ਕਿਵੇਂ ਬਣਦਾ ਹੈ ਦੇਸ਼ ਦਾ ਬਜਟ, ਜਾਣੋ ਪ੍ਰਕਿਰਿਆ

01/18/2020 1:38:43 PM

ਨਵੀਂ ਦਿੱਲੀ — ਸਾਲ 2020 ਦਾ ਆਮ ਬਜਟ 1 ਫਰਵਰੀ ਨੂੰ ਪੇਸ਼ ਹੋ ਰਿਹਾ ਹੈ। ਇਸ ਬਣਾਉਣ ਲਈ ਵਿਭਾਗ ਦੇ ਹਜ਼ਾਰਾਂ ਕਰਮਚਾਰੀ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਕਰ ਰਹੇ ਹਨ। ਬਜਟ ਬਣਾਉਣ ਦੀ ਪ੍ਰਕਿਰਿਆ ਸਿਰਫ 10-20 ਲੋਕਾਂ ਨਾਲ ਨਹੀਂ ਸਗੋਂ ਕਈ ਲੋਕਾਂ ਦੀ ਦਿਨ-ਰਾਤ ਦੀ ਮਿਹਤਨ ਤੋਂ ਬਾਅਦ ਪੂਰੀ ਹੁੰਦੀ ਹੈ। ਬਜਟ ਬਣਾਉਣ ਦੀ ਪ੍ਰਕਿਰਿਆ 'ਚ ਵਿੱਤ ਮੰਤਰਾਲਾ, ਨੀਤੀ ਆਯੋਗ ਅਤੇ ਸਰਕਾਰ ਦੇ ਹੋਰ ਕਈ ਮੰਤਰਾਲੇ  ਸ਼ਾਮਲ ਹੁੰਦੇ ਹਨ। ਵਿੱਤ ਮੰਤਰਾਲਾ ਹਰ ਸਾਲ ਖਰਚੇ ਦੇ ਅਧਾਰ 'ਤੇ ਦਿਸ਼ਾ-ਨਿਰਦੇਸ਼ ਜਾਰੀ ਕਰਦਾ ਹੈ। ਇਸ ਤੋਂ ਬਾਅਦ ਸਾਰੇ ਮੰਤਰਾਲਿਆਂ ਨੇ ਆਪਣੀਆਂ ਮੰਗਾਂ ਦੱਸਣੀਆਂ ਹੁੰਦੀਆਂ ਹਨ।

ਘਰੇਲੂ ਬਜਟ ਬਣਾਉਣਾ ਇਕ ਚੁਣੌਤੀ

ਆਪਣੇ ਘਰ ਦਾ ਹਰ ਮਹੀਨੇ ਦਾ ਬਜਟ ਬਣਾਉਣ ਵਾਲੇ ਲੋਕ ਜਾਣਦੇ ਹਨ ਕਿ ਉਨ੍ਹਾਂ ਨੇ ਕਿੰਨਾ ਸੋਚ-ਸਮਝ ਕੇ ਅਤੇ ਕਿੰਨੀ ਬਰੀਕੀ ਨਾਲ ਇਸ ਨੂੰ ਤਿਆਰ ਕਰਨਾ ਹੁੰਦਾ ਹੈ। ਕਿਹੜੇ ਸਰੋਤਾਂ ਤੋਂ ਕਿੰਨੀ ਆਮਦਨੀ ਹੋਵੇਗੀ ਅਤੇ ਕਿਥੇ ਅਤੇ ਕਿੰਨਾ ਖਰਚਾ ਕਰਨਾ ਹੋਏਗਾ। ਕੁਝ ਪੈਸੇ ਬਚਣਗੇ ਜਾਂ ਨਹੀਂ,  ਜੇਕਰ ਉਧਾਰ ਲੈਣਾ ਹੈ ਤਾਂ ਕਿੰਨਾ ਲੈਣਾ ਹੋਵੇਗਾ। ਕਿੱਥੇ -ਖਰਚਿਆਂ ਨੂੰ ਘਟਾਉਣਾ ਸੰਭਵ ਹੈ ਅਤੇ ਕਿੱਥੇ ਉਮੀਦ ਨਾਲੋਂ ਜ਼ਿਆਦਾ ਪੈਸਾ ਖਰਚ ਹੋ ਸਕਦਾ ਹੈ। ਸਾਨੂੰ ਇਸ ਸਭ ਬਾਰੇ ਸੋਚਣਾ ਪਏਗਾ।

ਦੇਸ਼ ਦੇ ਬਜਟ ਬਣਾਉਣਾ ਵੱਡੀ ਚੁਣੌਤੀ

ਠੀਕ ਇਸੇ ਹੀ ਤਰ੍ਹਾਂ ਜਦੋਂ ਦੇਸ਼ ਦਾ ਬਜਟ ਤਿਆਰ ਹੁੰਦਾ ਹੈ ਤਾਂ ਇਹ ਪੂਰੀ ਪ੍ਰਕਿਰਿਆ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ। ਕਈ ਮਹੀਨੇ ਪਹਿਲਾਂ ਹੀ ਇਸ ਦੀ ਤਿਆਰੀ ਸ਼ੁਰੂ ਕਰਨੀ ਹੁੰਦੀ ਹੈ। ਹਜ਼ਾਰਾਂ ਲੋਕ ਦਿਨ-ਰਾਤ ਇਕ ਕਰਕੇ ਪੂਰਾ ਹਿਸਾਬ-ਕਿਤਾਬ ਲਗਾਉਂਦੇ ਹਨ। ਭਾਰਤੀ ਸੰਵਿਧਾਨ ਦੇ ਆਰਟੀਕਲ 112 ਅਨੁਸਾਰ,

'ਕੇਂਦਰੀ ਬਜਟ ਕਿਸੇ ਇਕ ਦਿੱਤੇ ਸਾਲ 'ਚ ਸਰਕਾਰ ਦੀ ਅਨੁਮਾਨਤ ਆਮਦਨੀ ਅਤੇ ਖਰਚਿਆਂ ਦਾ ਲੇਖਾ-ਜੋਖਾ ਹੁੰਦਾ ਹੈ।'

ਲਈ ਜਾਂਦੀ ਹੈ ਸਾਰਿਆਂ ਦੀ ਸਲਾਹ

ਆਮ ਬਜਟ ਬਣਾਉਣ ਦੀ ਪ੍ਰਕਿਰਿਆ 'ਚ ਦੇਸ਼ ਦੇ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਵਿੱਤ ਮੰਤਰਾਲਾ ਪਿਛਲੇ ਕਈ ਸਾਲਾਂ ਤੋਂ ਨਾਗਰਿਕਾਂ ਕੋਲੋਂ ਸੁਝਾਅ ਮੰਗਦਾ ਆ ਰਿਹਾ ਹੈ। ਇਸ ਸਾਲ ਵੀ ਵਿੱਤ ਮੰਤਰਾਲੇ ਨੇ ਬਜਟ ਲਈ ਲੋਕਾਂ ਨੂੰ ਸੁਝਾਅ ਅਤੇ ਆਈਡੀਆ ਦੇਣ ਲਈ ਕਿਹਾ ਹੈ। ਵਿੱਤ ਮੰਤਰਾਲਾ ਉਦਯੋਗ ਨਾਲ ਜੁੜੇ ਸੰਗਠਨਾਂ ਅਤੇ ਪੱਖਾਂ ਦੇ ਸੁਝਾਅ ਮੰਗਦਾ ਹੈ।

ਜਾਣੋ ਕੌਣ ਬਣਾਉਂਦਾ ਹੈ ਬਜਟ 

ਬਜਟ ਬਣਾਉਣ ਦੀ ਪ੍ਰਕਿਰਿਆ 'ਚ ਵਿੱਤ ਮੰਤਰਾਲਾ, ਨੀਤੀ ਆਯੋਗ ਅਤੇ ਸਰਕਾਰ ਦੇ ਹੋਰ ਮੰਤਰਾਲੇ ਸ਼ਾਮਲ ਹੁੰਦੇ ਹਨ। ਵਿੱਤ ਮੰਤਰਾਲਾ ਹਰ ਸਾਲ ਖਰਚ ਦੇ ਆਧਾਰ 'ਤੇ  ਗਾਈਡਲਾਈਨ ਜਾਰੀ ਕਰਦਾ ਹੈ। ਇਸ ਤੋਂ ਬਾਅਦ ਦੇਸ਼ ਦਾ ਹਰ ਮੰਤਰਾਲਾ ਆਪਣੀ-ਆਪਣੀ ਮੰਗ ਵਿਭਾਗ ਨੂੰ ਦੱਸਦਾ ਹੈ। ਵਿੱਤ ਮੰਤਰਾਲੇ ਦੇ ਬਜਟ ਡਿਵੀਜ਼ਨ 'ਤੇ ਬਜਟ ਬਣਾਉਣ ਦੀ ਜ਼ਿੰਮੇਵਾਰੀ ਹੁੰਦੀ ਹੈ। ਇਹ ਡਿਵੀਜ਼ਨ ਨੋਡਲ ਏਜੰਸੀ ਹੁੰਦੀ ਹੈ। ਬਜਟ ਡਿਵੀਜ਼ਨ ਸਾਰੇ ਮੰਤਰਾਲਿਆਂ, ਸੂਬਿਆਂ, ਕੇਂਦਰ ਸ਼ਾਸਤ ਪ੍ਰਦੇਸ਼ਾਂ, ਵਿਭਾਗਾਂ, ਖੁਦਮੁਖਤਿਆਰ ਸੰਸਥਾਵਾਂ ਅਤੇ ਸੁਰੱਖਿਆ ਫੋਰਸ ਨੂੰ ਸਰਕੂਲਰ ਜਾਰੀ ਕਰਕੇ ਉਨ੍ਹਾਂ ਨੂੰ ਅਗਲੇ ਸਾਲ ਦੇ ਅਨੁਮਾਨਾਂ ਨੂੰ ਦੱਸਣ ਲਈ ਕਹਿੰਦਾ ਹੈ। ਮੰਤਰਾਲੇ ਅਤੇ ਵਿਭਾਗਾਂ ਤੋਂ ਪ੍ਰਾਪਤ ਮੰਗਾਂ ਦੇ ਆਧਾਰ 'ਤੇ ਵਿੱਤ ਮੰਤਰਾਲੇ ਅਤੇ ਖਰਚਾ ਵਿਭਾਗ ਵਿਚਕਾਰ ਡੂੰਘੀ ਚਰਚਾ ਹੁੰਦੀ ਹੈ।

ਇਸ ਤੋਂ ਇਲਾਵਾ ਆਰਥਿਕ ਮਾਮਲਿਆਂ ਦਾ ਵਿਭਾਗ ਅਤੇ ਮਾਲੀਆ ਵਿਭਾਗ ਅਰਥਸ਼ਾਸਤਰੀਆਂ, ਕਾਰੋਬਾਰੀਆਂ, ਕਿਸਾਨ ਅਤੇ ਸਿਵਲ ਸੋਸਾਇਟੀ ਵਰਗੇ ਹਿੱਤਧਾਰਕਾਂ ਨਾਲ ਬੈਠਕ ਕਰਦੇ ਹਨ। ਇਸ ਦੌਰਾਨ ਉਨ੍ਹਾਂ ਦੇ ਵਿਚਾਰ ਲਏ ਜਾਂਦੇ ਹਨ। ਬਜਟ ਤੋਂ ਪਹਿਲਾਂ ਦੀਆਂ ਬੈਠਕਾਂ ਦਾ ਦੌਰ ਖਤਮ ਹੋਣ 'ਤੇ ਟੈਕਸ ਪ੍ਰਸਤਾਵਾਂ 'ਤੇ ਅੰਤਿਮ ਫੈਸਲਾ ਵਿੱਤ ਮੰਤਰੀ ਦੀ ਸਲਾਹ ਨਾਲ ਲਿਆ ਜਾਂਦਾ ਹੈ। ਬਜਟ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਪ੍ਰਸਤਾਵਾਂ 'ਤੇ ਪ੍ਰਧਾਨ ਮੰਤਰੀ ਨਾਲ ਚਰਚਾ ਕੀਤੀ ਜਾਂਦੀ ਹੈ।

ਪੂਰੀ ਤਰ੍ਹਾਂ ਨਾਲ ਗੁਪਤ ਹੁੰਦੀ ਹੈ ਸਾਰੀ ਪ੍ਰਕਿਰਿਆ

ਬਜਟ ਦੇ ਸਾਰੇ ਦਸਤਾਵੇਜ਼ ਚੌਣਵੇਂ ਅਧਿਕਾਰੀ ਹੀ ਤਿਆਰ ਕਰਦੇ ਹਨ। ਇਸ ਪ੍ਰਕਿਰਿਆ 'ਚ ਇਸਤੇਮਾਲ ਹੋਣ ਵਾਲੇ ਸਾਰੇ ਕੰਪਿਊਟਰਸ ਨੂੰ ਦੂਜੇ ਨੈੱਟਵਰਕ ਤੋਂ ਡੀਲਿੰਕ ਕਰ ਦਿੱਤਾ ਜਾਂਦਾ ਹੈ। ਬਜਟ 'ਤੇ ਕੰਮ ਕਰ ਰਿਹਾ ਲਗਭਗ 100 ਲੋਕਾਂ ਦਾ ਸਟਾਫ ਕਰੀਬ 2 ਤੋਂ 3 ਹਫਤੇ ਨਾਰਥ ਬਲਾਕ ਦਫਤਰ ਵਿਚ ਹੀ ਰਹਿੰਦਾ ਹੈ। ਇਸ ਪ੍ਰਕਿਰਿਆ ਦੌਰਾਨ ਉਨ੍ਹਾਂ ਦਾ ਬਾਹਰ ਦੇ ਲੋਕਾਂ ਨਾਲ ਸੰਪਰਕ ਨਹੀਂ ਰਹਿੰਦਾ ਹੈ। ਨਾਰਥ ਬਲਾਕ ਦੇ ਬੇਸਮੈਂਟ ਸਥਿਤ ਪ੍ਰਿੰਟਿੰਗ ਪ੍ਰੈੱਸ ਵਿਚ ਬਜਟ ਨਾਲ ਜੁੜੇ ਅਧਿਕਾਰੀ ਅਤੇ ਕਰਮਚਾਰੀ ਲਗਭਗ ਲਾਕ ਕਰ ਦਿੱਤੇ ਜਾਂਦੇ ਹਨ। ਬਜਟ ਬਣਾਉਣ ਦੀ ਪ੍ਰਕਿਰਿਆ ਦੌਰਾਨ ਉਨ੍ਹਾਂ ਨੂੰ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਨ ਤੱਕ ਦੀ ਆਗਿਆ ਨਹੀਂ ਹੁੰਦੀ ਹੈ।

ਵਿੱਤ ਮੰਤਰੀ ਪੇਸ਼ ਕਰਦੇ ਹਨ ਬਜਟ

ਬਜਟ ਪੇਸ਼ ਕਰਨ ਦੀ ਤਾਰੀਖ 'ਤੇ ਸਰਕਾਰ ਲੋਕ ਸਭਾ ਸਪੀਕਰ ਦੀ ਸਹਿਮਤੀ ਲੈਂਦੀ ਹੈ। ਇਸ ਤੋਂ ਬਾਅਦ ਲੋਕ ਸਭਾ ਸਕੱਤਰੇਤ ਦੇ ਜਨਰਲ ਸਕੱਤਰ ਰਾਸ਼ਟਰਪਤੀ ਦੀ ਮਨਜ਼ੂਰੀ ਲੈਂਦੇ ਹਨ। ਵਿੱਤ ਮੰਤਰੀ ਲੋਕ ਸਭਾ ਵਿਚ ਬਜਟ ਪੇਸ਼ ਕਰਦੇ ਹਨ। ਬਜਟ ਪੇਸ਼ ਕਰਨ ਤੋਂ ਠੀਕ ਪਹਿਲਾਂ 'ਸਮਰੀ ਫਾਰ ਦਾ ਕੈਬਨਿਟ' ਦੇ ਜ਼ਰੀਏ ਬਜਟ ਦੇ ਪ੍ਰਸਤਾਵਾਂ 'ਤੇ ਕੈਬਨਿਟ ਨੂੰ ਵਿਸਥਾਰ ਨਾਲ ਦੱਸਿਆ ਜਾਂਦਾ ਹੈ। ਵਿੱਤ ਮੰਤਰੀ ਦੇ ਭਾਸ਼ਣ ਤੋਂ ਬਾਅਦ ਸਦਨ 'ਚ ਬਜਟ ਰੱਖਿਆ ਜਾਂਦਾ ਹੈ।