ਤਿਉਹਾਰੀ ਮੌਸਮ ਦੇ ਬਾਵਜੂਦ ਅਕਤੂਬਰ ''ਚ ਹਵਾਈ ਮੁਸਾਫ਼ਰਾਂ ਦੀ ਗਿਣਤੀ ਘਟੀ

11/19/2020 11:22:37 PM

ਨਵੀਂ ਦਿੱਲੀ— ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ ਅਕਤੂਬਰ 'ਚ ਇਕ ਸਾਲ ਪਹਿਲਾਂ ਦੇ ਮੁਕਾਬਲੇ 57.21 ਫ਼ੀਸਦੀ ਘੱਟ ਕੇ 52.71 ਲੱਖ ਰਹਿ ਗਈ ਹੈ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਵਲੋਂ ਜਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ।

ਕੋਰੋਨਾ ਵਾਇਰਸ ਮਹਾਮਾਰੀ ਦਰਮਿਆਨ ਏਅਰਲਾਈਨਾਂ ਆਪਣੀ ਸਮਰੱਥਾ ਤੋਂ ਕਾਫ਼ੀ ਘੱਟ 'ਤੇ ਸੰਚਾਲਨ ਕਰ ਰਹੀਆਂ ਹਨ, ਜਿਸ ਕਾਰਨ ਯਾਤਰੀਆਂ ਦੀ ਗਿਣਤੀ 'ਚ ਭਾਰੀ ਗਿਰਾਵਟ ਆਈ ਹੈ। ਅਕਤੂਬਰ 2019 'ਚ ਘਰੇਲੂ ਜਹਾਜ਼ ਯਾਤਰੀਆਂ ਦੀ ਗਿਣਤੀ 1.23 ਕਰੋੜ ਰਹੀ ਸੀ। ਹਾਲਾਂਕਿ ਪੈਸੇਂਜਰ ਲੋਡ ਫੈਕਟਰ (ਪੀ. ਐੱਲ. ਐੱਫ.) ਯਾਨੀ ਕੁੱਲ ਸਮਰੱਥਾ 'ਤੇ ਬੁਕਿੰਗ 'ਚ ਕੁਝ ਸੁਧਾਰ ਹੋਇਆ ਹੈ।


ਡੀ. ਜੀ. ਸੀ. ਏ. ਦਾ ਕਹਿਣਾ ਹੈ ਕਿ ਤਿਉਹਾਰੀ ਮੌਸਮ ਕਾਰਨ ਵੀ ਪੀ. ਐੱਲ. ਐੱਫ. 'ਚ ਸੁਧਾਰ ਆਇਆ ਹੈ। 9 ਘਰੇਲੂ ਏਅਰਲਾਈਨਾਂ ਦਾ ਔਸਤ ਪੀ. ਐੱਲ. ਐੱਫ. ਅਕਤੂਬਰ 'ਚ 59.2 ਰਿਹਾ। ਸਟਾਰ ਏਅਰ ਦਾ ਪੀ. ਐੱਲ. ਐੱਫ. ਸਭ ਤੋਂ ਚੰਗਾ 71.6 ਫੀਸਦੀ ਰਿਹਾ।

ਜਨਤਕ ਖੇਤਰ ਦੀ ਹੈਲੀਕਾਪਟਰ ਕੰਪਨੀ ਪਵਨ ਹੰਸ ਦਾ ਪੀ. ਐੱਲ. ਐੱਫ. ਸਭ ਤੋਂ ਘੱਟ ਯਾਨੀ 21.9 ਫੀਸਦੀ ਰਿਹਾ। ਅਕਤੂਬਰ 'ਚ ਏਅਰ ਇੰਡੀਆ ਨੇ 4.94 ਲੱਖ ਯਾਤਰੀਆਂ ਨੂੰ ਯਾਤਰਾ ਕਰਵਾਈ। ਬਾਜ਼ਾਰ ਹਿੱਸੇਦਾਰੀ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਦੇ ਯਾਤਰੀਆਂ ਦੀ ਗਿਣਤੀ 29.7 ਲੱਖ ਰਹੀ। ਸਪਾਈਸ ਜੈੱਟ ਦੇ ਯਾਤਰੀਆਂ ਦੀ ਗਿਣਤੀ 7.04 ਲੱਖ ਅਤੇ ਗੋਏਅਰ ਦੀ 3.95 ਲੱਖ ਰਹੀ। ਡੀ. ਜੀ. ਸੀ. ਏ. ਦੇ ਅੰਕੜਿਆਂ ਮੁਤਾਬਕ ਏਅਰ ਏਸ਼ੀਆ ਨੇ ਅਕਤੂਬਰ 'ਚ 3.74 ਲੱਖ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਲ ਤੱਕ ਪਹੁੰਚਾਇਆ। ਉੱਥੇ ਹੀ ਵਿਸਤਾਰਾ ਦੇ ਯਾਤਰੀਆਂ ਦੀ ਗਿਣਤੀ 3.39 ਲੱਖ ਰਹੀ। ਜਿਥੋਂ ਤੱਕ ਉਡਾਣਾਂ ਦੇ ਸਮੇਂ 'ਤੇ ਆਪ੍ਰੇਟਿੰਗ ਦਾ ਸਵਾਲ ਹੈ ਤਾਂ ਇਸ ਮਾਮਲੇ 'ਚ ਏਅਰ ਏਸ਼ੀਆ ਸਭ ਤੋਂ ਅੱਗੇ ਰਹੀ। 4 ਪ੍ਰਮੁੱਖ ਮਹਾਨਗਰਾਂ ਦਿੱਲੀ, ਮੁੰਬਈ, ਹੈਦਰਾਬਾਦ ਅਤੇ ਬੇਂਗਲੁਰੂ ਤੋਂ ਉਸ ਦੀਆਂ 98 ਫੀਸਦੀ ਉਡਾਨਾਂ ਦੀ ਆਵਾਜਾਈ ਸਮੇਂ ਸਿਰ ਹੋਈ।


Sanjeev

Content Editor

Related News