ਸਹੁਰੇ ਪਰਿਵਾਰ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ

02/15/2020 10:51:59 PM

ਜਲੰਧਰ, (ਸ਼ੋਰੀ)— ਇਥੋਂ ਦੇ ਅੱਡਾ ਬਸਤੀ ਸ਼ੇਖ ਵਾਸੀ 23 ਸਾਲਾ ਨੌਜਵਾਨ ਨੂੰ ਆਪਣੀ ਰੁੱਸੀ ਪਤਨੀ ਨੂੰ ਉਸਦੇ ਪੇਕੇ ਮਨਾਉਣ ਜਾਣਾ ਮਹਿੰਗਾ ਪੈ ਗਿਆ। ਪਤਨੀ ਦੇ ਪੇਕੇ ਘਰ 'ਚ ਉਸਨੂੰ ਬੇਇੱਜ਼ਤ ਕੀਤਾ ਗਿਆ ਤੇ ਤਾਅਨੇ ਮਾਰੇ ਗਏ, ਜਿਸ ਤੋਂ ਦੁਖੀ ਹੋ ਕੇ ਨੌਜਵਾਨ ਨੇ ਬੀਤੀ ਰਾਤ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ।
ਥਾਣਾ ਨੰਬਰ 5 ਦੀ ਪੁਲਸ ਨੇ ਨੌਜਵਾਨ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੀ ਉਸ ਦੀ ਪਤਨੀ ਤੇ ਹੋਰ ਪਰਿਵਾਰ ਵਾਲਿਆਂ ਖਿਲਾਫ ਕੇਸ ਦਰਜ ਕਰ ਮ੍ਰਿਤਕ ਅਵਿਨਾਸ਼ ਪੁੱਤਰ ਦਿਆਲ ਚੰਦਰ ਸਹੋਤਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਦੇ ਭਰਾ ਅਨਿਲ ਸਹੋਤਾ ਨੇ ਦੱਸਿਆ ਕਿ ਉਸਦੇ ਛੋਟੇ ਭਰਾ ਅਵਿਨਾਸ਼ ਦਾ ਵਿਆਹ ਆਬਾਦਪੁਰਾ ਵਾਸੀ ਤਨੂੰ ਪੁੱਤਰੀ ਹੈਪੀ ਨਾਲ ਕਰੀਬ 3 ਸਾਲ ਪਹਿਲਾਂ ਹੋਇਆ। ਉਸਦੇ ਭਰਾ ਕੋਲੋਂ ਕਦੀ ਭਾਬੀ ਮਹਿੰਗੇ ਮੋਬਾਇਲ ਦੀ ਮੰਗ ਕਰਦੀ ਤੇ ਕਦੇ ਹੋਰ ਸ਼ੌਕ ਪੂਰੇ ਕਰਨ ਨੂੰ ਕਹਿੰਦੀ। ਉਸ ਦਾ ਭਰਾ ਇਸ ਗੱਲ ਤੋਂ ਪ੍ਰੇਸ਼ਾਨ ਰਹਿਣ ਲੱਗਾ। ਬੀਤੀ ਰਾਤ ਉਸ ਦਾ ਭਰਾ 8 ਵਜੇ ਦੇ ਕਰੀਬ ਘਰ ਆਇਆ ਤੇ ਕਹਿਣ ਲੱਗਾ ਕਿ ਉਸਨੇ ਸਲਫਾਸ ਖਾ ਲਈ ਹੈ। ਉਸਨੇ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਉਸਦੇ ਪੇਕੇ ਘਰ 'ਚੋਂ ਲੈਣ ਗਿਆ ਤਾਂ ਉਸ ਦੀ ਪਤਨੀ ਤਨੂੰ, ਸੱਸ ਅਨੀਤਾ, ਸਾਲੇ ਸੋਹਿਤ ਤੇ ਸਾਲੀ ਅਨੂੰ ਨੇ ਉਸ ਨੂੰ ਤਾਅਨੇ ਮਾਰਦਿਆਂ ਕਿਹਾ ਕਿ ਉਹ ਤਨੂੰ ਦੇ ਸ਼ੌਕ ਪੂਰੇ ਨਹੀਂ ਕਰ ਸਕਦਾ ਤੇ ਉਸਦੇ ਭਰਾ ਨੂੰ ਧੱਕੇ ਮਾਰ ਕੇ ਬੇਇੱਜ਼ਤ ਕੀਤਾ ਗਿਆ। ਜਿਸ ਤੋਂ ਦੁਖੀ ਹੋ ਕੇ ਉਸਦੇ ਭਰਾ ਨੇ ਇਹ ਕਦਮ ਚੁੱਕਿਆ। ਥਾਣਾ ਨੰਬਰ 5 'ਚ ਤਾਇਨਾਤ ਏ. ਐੱਸ.ਆਈ. ਰਾਜ ਕੁਮਾਰ ਨੇ ਕਿਹਾ ਕਿ ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਅਨੁਸਾਰ ਮੁਲਜ਼ਮਾਂ ਖਿਲਾਫ  ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਉਨ੍ਹਾਂ ਦੇ ਘਰ ਛਾਪੇਮਾਰੀ ਕੀਤੀ ਗਈ ਪਰ ਉਹ ਘਰ ਤੋਂ ਫਰਾਰ ਹਨ। ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਦੂਜੇ ਪਾਸੇ ਇਲਾਕੇ ਦੇ ਪ੍ਰਧਾਨ ਲੱਕੀ ਥਾਪਰ ਨੇ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਅਵਿਨਾਸ਼ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਸ ਗ੍ਰਿਫਤਾਰ ਕਰੇ, ਨਹੀਂ ਤਾਂ ਉਹ ਸੰਘਰਸ਼ ਕਰਨਗੇ।

KamalJeet Singh

This news is Content Editor KamalJeet Singh