ਟਿੱਪਰ ਦੀ ਲਪੇਟ ''ਚ ਆਉਣ ਨਾਲ ਨੌਜਵਾਨ ਦੀ ਮੌਤ
02/22/2020 7:43:14 PM
ਹੁਸ਼ਿਆਰਪੁਰ, (ਅਮਰਿੰਦਰ)— ਚੰਡੀਗੜ ਰੋਡ 'ਤੇ ਥਾਣਾ ਚੱਬੇਵਾਲ ਅਧੀਨ ਆਉਂਦੇ ਚੱਗਰਾਂ ਪਿੰਡ ਨੇੜੇ ਸ਼ਨੀਵਾਰ ਦੁਪਹਿਰ ਸਾਢੇ 11 ਵਜੇ ਦੇ ਕਰੀਬ ਟਿੱਪਰ ਦੀ ਚਪੇਟ 'ਚ ਆਉਣ ਨਾਲ ਮੋਟਰਸਾਇਕਲ ਸਵਾਰ ਇਕ ਦੀ ਮੌਤ ਤੇ ਦੁਸਰਾ ਗੰਭੀਰ ਜ਼ਖਮੀ ਹੋ ਗਏ । ਜਾਣਕਾਰੀ ਮੁਤਾਬਕ ਹਾਦਸੇ ਦੌਰਾਨ ਜਖ਼ਮੀਆਂ ਨੂੰ ਇਲਾਜ ਲਈ ਐਂਬੂਲੈਂਸ ਨੂੰ ਮੌਕੇ 'ਤੇ ਲੋਕਾਂ ਨੇ ਸੱਦ ਲਿਆ ਪਰ ਉਦੋਂ ਤਕ ਗੰਭੀਰ ਜ਼ਖਮੀ ਮੋਟਰਸਾਇਕਲ ਚਾਲਕ 22 ਸਾਲਾ ਦੀਪਕ ਪੁੱਤਰ ਭਾਗਚੰਦਰ ਨਿਵਾਸੀ ਬਜਵਾੜਾ ਦੀ ਮੌਤ ਹੋ ਗਈ । ਮੋਟਰ ਸਾਇਕਲ ਦੇ ਪਿੱਛੇ ਬੈਠੇ ਮ੍ਰਿਤਕ ਦੀਪਕ ਦੇ ਵੱਡੇ ਭਰਾ ਜੋਧਾ ਨੂੰ ਜ਼ਖਮੀ ਹਾਲਤ 'ਚ ਇਲਾਜ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਚੱਬੇਵਾਲ ਦੀ ਪੁਲਸ ਵੀ ਮੌਕੇ 'ਤੇ ਪਹੁੰਚੀ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ।
ਭੈਣ ਨਾਲ ਮਿਲ ਕੇ ਦੋਨੋਂ ਭਰਾ ਪਰਤ ਰਹੇ ਸਨ ਘਰ
ਸਿਵਲ ਹਸਪਤਾਲ 'ਚ ਥਾਣਾ ਚੱਬੇਵਾਲ ਪੁਲਸ ਦੀ ਹਾਜ਼ਰੀ 'ਚ 22 ਸਾਲਾ ਮ੍ਰਿਤਕ ਦੀਪਕ ਦੇ ਪਰਿਵਾਰ ਨੇ ਦੱਸਿਆ ਕਿ ਦੀਪਕ ਆਪਣੇ ਪਿੰਡ 'ਚ ਹੀ ਮੰਦਰ 'ਚ ਪੁਜਾਰੀ ਦੇ ਨਾਲ-ਨਾਲ ਮੰਦਰ ਦੀ ਦੇਖਭਾਲ ਕਰਦਾ ਸੀ । ਸ਼ਨੀਵਾਰ ਸਵੇਰੇ ਦੀਪਕ ਆਪਣੇ ਵੱਡੇ ਭਰਾ ਜੋਧੇ ਦੇ ਨਾਲ ਆਪਣੀ ਭੈਣ ਨੂੰ ਮਿਲਣ ਬਜਰਾਵਰ ਪਿੰਡ ਗਿਆ ਸੀ । ਵਾਪਸ ਪਰਤਦੇ ਸਮੇਂ ਜਦੋਂ ਉਹ ਚੱਗਰਾਂ ਪਿੰਡ ਨੇੜੇ ਪੁੱਲ 'ਤੇ ਪਹੁੰਚੇ ਤਾਂ ਇਕ ਬੇਕਾਬੂ ਟਿੱਪਰ ਨਾਲ ਟਕਰਾ ਕੇ ਮੋਟਰਸਾਇਕਲ ਸਮੇਤ ਸੜਕ 'ਤੇ ਡਿੱਗ ਕੇ ਗੰਭੀਰ ਜ਼ਖਮੀ ਹੋ ਗਏ । ਸਿਰ 'ਚ ਗੰਭੀਰ ਸੱਟ ਲੱਗਣ ਨਾਲ ਦੀਪਕ ਦੀ ਮੌਕੇ 'ਤੇ ਹੀ ਮੌਤ ਹੋ ਗਈ ।
ਪੁਲਸ ਨੇ ਕੀਤਾ ਅਣਪਛਾਤੇ ਟਿੱਪਰ ਚਾਲਕ ਨੂੰ ਨਾਮਜ਼ਦ
ਸਿਵਲ ਹਸਪਤਾਲ 'ਚ ਹੀ ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਚੱਬੇਵਾਲ 'ਚ ਤਾਇਨਾਤ ਸਬ ਇੰਸਪੈਕਟਰ ਚੰਚਲ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਮੌਕੇ 'ਤੇ ਪੁਲਸ ਪਹੁੰਚ ਗਈ ਸੀ । ਹਾਦਸੇ ਦੇ ਬਾਅਦ ਟਿੱਪਰ ਚਾਲਕ ਟਿੱਪਰ ਸਮੇਤ ਮੌਕੇ 'ਤੋਂ ਫਰਾਰ ਹੋ ਗਿਆ ਜਿਸਦੀ ਪੁਲਸ ਜਾਂਚ ਕਰ ਰਹੀ ਹੈ । ਮ੍ਰਿਤਕ ਦੀਪਕ ਦੇ ਪਰਿਵਾਰ ਦੇ ਬਿਆਨ ਦੇ ਆਧਾਰ 'ਤੇ ਪੁਲਸ ਨੇ ਅਣਪਛਾਤੇ ਟਿੱਪਰ ਚਾਲਕ ਦੇ ਖਿਲਾਫ ਕੇਸ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।