ਨਾਰਾ-ਡਾਡਾ ਡੈਮ ''ਚ ਨਹਾਉਣ ਗਏ ਨੌਜਵਾਨ ਦੀ ਮੌਤ

06/30/2020 2:18:37 AM

ਹੁਸ਼ਿਆਰਪੁਰ,(ਅਮਰਿੰਦਰ)-ਥਾਣਾ ਸਦਰ ਦੇ ਅਧੀਨ ਆਉਂਦੇ ਨਾਰਾ-ਡਾਡਾ ਡੈਮ 'ਚ ਆਪਣੇ ਦੋਸਤਾਂ ਨਾਲ ਨਹਾਉਣ ਗਏ ਇਕ ਨੌਜਵਾਨ ਦੀ ਪੈਰ ਫਿਸਲ ਜਾਣ ਨਾਲ ਡੈਮ 'ਚ ਡੁੱਬ ਕੇ ਮੌਤ ਹੋ ਗਈ। ਡੈਮ ਵਿਚੋਂ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ 21 ਸਾਲਾ ਰਾਹੁਲ ਪੁੱਤਰ ਰਾਜੂ ਵਾਸੀ ਫਤਹਿਗੜ੍ਹ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਤਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਾਹੁਲ ਆਪਣੇ ਦੋਸਤਾਂ ਨਾਲ ਬੀਤੇ ਦਿਨ ਐਤਵਾਰ ਨੂੰ ਨਾਰਾ ਡੈਮ ਵਿਚ ਨਹਾਉਣ ਲਈ ਗਿਆ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਰਾਹੁਲ ਕਿਸੇ ਸੈਨੇਟਰੀ ਦੀ ਦੁਕਾਨ 'ਤੇ ਕੰਮ ਕਰਦਾ ਸੀ। ਪਰਿਵਾਰਕ ਮੈਂਬਰ ਉਸਦੀ ਭਾਲ ਕਰ ਰਹੇ ਸਨ ਅਤੇ ਅੱਜ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ। ਜਦੋਂ ਪੁਲਸ ਉਸਦੀ ਭਾਲ ਲਈ ਮੌਕੇ 'ਤੇ ਪਹੁੰਚੀ ਤਾਂ ਉਸਦੀ ਲਾਸ਼ ਪਾਣੀ 'ਤੇ ਤੈਰਦੀ ਮਿਲ ਗਈ। ਇਸ ਸਬੰਧ 'ਚ ਪੁਲਸ ਨੇ ਧਾਰਾ 174 ਤਹਿਤ ਲੋੜੀਂਦੀ ਕਾਰਵਾਈ ਕੀਤੀ ਹੈ।
 


Deepak Kumar

Content Editor

Related News