ਸਾਈਕਲ ਵੀ ਹੋਏ ਮਹਿੰਗੇ, ਕੀਮਤਾਂ ''ਚ 50 ਫ਼ੀਸਦੀ ਤੱਕ ਹੋ ਚੁੱਕਾ ਹੈ ਵਾਧਾ

03/06/2021 4:42:54 PM

ਨਵੀਂ ਦਿੱਲੀ- ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਨਾਲ ਲੱਗੀ ਤਾਲਾਬੰਦੀ ਵਿਚ ਲੋਕਾਂ ਨੇ ਸਾਈਕਲ ਦੀ ਸਵਾਰੀ ਕਾਫ਼ੀ ਕੀਤੀ। ਤਾਲਾਬੰਦੀ ਹਟਣ ਪਿੱਛੋਂ ਲੋਕਾਂ ਨੇ ਸਾਈਕਲ ਖੂਬ ਖ਼ਰੀਦੀਆਂ। ਪੈਟਰੋਲ-ਡੀਜ਼ਲ ਮਹਿੰਗਾ ਹੋਣ ਵਿਚਕਾਰ ਵੀ ਲੋਕ ਸਾਈਕਲ ਦੀ ਸਵਾਰੀ ਪਸੰਦ ਕਰ ਰਹੇ ਹਨ ਪਰ ਹੁਣ ਇਹ ਵੀ ਆਮ ਆਦਮੀ ਦੀ ਪਹੁੰਚ ਤੋਂ ਨਿਕਲ ਰਹੀ ਹੈ।

ਤਾਲਾਬੰਦੀ ਤੋਂ ਪਿੱਛੋਂ ਸਾਈਕਲ 50 ਫ਼ੀਸਦੀ ਤੱਕ ਮਹਿੰਗਾ ਹੋ ਗਿਆ ਹੈ। ਰਾਜਧਾਨੀ ਸਾਈਕਲ ਡੀਲਰ ਸੰਗਠਨ ਦੇ ਮੁਖੀ ਰਾਜੀਵ ਬਤਰਾ ਦਾ ਕਹਿਣਾ ਹੈ ਕਿ ਲੋਹਾ ਅਤੇ ਪਲਾਸਟਿਕ ਦੇ ਲਗਾਤਾਰ ਮੁੱਲ ਵੱਧ ਰਹੇ ਹਨ, ਜਿਸ ਕਾਰਨ ਸਾਈਕਲ ਮਹਿੰਗੇ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਤਾਲਾਬੰਦੀ ਤੋਂ ਪਹਿਲਾਂ ਜੋ ਮੁੱਲ ਸੀ ਉਸ ਵਿਚ 50 ਫ਼ੀਸਦੀ ਤੱਕ ਵਾਧਾ ਹੋ ਚੁੱਕਾ ਹੈ। ਬਤਰਾ ਨੇ ਕਿਹਾ ਕਿ 52 ਰੁਪਏ ਕਿਲੋ ਮਿਲਣ ਵਾਲਾ ਲੋਹਾ 82 ਰੁਪਏ ਤੱਕ ਪਹੁੰਚ ਗਿਆ ਹੈ। ਹੁਣ ਤਾਂ ਆਰਡਰ ਵੀ ਰੱਦ ਹੋ ਰਹੇ ਹਨ। ਤਾਲਾਬੰਦੀ ਦੇ ਇਕ ਦੌਰ ਵਿਚ ਸਾਈਕਲਾਂ ਦੀ ਵਿਕਰੀ ਵਧੀ ਸੀ ਕਿਉਂਕਿ ਸਾਰੇ ਫਿਟਨੈੱਸ ਸੈਂਟਰ ਤੇ ਜਿਮ ਬੰਦ ਸਨ। ਇਕ ਸਾਈਕਲ ਕਾਰੋਬਾਰੀ ਨੇ ਕਿਹਾ ਕਿ ਸਾਧਾਰਣ ਸਾਈਕਲ 3700 ਰੁਪਏ ਤੋਂ ਵੱਧ ਕੇ 4500 ਰੁਪਏ ਹੋ ਗਿਆ ਹੈ। ਫੈਂਸੀ ਸਾਈਕਲ ਵੀ 1000-2000 ਰੁਪਏ ਮਹਿੰਗੇ ਹੋਏ ਹਨ।

Sanjeev

This news is Content Editor Sanjeev