ਆਬਾਦਪੁਰਾ ਗੋਲੀ ਕਾਂਡ, CCTV ''ਚ ਐਕਟਿਵਾ ਤਾਂ ਦਿਸੀ ਪਰ ਨੰਬਰ ਤੇ ਚਿਹਰਾ ਕਲੀਅਰ ਨਹੀਂ

05/27/2019 5:09:47 PM

ਜਲੰਧਰ (ਜ.ਬ.)— ਆਬਾਦਪੁਰਾ ਦੇ ਵਾਲਮੀਕਿ ਮੁਹੱਲਾ 'ਚ ਜ਼ੋਮੈਟੋ ਦੇ ਡਿਲਿਵਰੀ ਬੁਆਏ ਸੋਹਿਤ 'ਤੇ ਚੱਲੀ ਗੋਲੀ ਦੇ ਮਾਮਲੇ 'ਚ ਪੁਲਸ ਦੇ ਹੱਥ ਕੋਈ ਸਬੂਤ ਨਹੀਂ ਲੱਗਾ ਹੈ। ਉਮੀਦ ਸੀ ਕਿ ਜਿਸ ਇਮਾਰਤ 'ਚ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ, ਉਥੇ ਗੋਲੀ ਚਲਾਉਣ ਵਾਲੇ ਦੋਵੇਂ ਨੌਜਵਾਨਾਂ ਦੀ ਪਛਾਣ ਹੋ ਸਕਦੀ ਹੈ ਪਰ ਕੈਮਰਿਆਂ ਵਿਚ ਐਕਟਿਵਾ 'ਤੇ ਸਵਾਰ 2 ਨੌਜਵਾਨ ਜਾਂਦੇ ਤਾਂ ਦਿਸੇ ਪਰ ਐਕਟਿਵਾ ਨੰਬਰ ਜਾਂ ਫਿਰ ਨੌਜਵਾਨਾਂ ਦੇ ਚਿਹਰੇ ਕਲੀਅਰ ਨਹੀਂ ਦਿਸੇ।
ਐਤਵਾਰ ਹੋਣ ਕਾਰਨ ਪੁਲਸ ਨੂੰ ਘਟਨਾ ਵਾਲੀ ਥਾਂ ਦਾ ਮੋਬਾਇਲ ਡੰਪ ਡਾਟਾ ਵੀ ਨਹੀਂ ਮਿਲ ਸਕਿਆ। ਸੋਮਵਾਰ ਨੂੰ ਡੰਪ ਡਾਟਾ ਮਿਲਣ ਤੋਂ ਬਾਅਦ ਪੁਲਸ ਦੀ ਜਾਂਚ 'ਚ ਤੇਜ਼ੀ ਆਵੇਗੀ। ਅਜੇ ਤੱਕ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਸੋਹਿਤ ਨੂੰ ਗੋਲੀ ਮਾਰਨ ਦੇ ਪਿੱਛੇ ਕੀ ਕਾਰਨ ਹੈ। ਏ. ਡੀ. ਸੀ. ਪੀ.-2 ਪੀ. ਐੱਸ. ਭੰਡਾਲ ਨੇ ਦੱਸਿਆ ਕਿ ਸੋਹਿਤ ਤੋਂ ਐਤਵਾਰ ਨੂੰ ਵੀ ਪੁੱਛਗਿੱਛ ਕੀਤੀ ਪਰ ਉਸ ਨੇ ਇਹੋ ਹੀ ਕਿਹਾ ਕਿ ਕੋਈ ਪੁਰਾਣੀ ਰੰਜਿਸ਼ ਨਹੀਂ ਹੈ। ਸੋਹਿਤ ਨੂੰ ਚੰਗੀ ਤਰ੍ਹਾਂ ਨਾਲ ਜਾਣਨ ਵਾਲੇ ਲੋਕਾਂ ਨੇ ਵੀ ਪੁਲਸ ਨੂੰ ਇਹੋ ਬਿਆਨ ਦਿੱਤੇ ਹਨ। 24 ਘੰਟੇ ਬੀਤ ਜਾਣ ਤੋਂ ਬਾਅਦ ਵੀ ਗੋਲੀ ਚਲਾਉਣ ਵਾਲਿਆਂ ਅਤੇ ਗੋਲੀ ਚਲਾਉਣ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ।
ਏ. ਡੀ. ਸੀ. ਪੀ. ਭੰਡਾਲ ਦਾ ਕਹਿਣਾ ਹੈ ਕਿ ਹਮਲਾਵਾਰ ਸੋਹਿਤ ਨੂੰ ਨਿਸ਼ਾਨਾ ਬਣਾਉਣ ਆਏ ਸੀ ਕਿਉਂਕਿ ਗੋਲੀ ਮਾਰਨ ਤੋਂ ਪਹਿਲਾਂ ਹਮਲਾਵਰ ਨੌਜਵਾਨ ਨੇ ਕੁਝ ਸੈਕਿੰਡ ਲਈ ਸੋਹਿਤ ਨੂੰ ਪਛਾਣਿਆ ਅਤੇ ਫਿਰ ਫਾਇਰਿੰਗ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਸੀ. ਆਈ. ਏ. ਸਟਾਫ ਸਮੇਤ ਵੱਖ-ਵੱਖ ਪੁਲਸ ਟੀਮਾਂ ਮਾਮਲੇ ਨੂੰ ਟਰੇਸ ਕਰ ਰਹੀਆਂ ਹਨ ਅਤੇ ਜਲਦੀ ਹੀ ਮਾਮਲੇ ਨੂੰ ਟਰੇਸ ਕਰ ਲਿਆ ਜਾਵੇਗਾ। ਹਾਲਾਂਕਿ ਪੁਲਸ ਨੇ ਕੁਝ ਅਪਰਾਧਿਕ ਅਕਸ ਵਾਲੇ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਪਰ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ।
ਦੱਸ ਦਈਏ ਕਿ ਸ਼ਨੀਵਾਰ ਦੀ ਰਾਤ ਸੋਹਿਤ ਪੁੱਤਰ ਹੈਪੀ ਵਾਸੀ ਵਾਲਮੀਕਿ ਮੁਹੱਲਾ ਆਬਾਦਪੁਰਾ ਆਪਣੇ ਦੋਸਤ ਦੇ ਨਾਲ ਸੈਰ ਕਰ ਰਿਹਾ ਸੀ ਕਿ ਘਰ ਦੀ ਗਲੀ ਦੇ ਬਾਹਰ ਐਕਟਿਵਾ ਸਵਾਰ 2 ਨਕਾਬਪੋਸ਼ਾਂ 'ਚੋਂ ਇਕ ਨੇ ਸੋਹਿਤ 'ਤੇ ਫਾਇਰ ਕਰ ਦਿੱਤਾ ਸੀ। ਗੋਲੀ 315 ਬੋਰ ਦੇ ਦੇਸੀ ਕੱਟੇ ਤੋਂ ਚਲਾਈ ਗਈ ਸੀ। ਗੋਲੀ ਸੋਹਿਤ ਦੇ ਪੇਟ ਦੀ ਚਮੜੀ ਨੂੰ ਚੀਰਦੀ ਹੋਈ ਸਵਿੱਫਟ ਕਾਰ ਦੀ ਡਿੱਗੀ 'ਚ ਲੱਗੀ ਸੀ। ਥਾਣਾ ਨੰ. 6 'ਚ ਦੇਰ ਰਾਤ ਅਣਪਛਾਤੇ ਲੋਕਾਂ 'ਤੇ ਕੇਸ ਦਰਜ ਕੀਤਾ ਗਿਆ ਸੀ।
ਘਟਨਾ ਵਾਲੀ ਥਾਂ ਦੇ ਚਾਰੋਂ ਪਾਸੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ
ਪੁਲਸ ਨੇ ਐਤਵਾਰ ਨੂੰ ਘਟਨਾ ਵਾਲੀ ਥਾਂ ਵੱਲ ਆਉਂਦੇ-ਜਾਂਦੇ ਰਾਹ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਹਨ। ਫਿਲਹਾਲ ਪੁਲਸ ਨੂੰ ਅਜੇ ਕੋਈ ਕਾਮਯਾਬੀ ਨਹੀਂ ਮਿਲ ਸਕੀ ਹੈ। ਡੰਪ ਡਾਟਾ ਆਉਣ ਤੋਂ ਬਾਅਦ ਪੁਲਸ ਦੇ ਹੱਥ ਕਈ ਸੁਰਾਗ ਲੱਗ ਸਕਦੇ ਹਨ। ਸ਼ਨੀਵਾਰ ਦੀ ਰਾਤ ਨੂੰ ਪੁਲਸ ਜਾਂਚ ਖਤਮ ਕਰਨ ਤੋਂ ਬਾਅਦ ਦੇਰ ਰਾਤ 2.30 ਵਜੇ ਵਾਪਸ ਪਹੁੰਚੀ। ਦੇਰ ਰਾਤ ਪੁਲਸ ਨੇ ਜ਼ੋਮੈਟੋ ਦੇ ਡਿਲਿਵਰੀ ਬੁਆਏ ਤੋਂ ਪੁੱਛਗਿੱਛ ਕੀਤੀ ਪਰ ਸੋਹਿਤ ਦੀ ਕਿਸੇ ਤਰ੍ਹਾਂ ਦੀ ਕੋਈ ਪੁਰਾਣੀ ਰੰਜਿਸ਼ ਸਾਹਮਣੇ ਨਹੀਂ ਆ ਸਕੀ।

shivani attri

This news is Content Editor shivani attri