕਰਸ਼ਤ ਕਰਨ ਦਾ ਟੀਚਾ ਬਣ ਸਕਦਾ ਹੈ। ਇਨ੍ਹਾਂ ਖੇਤਰਾਂ ਨੇ 2020-21 ਵਿਚ ਦੇਸ਼ ਦੀ ਵਪਾਰ ਬਰਾਮਦ ਵਿਚ 181 ਅਰਬ ਡਾਲਰ ਦਾ ਯੋਗਦਾਨ ਦਿੱਤਾ ਸੀ। 
ਸਰਵੇਖਣ ਅਨੁਸਾਰ, ਇਨ੍ਹਾਂ ਸੱਤ ਖੇਤਰਾਂ ਵਿਚ ਜਲਦ ਨਤੀਜੇ ਦਿਖਾਉਣ ਅਤੇ ਗਲੋਬਲ ਮਿਸਾਲ ਕਾਇਮ ਕਰਨ ਦੀ ਜ਼ਰੂਰੀ ਸੰਭਾਵਨਾ, ਮੌਕਾ ਅਤੇ ਸਮਰੱਥਾ ਹੈ। ਇਸ ਵਿਚ ਪਾਇਆ ਗਿਆ ਕਿ ਅਮਰੀਕਾ ਵਿਚ ਚੀਨ, ਬ੍ਰਾਜ਼ੀਲ, ਮੈਕਸੀਕੋ ਅਤੇ ਵੀਅਤਨਾਮ ਵਰਗੇ ਬਾਜ਼ਾਰਾਂ ਦੀ ਤੁਲਨਾ ਵਿਚ ਭਾਰਤ ਨੂੰ ਲੈ ਕੇ ਸਭ ਤੋਂ ਮਜ਼ਬੂਤ ਹਾਂ-ਪੱਖੀ ਧਾਰਨਾ ਹੈ। ਅਮਰੀਕਾ ਅਤੇ ਬ੍ਰਿਟੇਨ ਦੇ ਉਦਯੋਗਪਤੀਆਂ ਨੇ ਭਾਰਤ ਦੀ ਸਥਿਰਤਾ ਵਿਚ ਜ਼ਿਆਦਾ ਭਰੋਸਾ ਪ੍ਰਗਟ ਕੀਤਾ। ਸਰਵੇਖਣ ਅਨੁਸਾਰ, ਭਾਰਤ ਵਿਚ ਵਪਾਰ ਕਰਨ ਵਿਚ ਆਸਾਨੀ ਵਿਚ ਸੁਧਾਰ ਲਈ ਹਾਲ ਹੀ ਦੇ ਕਦਮਾਂ ਦੇ ਬਾਵਜੂਦ ਨਿਵੇਸ਼ਕਾਂ ਵਿਚਕਾਰ ਇਸ ਨੂੰ ਲੈ ਕੇ ਜਾਗਰੂਕਤਾ ਘੱਟ ਬਣੀ ਹੋਈ ਹੈ। ਡੇਲੋਇਟ ਗਲੋਬਲ ਦੇ ਸੀ. ਈ. ਓ. ਪੁਨੀਤ ਰੰਜਨ ਨੇ ਕਿਹਾ, ''ਸਾਡਾ ਮੰਨਣਾ ਹੈ ਕਿ ਭਾਰਤ ਵਿਚ ਵਪਾਰ ਕਰਨ ਵਿਚ ਆਸਾਨੀ ਵਿਚ ਸੁਧਾਰ ਨਾਲ ਹੀ ਦ੍ਰਿਸ਼ਟੀਕੋਣ ਬਿਹਤਰ ਹੋ ਸਕਦਾ ਹੈ, ਜਿਸ ਵਿਚ ਵਿੱਤੀ ਲਾਭ ਅਤੇ ਹੋਰ ਸੁਧਾਰ ਸ਼ਾਮਲ ਹਨ। ਇਹ ਸਕਾਰਾਤਮਕ ਕਦਮ ਮੈਨੂੰ ਇਸ ਗੱਲ ਨੂੰ ਲੈ ਕੇ ਹੋਰ ਆਸਵੰਦ ਕਰਦੇ ਹਨ ਕਿ ਭਾਰਤ 5,000 ਅਰਬ ਡਾਲਰ ਦੀ ਅਰਥਵਿਵਸਥਾ ਬਣਨ ਦੇ ਆਪਣੇ ਉਤਸ਼ਾਹੀ ਟੀਚੇ ਵੱਲ ਵੱਧ ਰਿਹਾ ਹੈ।''


Sanjeev

Content Editor

Related News