ਸਡ਼ਕ ਹਾਦਸੇ ’ਚ ਨੌਜਵਾਨ ਦੀ ਮੌਤ, ਇਕ ਜ਼ਖਮੀ

12/03/2020 8:12:25 PM

ਰੂਪਨਗਰ, (ਵਿਜੇ ਸ਼ਰਮਾ)- ਰੂਪਨਗਰ ਦੇ ਨਿਰੰਕਾਰੀ ਸਤਿਸੰਗ ਭਵਨ ਨੇਡ਼ੇ ਸਵਰਾਜ ਮਾਜਦਾ ਟਰੱਕ ਯੂਨੀਅਨ ਦੇ ਸਾਹਮਣੇ ਚੰਡੀਗਡ਼੍ਹ-ਮਨਾਲੀ ਨੈਸ਼ਨਲ ਹਾਈਵੇ ’ਤੇ ਇਕ ਟਰੱਕ ਅਤੇ ਮੋਟਰਸਾਇਕਲ ਵਿਚਕਾਰ ਹੋਏ ਸਡ਼ਕ ਹਾਦਸੇ ’ਚ ਇਕ ਵਿਅਕਤੀ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਇਕ ਲਡ਼ਕੀ ਗੰਭੀਰ ਜ਼ਖਮੀ ਹੋ ਗਈ ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ ’ਚ ਦਾਖਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਕੁਲਦੀਪ ਕੁਮਾਰ (22) ਪੁੱਤਰ ਰਾਜ ਕੁਮਾਰ ਨਿਵਾਸੀ ਪਿੰਡ ਕਰਤਾਰਪੁਰ, ਨੂਰਪੁਰਬੇਦੀ (ਰੂਪਨਗਰ) ਪਿਛਲੇ ਕੁਝ ਸਾਲਾਂ ਤੋਂ ਆਪਣੇ ਨਾਨਕੇ ਘਰ ਫੂਲ ਚੱਕਰ ਮਹੱਲਾ ਰੂਪਨਗਰ ’ਚ ਰਹਿੰਦਾ ਸੀ। ਮ੍ਰਿਤਕ ਕੁਲਦੀਪ ਕੁਮਾਰ ਸਿੰਘ ਮੋਟਰਜ਼ ਮੋਹਾਲੀ ’ਚ ਕੰਮ ਕਰਦਾ ਸੀ। ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ 8.15 ਵਜੇ ਆਪਣੇ ਮੋਟਰਸਾਇਕਲ ’ਤੇ ਸਵਾਰ ਹੋ ਕੇ ਘਰੋਂ ਨਿਕਲਿਆ ਅਤੇ ਰਸਤੇ ’ਚੋਂ ਅੰਜੂਮਨ ਬੇਟੀ ਰਮੇਸ਼ ਦੱਤ ਨਿਵਾਸੀ ਪਿੰਡ ਭਿੰਡਰ ਨਗਰ (ਰੂਪਨਗਰ) ਨੂੰ ਨਾਲ ਲੈ ਕੇ ਮੋਹਾਲੀ ਵੱਲ ਕੰਮ ’ਤੇ ਜਾ ਰਿਹਾ ਸੀ। ਇਸ ਦੌਰਾਨ ਜਦੋ ਉਹ ਸੰਤ ਨਿਰੰਕਾਰੀ ਸਤਿਸੰਗ ਭਵਨ ਦੇ ਕੋਲ ਪਹੁੰਚਿਆ ਤਾਂ ਪਿੱਛਿਓਂ ਆ ਰਹੇ ਇੱਕ ਤੇਜ਼ ਰਫਤਾਰ ਟਰੱਕ ਦੀ ਲਪੇਟ ’ਚ ਆ ਗਿਆ। ਇਸ ਹਾਦਸੇ ’ਚ ਕੁਲਦੀਪ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਅੰਜੂਮਨ ਗੰਭੀਰ ਜ਼ਖਮੀ ਹੋ ਗਈ ਜੋ ਕਿ ਸਿਵਲ ਹਸਪਤਾਲ ਰੂਪਨਗਰ ’ਚ ਜ਼ੇਰੇ ਇਲਾਜ ਹੈ।

ਇਸ ਸਬੰਧ ’ਚ ਸਿਟੀ ਪੁਲਸ ਥਾਣਾ ਰੂਪਨਗਰ ਦੇ ਜਾਂਚ ਅਧਿਕਾਰੀ ਏ.ਐੱਸ.ਆਈ. ਸੁਰਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਉਪਰੰਤ ਅਣਪਛਾਤਾ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਟਰੱਕ ਨੂੰ ਕਬਜ਼ੇ ’ਚ ਲੈ ਕੇ ਮਾਮਲਾ ਦਰਜ ਕਰਕੇ ਟਰੱਕ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕੁਲਦੀਪ ਕੁਮਾਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।

Bharat Thapa

This news is Content Editor Bharat Thapa