ਦੇਸ਼ ਨੂੰ CAA ਦੀ ਜਗ੍ਹਾ ਐੱਨ. ਆਰ. ਯੂ. ਦੀ ਲੋੜ : ਜ਼ਿਲਾ ਪ੍ਰਧਾਨ

01/29/2020 2:27:02 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਕੇਂਦਰ ਦੀ ਮੋਦੀ ਸਰਕਾਰ ਨੇ ਇਸ ਸਮੇਂ ਦੇਸ਼ 'ਚ ਤਬਾਹਕੁਨ ਆਰਥਿਕਤਾ, ਬੇਰੋਜ਼ਗਾਰੀ ਨੂੰ ਚਰਮ 'ਤੇ ਲਿਆ ਕੇ ਖੜਾ ਕਰ ਦਿੱਤਾ ਹੈ। ਕੇਂਦਰ ਸਰਕਾਰ ਸਮੱਸਿਆਵਾਂ ਤੋਂ ਧਿਆਨ ਭਟਕਾਉਣ ਲਈ ਸੀ. ਏ. ਏ. ਅਤੇ ਐੱਨ. ਆਰ. ਸੀ. ਵਰਗੇ ਨਾਪਾਕ ਹਥਕੰਢੇ ਅਪਣਾ ਰਹੀ ਹੈ। ਇਨ੍ਹਾਂ ਵਿਚਾਰ ਦਾ ਪ੍ਰਗਟਾਵਾ ਯੂਥ ਕਾਂਗਰਸ ਜ਼ਿਲਾ ਪ੍ਰਧਾਨ ਐਡਵੋਕੇਟ ਦਮਨਦੀਪ ਸਿੰਘ ਬਿੱਲਾ ਨਰਵਾਲ ਨੇ ਅੱਜ ਟਾਂਡਾ ਵਿਖੇ ਜ਼ਿਲਾ ਪੱਧਰੀ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਇਸ ਮੌਕੇ ਜ਼ਿਲੇ ਦੇ ਵੱਖ-ਵੱਖ ਸਾਰੇ ਵਿਧਾਨ ਸਭਾ ਹਲਕਿਆਂ ਦੇ ਪ੍ਰਧਾਨ ਵੀ ਉਨ੍ਹਾਂ ਨਾਲ ਸਨ। ਜ਼ਿਲਾ ਪ੍ਰਧਾਨ ਨੇ ਮੋਦੀ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਕਾਨੂੰਨ ਦੀ ਨਹੀਂ ਰੋਜ਼ਗਾਰ ਦੀ ਦਰਕਾਰ ਹੈ। ਇਸ ਲਈ ਸਰਕਾਰ ਸੀ. ਏ. ਏ. ਅਤੇ ਐੱਨ. ਆਰ. ਸੀ. ਦੀ ਜਗ੍ਹਾ ਐਨ. ਆਰ. ਯੂ (ਨੈਸ਼ਨਲ ਰਜਿਸਟਰ ਆਫ ਅਨ ਇੰਪਲਾਈਮੈਂਟ) ਲੈ ਕੇ ਆਵੇ।

ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕੈਪਟਨ ਸਰਕਾਰ ਨੇ ਜਿਸ ਤਰ੍ਹਾਂ ਨੌਜਵਾਨਾਂ ਨੂੰ ਘਰ-ਘਰ ਨੌਕਰੀ ਦਾ ਵਾਅਦਾ ਪੂਰਾ ਕਰਨ ਲਈ ਗੰਭੀਰਤਾ ਨਾਲ ਕੰਮ ਕਰਦੇ ਹੋਏ 22 ਜ਼ਿਲਿਆਂ ਅੰਦਰ ਇੰਪਲਾਈਮੈਂਟ ਬਿਊਰੋ ਖੋਲ੍ਹ ਕੇ ਪ੍ਰਦੇਸ਼ ਦੇ ਤਿੰਨ ਲੱਖ ਦੇ ਕਰੀਬ ਨੌਜਵਾਨਾਂ ਨੂੰ ਰਾਜ ਰੋਜ਼ਗਾਰ ਮੁਹੱਈਆ ਕਰਵਾਇਆ ਹੈ, ਇਸ ਤੋਂ ਕੇਂਦਰ ਸਰਕਾਰ ਨੂੰ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰੋਜ਼ਗਾਰ ਬਿਊਰੋ 'ਚ ਫੋਨ, ਈ-ਮੇਲ ਅਤੇ ਚਿੱਠੀ ਪੱਤਰ ਦੇ ਜ਼ਰੀਏ 7 ਲੱਖ ਨੌਜਵਾਨਾਂ ਤੱਕ ਪਹੁੰਚ ਕੀਤੀ ਜਾ ਚੁੱਕੀ ਹੈ। ਇਸ ਦੇ ਨਾਲ ਹੀ ਕਰੀਏਸ਼ਨ ਆਫ ਫੌਰਨ ਇੰਪਲਾਈਮੈਂਟ ਐਂਡ ਫੌਰਨ ਸਟੱਡੀ ਕਾਲ, ਕਰੀਏਸ਼ਨ ਆਫ ਪੰਜਾਬ ਜੌਬ ਹੈਲਪਲਾਈਨ ਅਤੇ ਆਊਟਰੀਚ ਥਰੂ ਸੋਸ਼ਲ ਮੀਡੀਆ ਆਦਿ ਪ੍ਰੋਗਰਾਮਾਂ ਦੁਆਰਾ ਨੌਜਵਾਨਾਂ ਨੂੰ ਨੌਕਰੀ ਨਾਲ ਜੋੜਨ ਵੱਖ-ਵੱਖ ਪ੍ਰੋਗਰਾਮ ਚਲਾਏ ਜਾ ਰਹੇ ਹਨ ਅਤੇ ਇਨ੍ਹਾਂ ਕੋਸ਼ਿਸ਼ਾਂ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।
ਨੌਜਵਾਨਾਂ ਨੂੰ ਇਸ ਦਾ ਲਾਭ ਮਿਲ ਰਿਹਾ ਹੈ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਲਾਭ ਦੇਣ ਲਈ ਵੱਡੀ ਗਿਣਤੀ 'ਚ ਨੌਜਵਾਨਾਂ ਨੂੰ ਇਸ ਨਾਲ ਜੋੜਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਈ ਜ਼ਿਲਿਆਂ ਅੰਦਰ ਰੋਜ਼ਗਾਰ ਮੇਲੇ ਵੀ ਕਰਵਾਏ ਜਾ ਚੁੱਕੇ ਹਨ। ਇਸ ਦੇ ਉਲਟ ਦੂਜੇ ਪਾਸੇ ਦੇਸ਼ ਅੰਦਰ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਬੇਰੋਜ਼ਗਾਰੀ ਆਪਣੀ ਚਰਮ ਸੀਮਾ 'ਤੇ ਪਹੁੰਚ ਚੁੱਕੀ ਹੈ। ਅੰਤਰਰਾਸ਼ਟਰੀ ਕੰਪਨੀਆਂ ਦੇਸ਼ ਛੱਡ ਕੇ ਜਾ ਰਹੀਆਂ ਹਨ ਅਤੇ ਨੌਕਰੀਆਂ ਦੇ ਮੌਕੇ ਖਤਮ ਹੋ ਰਹੇ ਹਨ। ਇਨ੍ਹਾਂ ਸਭ ਨਾਕਾਮੀਆਂ ਨੂੰ ਲੁਕਾਉਣ ਲਈ ਨਰਿੰਦਰ ਮੋਦੀ ਦੀ ਸਰਕਾਰ ਨੇ ਸੀ. ਏ. ਏ. ਅਤੇ ਐੱਨ. ਆਰ. ਸੀ. ਵਰਗੇ ਕਾਨੂੰਨ ਲਿਆਉਣ ਅਤੇ ਧਾਰਾ 370 ਨੂੰ ਹਟਾਉਣ ਵਰਗੇ ਡਰਾਮੇ ਕੀਤੇ ਹਨ।

ਸਰਕਾਰ ਵੱਲੋਂ ਇਨ੍ਹਾਂ ਦੋਨਾਂ ਬਿੱਲਾਂ ਨੂੰ ਲਿਆਉਣ ਦੇ ਬਾਅਦ ਕਿੰਨੇ ਨੌਜਵਾਨਾਂ ਨੂੰ ਨੌਕਰੀ ਮਿਲੀ ਹੈ ਜਾਂ ਕਿੰਨੇ ਲੋਕਾਂ ਨੂੰ ਕੋਈ ਵਿੱਤੀ ਲਾਭ ਹੋਇਆ ਹੈ। ਇਸ ਦੀ ਜਾਣਕਾਰੀ ਸਰਕਾਰ ਵੱਲੋਂ ਦੇਣੀ ਬਣਦੀ ਹੈ। ਇਸ ਦੌਰਾਨ ਹੁਸ਼ਿਆਰਪੁਰ ਯੂਥ ਕਾਂਗਰਸ ਵੱਲੋਂ ਨੈਸ਼ਨਲ ਰਜਿਸਟਰ ਆਫ ਅਨ ਇੰਪਲਾਈਡ (ਐੱਨ ਆਰ ਯੂ) ਸੰਬੰਧੀ ਪੋਸਟਰ ਵੀ ਜਾਰੀ ਕੀਤੇ ਗਏ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਯੂਥ ਕਾਂਗਰਸ ਵੱਲੋਂ ਮਿਸਡ ਕਾਲ ਆਫ ਨੈਸ਼ਨਲ ਰਜਿਸਟਰ ਆਫ ਅਨ ਇੰਪਲਾਈਮੈਂਟ ਦੀ ਮੁਹਿੰਮ ਵੀ ਚਲਾਈ ਜਾ ਰਹੀ ਹੈ। ਇਸ ਮੌਕੇ ਟਾਂਡਾ ਯੂਥ ਪ੍ਰਧਾਨ ਗੋਲਡੀ ਕਲਿਆਣਪੁਰ, ਮੁਕੇਰੀਆਂ ਯੂਥ ਕਾਂਗਰਸ ਪ੍ਰਧਾਨ ਬਿੰਦਰ ਮੁਕੇਰੀਆਂ, ਪਵਿੱਤਰ ਦੀਪ ਪ੍ਰਧਾਨ ਯੂਥ ਕਾਂਗਰਸ ਸ਼ਾਮ ਚੁਰਾਸੀ, ਕੌਂਸਲਰ ਗੁਰਸੇਵਕ ਮਾਰਸ਼ਲ, ਸਿਮਰਨ ਧਾਲੀਵਾਲ, ਜੱਸਾ ਨਰਵਾਲ, ਤੇਜੀ ਥਿਆੜਾ, ਭਿੰਦਾ ਬਾਬਕ ਆਦਿ ਮੌਜੂਦ ਸਨ।

shivani attri

This news is Content Editor shivani attri