ਜ਼ੋਮੈਟੋ ਦੇ ਡਲਿਵਰੀ ਬੁਆਏ ਦਾ ਮੋਟਰਸਾਈਕਲ ਇਨੋਵਾ ਨਾਲ ਟਕਰਾਇਆ, ਮੌਤ

12/26/2021 3:48:24 PM

ਜਲੰਧਰ (ਵਰੁਣ)–ਕੁੱਕੀ ਢਾਬ ਚੌਕ ’ਚ ਆਰਡਰ ਲੈ ਕੇ ਜਾ ਰਹੇ ਜ਼ੋਮੈਟੋ ਦੇ ਡਲਿਵਰੀ ਬੁਆਏ ਦੇ ਮੋਟਰਸਾਈਕਲ ਅਤੇ ਇਨੋਵਾ ਵਿਚਕਾਰ ਭਿਆਨਕ ਟੱਕਰ ਹੋ ਗਈ। ਹਾਦਸੇ ’ਚ ਡਲਿਵਰੀ ਬੁਆਏ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਨੋਵਾ ਦਾ ਡਰਾਈਵਰ ਮੌਕੇ ’ਤੇ ਗੱਡੀ ਛੱਡ ਕੇ ਭੱਜ ਗਿਆ। ਮ੍ਰਿਤਕ ਦੀ ਪਛਾਣ ਸੁਖਜਿੰਦਰ ਸਿੰਘ (34) ਪੁੱਤਰ ਮਨਦੀਪ ਸਿੰਘ ਨਿਵਾਸੀ ਬੋਲੀਨਾ ਵਜੋਂ ਹੋਈ ਹੈ। ਥਾਣਾ ਨੰਬਰ 7 ਦੇ ਏ. ਐੱਸ. ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਲੱਗਭਗ ਪੌਣੇ 12 ਵਜੇ ਸੁਖਜਿੰਦਰ ਸਿੰਘ ਅਰਬਨ ਅਸਟੇਟ ਤੋਂ ਆਰਡਰ ਲੈ ਕੇ ਕੁੱਕੀ ਢਾਬ ਵੱਲ ਜਾ ਰਿਹਾ ਸੀ। ਜਿਉਂ ਹੀ ਉਹ ਕੁੱਕੀ ਢਾਬ ਚੌਕ ਵਿਚ ਪੁੱਜਾ ਤਾਂ ਉਸ ਦੇ ਮੋਟਰਸਾਈਕਲ ਦੀ ਇਨੋਵਾ ਨਾਲ ਟੱਕਰ ਹੋ ਗਈ। ਇਨੋਵਾ ਦਾ ਡਰਾਈਵਰ ਗੱਡੀ ਉਥੇ ਛੱਡ ਕੇ ਭੱਜ ਗਿਆ। ਰਾਹਗੀਰਾਂ ਨੇ ਹਾਦਸੇ ਦੀ ਸੂਚਨਾ ਕੰਟਰੋਲ ਰੂਮ ਵਿਚ ਦਿੱਤੀ, ਜਿਸ ਤੋਂ ਬਾਅਦ ਥਾਣਾ ਨੰਬਰ 7 ਦੀ ਪੁਲਸ ਘਟਨਾ ਸਥਾਨ ’ਤੇ ਪੁੱਜੀ।

ਪੁਲਸ ਜ਼ਖ਼ਮੀ ਸੁਖਜਿੰਦਰ ਨੂੰ ਸਿਵਲ ਹਸਪਤਾਲ ਲੈ ਕੇ ਗਈ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਇਨੋਵਾ ਨੂੰ ਕਬਜ਼ੇ ’ਚ ਲੈ ਲਿਆ ਹੈ। ਏ. ਐੱਸ. ਆਈ. ਸੁਰਜੀਤ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਚਾਚੇ ਦੇ ਪੁੱਤ ਦੇ ਬਿਆਨਾਂ ’ਤੇ ਅਣਪਛਾਤੇ ਇਨੋਵਾ ਡਰਾਈਵਰ ’ਤੇ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸੁਖਜਿੰਦਰ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੀ ਮਾਂ ਦਾ ਇਕਲੌਤਾ ਸਹਾਰਾ ਸੀ। ਉਥੇ ਹੀ ਇਸ ਹਾਦਸੇ ਤੋਂ ਨਾਰਾਜ਼ ਜ਼ੈਮੋਟੋ ਲਈ ਡਲਿਵਰੀ ਕਰਨ ਵਾਲੇ ਲੋਕਾਂ ਨੇ ਮਾਡਲ ਟਾਊਨ ਧਰਨਾ ਵੀ ਦਿੱਤਾ, ਜਿਸ ਕਾਰਨ ਉਥੇ ਜਾਮ ਲੱਗਾ ਰਿਹਾ। ਥਾਣਾ ਨੰਬਰ 6 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਨੂੰ ਸ਼ਾਂਤ ਕੀਤਾ ਅਤੇ ਜਾਮ ਨੂੰ ਖੁੱਲ੍ਹਵਾਇਆ।

Manoj

This news is Content Editor Manoj