ਕਾਂਗਰਸ ਹੋਂਦ ਬਚਾਉਣ ਲਈ ਭਾਜਪਾ ਦੀਆਂ ਵਿਰੋਧੀ ਪਾਰਟੀਆਂ ਨਾਲ ਬਿਨਾਂ ਸ਼ਰਤ ਕਰ ਰਹੀ ਹੈ ਸਮਝੌਤੇ: ਸ਼ਵੇਤ ਮਲਿਕ (ਵੀਡੀਓ)

06/12/2018 2:52:36 PM

ਜਲੰਧਰ (ਰਾਹੁਲ)— ਕੇਂਦਰ ਦੀ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਤੇ ਵਿਕਾਸ ਕਾਰਜਾਂ ਤੋਂ ਵਿਰੋਧੀ ਧਿਰਾਂ ਪਰੇਸ਼ਾਨ ਹਨ। ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਕਹਾਉਣ ਵਾਲੀ ਕਾਂਗਰਸ ਵੀ ਹੁਣ ਆਪਣੀ ਹੋਂਦ ਬਚਾਉਣ ਲਈ ਭਾਜਪਾ ਵਿਰੋਧੀ ਪਾਰਟੀਆਂ ਨਾਲ ਬਿਨਾਂ ਸ਼ਰਤ ਸਮਝੌਤੇ ਕਰ ਰਹੀ ਹੈ। ਇਹ ਸ਼ਬਦ ਭਾਜਪਾ ਪੰਜਾਬ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਯੁਵਾ ਮੋਰਚਾ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਸੰੰਬੋਧਨ ਕਰਦਿਆਂ ਕਹੇ। ਮਲਿਕ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਨੌਜਵਾਨ ਦੇਸ਼ ਦਾ ਭਵਿੱਖ ਹਨ ਤੇ ਉਹ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਤੋਂ ਸੰਤੁਸ਼ਟ ਹਨ। ਉਹ ਮੋਦੀ ਸਰਕਾਰ ਦੀ ਵਿਕਾਸ ਕਹਾਣੀ ਨੂੰ ਘਰ-ਘਰ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਉਣਗੇ।
ਭਾਰਤੀ ਜਨਤਾ ਯੁਵਾ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਸੰਨੀ ਸ਼ਰਮਾ ਦੀ ਅਗਵਾਈ 'ਚ ਸ਼ਹੀਦ ਭਗਤ ਸਿੰਘ ਕਾਲੋਨੀ ਜਲੰਧਰ ਤੋਂ ਸ਼ੁਰੂ ਹੋਈ ਵਿਸ਼ਾਲ ਮੋਟਰਸਾਈਕਲ ਰੈਲੀ ਨੂੰ ਭਾਜਪਾ ਪੰਜਾਬ ਦੇ ਪ੍ਰਧਾਨ ਸ਼ਵੇਤ ਮਲਿਕ ਅਤੇ ਜਨਰਲ ਸਕੱਤਰ ਰਾਕੇਸ਼ ਰਾਠੌਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। 
ਇਸ ਦੌਰਾਨ ਸੂਬਾ ਪ੍ਰਧਾਨ ਵੀ ਗੱਡੀ ਵਿਚ ਸਵਾਰ ਹੋ ਕੇ ਵਰਕਰਾਂ ਦਾ ਉਤਸ਼ਾਹ ਵਧਾਉਂਦੇ ਨਜ਼ਰ ਆਏ। ਉਨ੍ਹਾਂ ਦੇ ਨਾਲ ਜਨਰਲ ਸਕੱਤਰ ਰਾਕੇਸ਼ ਰਾਠੌਰ, ਸੂਬਾ ਪ੍ਰਧਾਨ ਹੰਸ ਰਾਜ ਹੰਸ, ਮਹਿੰਦਰ ਭਗਤ, ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਕੇ. ਡੀ. ਭੰਡਾਰੀ, ਸਾਬਕਾ ਮੇਅਰ ਸੁਨੀਲ ਜੋਤੀ ਤੇ ਹੋਰ ਆਗੂ ਵੀ ਮੌਜੂਦ ਸਨ। 
ਮਲਿਕ ਨੇ ਕਿਹਾ ਕਿ ਕਾਂਗਰਸ ਨੇ ਅੱਜ ਤੱਕ ਦੇਸ਼ ਨੂੰ ਵੰਡਣ ਦਾ ਹੀ ਕੰਮ ਕੀਤਾ ਹੈ, ਜਦੋਂਕਿ ਭਾਜਪਾ ਨੇ ਹਮੇਸ਼ਾ ਵਿਕਾਸ ਅਤੇ ਆਪਸੀ ਭਾਈਚਾਰੇ ਨੂੰ ਹੀ ਅਹਿਮੀਅਤ ਦਿੱਤੀ ਹੈ। ਭਾਜਪਾ ਦੇ 48 ਮਹੀਨਿਆਂ ਦਾ ਵਿਕਾਸ ਕਾਂਗਰਸ ਦੇ 49 ਸਾਲਾਂ ਦੇ ਕਾਰਜਕਾਲ 'ਤੇ ਭਾਰੀ ਪੈ ਰਿਹਾ ਹੈ। ਭਾਰਤ ਦਾ ਨਾਂ ਵਿਸ਼ਵ ਦੇ ਨਕਸ਼ੇ 'ਤੇ ਇਕ ਮਜ਼ਬੂਤ ਦੇਸ਼ ਦੇ ਤੌਰ 'ਤੇ ਉਭਰਿਆ ਹੈ।
ਭਾਜਪਾ ਸੂਬਾਈ ਜਨਰਲ ਸਕੱਤਰ ਰਾਕੇਸ਼ ਰਾਠੌਰ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਨੌਜਵਾਨ ਵਰਗ ਦੀ ਹਿੱਸੇਦਾਰੀ ਤੋਂ ਇਹ ਸਪੱਸ਼ਟ ਹੈ ਕਿ ਨੌਜਵਾਨ ਵਰਗ ਇਸ ਵਾਰ ਵੀ 2019 ਦੀਆਂ ਚੋਣਾਂ ਵਿਚ ਸਰਗਰਮ ਭੂਮਿਕਾ ਨਿਭਾਏਗਾ। ਨੌਜਵਾਨ ਵਰਗ ਦੀ ਹਿੱਸੇਦਾਰੀ ਨਾਲ ਕੇਂਦਰ ਦੀ ਮੋਦੀ ਸਰਕਾਰ ਹੋਰ ਜ਼ਿਆਦਾ ਮਜ਼ਬੂਤ ਹੋ ਕੇ ਉਭਰੇਗੀ ਅਤੇ ਦੇਸ਼ ਵਿਚ ਕਾਂਗਰਸ ਦੀ ਹੋਂਦ ਹੀ ਖਤਮ ਹੋ ਜਾਵੇਗੀ।
ਸ਼ਹੀਦ ਭਗਤ ਸਿੰਘ ਕਾਲੋਨੀ ਤੋਂ ਸ਼ੁਰੂ ਹੋਈ ਮੋਟਰਸਾਈਕਲ ਰੈਲੀ ਹੋਟਲ ਕੰਟਰੀਇਨ ਵਿਚ ਸੰਪੰਨ ਹੋਈ। ਇਸ ਦੌਰਾਨ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਰਾਕੇਸ਼ ਰਾਠੌਰ, ਪ੍ਰਵੀਨ ਬਾਂਸਲ, ਦਿਆਲ ਸਿੰਘ ਸੋਢੀ, ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਸੀ. ਪੀ. ਐੱਸ. ਕੇ. ਡੀ. ਭੰਡਾਰੀ, ਸਾਬਕਾ ਮੇਅਰ ਸੁਨੀਲ ਜੋਤੀ, ਜਨਰਲ ਸਕੱਤਰ ਸੰਗਠਨ ਦਿਨੇਸ਼ ਕੁਮਾਰ, ਜ਼ਿਲਾ ਪ੍ਰਧਾਨ ਰਮੇਸ਼ ਸ਼ਰਮਾ, ਜਨਰਲ ਸਕੱਤਰ ਰਮਨ ਪੱਬੀ, ਅਜੇ ਜੋਸ਼ੀ, ਕੌਂਸਲਰ ਸੁਸ਼ੀਲ ਸ਼ਰਮਾ, ਜ਼ਿਲਾ ਯੁਵਾ ਮੋਰਚਾ ਪ੍ਰਧਾਨ ਮੁਨੀਸ਼ ਵਿਜ, ਮੋਨੂ ਪੁਰੀ, ਰਾਕੇਸ਼ ਮਨੂੰ, ਅਮਿਤ ਭਾਟੀਆ, ਪੰਕਜ ਜੁਲਕਾ, ਜੌਲੀ ਬੇਦੀ, ਸੂਰਜ ਮਿਸ਼ਰਾ, ਹਰਦੀਪ ਸਿੰਘ, ਭਗਵੰਤ ਪ੍ਰਭਾਕਰ, ਮਿੰਟਾ ਕੋਛੜ, ਕੌਂਸਲਰ ਸ਼ੈਲੀ ਖੰਨਾ ਅਤੇ ਹੋਰ ਪਤਵੰਤੇ ਸ਼ਾਮਲ ਸਨ।
ਵਿਰੋਧੀ ਦਲ ਵੀ ਹੋਏ ਸਰਗਰਮ
ਯੁਵਾ ਮੋਰਚਾ ਦੀ ਵਿਸ਼ਾਲ ਮੋਟਰਸਾਈਕਲ ਰੈਲੀ ਨਾਲ ਵਿਰੋਧੀ ਦਲਾਂ 'ਚ ਘਬਰਾਹਟ ਪਾਈ ਜਾ ਰਹੀ ਹੈ। ਕਈ ਥਾਵਾਂ 'ਤੇ ਨੌਜਵਾਨ ਵਰਕਰਾਂ ਨੂੰ ਭੜਕਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਭਾਜਪਾ ਲੀਡਰਸ਼ਿਪ ਦੀ ਸੰਜੀਦਗੀ ਅਤੇ ਸਰਗਰਮੀ ਕਾਰਨ ਵਿਰੋਧੀਆਂ ਦੀ ਕੋਈ ਵੀ ਚਾਲ ਸਫਲ ਨਹੀਂ ਹੋ ਸਕੀ।
ਸ਼ਵੇਤ ਮਲਿਕ ਦੇ ਆਉਣ ਨਾਲ ਯੁਵਾ ਮੋਰਚਾ ਵਰਕਰ ਹੋਏ ਉਤਸ਼ਾਹਤ
ਯੁਵਾ ਮੋਰਚਾ ਵੱਲੋਂ ਕੱਢੀ ਗਈ ਇਸ ਮੋਟਰਸਾਈਕਲ ਰੈਲੀ ਨਾਲ ਭਾਜਪਾ ਵਰਕਰ ਖਾਸ ਕਰਕੇ ਨੌਜਵਾਨ ਵਰਗ ਕਾਫੀ ਉਤਸ਼ਾਹਤ ਨਜ਼ਰ ਆਇਆ। ਅਤਿ ਦੀ ਗਰਮੀ ਦੇ ਬਾਵਜੂਦ ਹਜ਼ਾਰਾਂ ਵਰਕਰਾਂ ਨੇ ਆਪਣੀ ਮੌਜੂਦਗੀ ਦਰਜ ਕਰਵਾਈ।