ਨੌਕਰੀ ਤੋਂ ਜਵਾਬ ਮਿਲਣ ’ਤੇ ਨੌਜਵਾਨ ਨੇ ਭਰਾ ਨਾਲ ਮਿਲ ਕੇ ਮਾਲਕ ’ਤੇ ਕੀਤਾ ਹਮਲਾ

01/06/2020 1:09:27 AM

ਨਵਾਂਸ਼ਹਿਰ, (ਤ੍ਰਿਪਾਠੀ)- ਅਕਾਊਂਟ ਆਫਿਸ ਵਿਚ ਕੰਮ ਕਰਨ ਵਾਲੇ ਮੁਲਾਜ਼ਮ ਨੂੰ ਨੌਕਰੀ ਤੋਂ ਜਵਾਬ ਦਿੱਤੇ ਜਾਣ ’ਤੇ ਅਾਪਣੇ ਭਰਾ ਨਾਲ ਮਿਲ ਕੇ ਆਫਿਸ ਮਾਲਕ ’ਤੇ ਹਮਲਾ ਕਰਨ ਅਤੇ ਕਾਰ ਦੇ ਸ਼ੀਸ਼ੇ ਤੋਡ਼ਣ ਦੇ ਦੋਸ਼ ਹੇਠ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸੋਹਨ ਸਿੰਘ ਪੁੱਤਰ ਗਿਆਨ ਚੰਦ ਵਾਸੀ ਮੁੱਤੋ ਥਾਣਾ ਕਾਠਗਡ਼੍ਹ ਨੇ ਦੱਸਿਆ ਕਿ ਉਹ ਪਿਛਲੇ 25 ਸਾਲਾਂ ਤੋਂ ਅਕਾਊਂਟ ਦਾ ਕੰਮ ਕਰਦਾ ਆ ਰਿਹਾ ਹੈ ਅਤੇ ਬਲਾਚੌਰ ਦੇ ਟਿੱਕਾ ਮਾਰਕੀਟ ’ਚ ਉਸ ਨੇ ਅਾਪਣਾ ਅਕਾਊਂਟ ਦਫਤਰ ਖੋਲ੍ਹਿਆ ਹੋਇਆ ਹੈ, ਜਿਸ ਵਿਚ 5 ਲਡ਼ਕੀਆਂ ਅਤੇ 1 ਲਡ਼ਕਾ ਕੰਮ ਕਰਦੇ ਸਨ। ਉਸ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਦਫਤਰ ਵਿਚ ਕੰਮ ਕਰਨ ਵਾਲੇ ਨੌਜਵਾਨ ਪ੍ਰਵੀਨ ਕੁਮਾਰ ਸੋਨੀ ਵੱਲੋਂ ਗਲਤ ਵਰਤਾਅ ਕਾਰਣ ਨੌਕਰੀ ਤੋਂ ਕੱਢ ਦਿੱਤਾ ਸੀ। ਉਸ ਨੇ ਕਿਹਾ ਕਿ ਉਕਤ ਨੌਜਵਾਨ ਨੇ 28 ਦਸੰਬਰ ਨੂੰ ਰਾਤ ਕਰੀਬ 9 ਵਜੇ ਉਸ ਨੂੰ ਫੋਨ ਕਰ ਕੇ ਗਾਲ੍ਹਾਂ ਕੱਢੀਆਂ ਜਦੋਂਕਿ 31 ਦਸੰਬਰ ਸ਼ਾਮ 6 ਵਜੇ ਉਹ ਅਾਪਣਾ ਦਫਤਰ ਬੰਦ ਕਰ ਕੇ ਭਤੀਜੀ ਨਾਲ ਕਾਰ ਵਿਚ ਘਰ ਵਾਪਸ ਜਾ ਰਿਹਾ ਸੀ ਤਾਂ ਪ੍ਰਵੀਨ ਸੋਨੀ ਅਤੇ ਉਸ ਦੇ ਭਰਾ ਪੰਕਜ ਸੋਨੀ ਨੇ ਬਲਾਚੌਰ ਬਾਜ਼ਾਰ ਵਿਚ ਉਸਦੀ ਕਾਰ ਦੇ ਅੱਗੇ ਅਾਪਣੀ ਗੱਡੀ ਲਾ ਕੇ ਘੇਰ ਲਿਆ। ਉਸ ਨੇ ਦੱਸਿਆ ਕਿ ਉਕਤ ਨੌਜਵਾਨਾਂ ਨੇ ਉਸ ਨੂੰ ਗਾਲ੍ਹਾਂ ਕੱਢੀਆਂ ਅਤੇ ਬੇਸਬਾਲ ਅਤੇ ਲੋਹੇ ਦੀ ਰਾਡ ਨਾਲ ਕਾਰ ਦਾ ਪਿਛਲਾ ਸ਼ੀਸ਼ਾ ਤੋਡ਼ ਦਿੱਤਾ। ਬਾਜ਼ਾਰ ਵਿਚ ਲੋਕਾਂ ਦੇ ਇਕੱਠੇ ਹੋਣ ’ਤੇ ਉਕਤ ਨੌਜਵਾਨ ਉਥੋਂ ਭੱਜ ਗਏ। ਪੁਲਸ ਨੇ ਉਪਰੋਕਤ ਸ਼ਿਕਾਇਤ ਦੇ ਆਧਾਰ ’ਤੇ ਪ੍ਰਵੀਨ ਕੁਮਾਰ ਸੋਨੀ ਉਰਫ ਬਾਵਾ ਅਤੇ ਪੰਕਜ ਸੋਨੀ ਖਿਲਾਫ਼ ਧਾਰਾ 323, 341, 506, 427, 34 ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Bharat Thapa

Content Editor

Related News