ਵਿਸ਼ਵ ਕੈਂਸਰ ਦਿਵਸ ਸਬੰਧੀ ਵਿਦਿਆਰਥਣਾਂ ਨੇ ਜਾਗਰੂਕਤਾ ਰੈਲੀ ਕੱਢੀ

02/04/2020 4:59:28 PM

ਰੂਪਨਗਰ (ਕੈਲਾਸ਼)— ਵਿਸ਼ਵ ਕੈਂਸਰ ਦਿਵਸ ਨੂੰ ਸਮਰਪਿਤ ਜ਼ਿਲਾ ਪੱਧਰੀ ਜਾਗਰੂਕਤਾ ਸਮਾਰੋਹ ਦਾ ਆਯੋਜਨ ਸਿਵਲ ਸਰਜਨ ਰੂਪਨਗਰ ਡਾ. ਐੱਚ.ਐੱਨ. ਸ਼ਰਮਾ ਦੀ ਪ੍ਰਧਾਨਗੀ 'ਚ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਨੇ ਕੈਂਸਰ ਦੀ ਬੀਮਾਰੀ ਦੇ ਬਚਾਅ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਆਪਣੀ ਸਿਹਤ ਦਾ ਧਿਆਨ ਰੱਖਣ, ਸੰਤੁਲਿਤ ਭੋਜਨ ਖਾਣ, ਕਸਰਤ ਕਰਨ ਅਤੇ ਕਿਸੇ ਵੀ ਤਰ੍ਹਾਂ ਦੇ ਨਸ਼ੇ ਅਤੇ ਤੰਬਾਕੂ ਦੇ ਸੇਵਨ ਤੋਂ ਪ੍ਰਹੇਜ਼ ਕਰਨ।

ਇਸ ਦੇ ਇਲਾਵਾ ਕੈਂਸਰ ਦੀ ਬੀਮਾਰੀ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਛਾਤੀ 'ਚ ਗਿਲਟੀ ਜਾਂ ਗੱਠ, ਹਾਲ ਹੀ 'ਚ ਨਿੱਪਲ ਦਾ ਪਸ, ਖੂਨ ਵਗਣਾ, ਮੂੰਹ/ਮਸੂੜੇ ਅਤੇ ਤਲੂਏ ਜਾਂ ਜੀਭ 'ਤੇ ਨਾ ਠੀਕ ਹੋਣ ਵਾਲਾ ਜ਼ਖਮ, ਪੁਰਾਣੇ ਜ਼ਖਮ ਤੋਂ ਖੂਨ ਵਗਣਾ, ਪਿਸ਼ਾਬ 'ਚ ਰੁਕਾਵਟ, 50 ਸਾਲ ਤੋਂ ਵੱਡੇ ਪੁਰਸ਼ਾਂ ਨੂੰ ਰਾਤ ਦੇ ਸਮੇਂ ਵਾਰ-ਵਾਰ ਪਿਸ਼ਾਬ ਆਉਣਾ, ਬਿਨਾਂ ਕਾਰਣ ਸਿਰਦਰਦ ਅਤੇ ਦੌਰੇ ਅਤੇ ਸਰੀਰ 'ਚ ਕਿਤੇ ਵੀ ਗੱਠ ਜਾਂ ਗਟੌਲੀ ਆਦਿ ਕੈਂਸਰ ਦੀ ਬੀਮਾਰੀ ਦੇ ਲੱਛਣ ਹਨ। ਉਨ੍ਹਾਂ ਦੱਸਿਆ ਕਿ ਕੈਂਸਰ ਦੇ ਇਲਾਜ ਲਈ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਫੰਡ ਅਧੀਨ ਕੈਂਸਰ ਦੀ ਬੀਮਾਰੀ ਤੋਂ ਪੀੜਤ ਵਿਅਕਤੀ ਲਈ 1.50 ਲੱਖ ਰੁ. ਤੱਕ ਦੀ ਵਿੱਤੀ ਸਹਾਇਤਾ ਇਲਾਜ ਦੇ ਰੂਪ 'ਚ ਸਰਕਾਰੀ ਅਤੇ ਸਰਕਾਰ ਦੁਆਰਾ ਮਨਜ਼ੂਰਸ਼ੁਦਾ ਹਸਪਤਾਲਾਂ 'ਚ ਮੁਫਤ ਮੁਹੱਈਆ ਕਰਵਾਈ ਜਾਂਦੀ ਹੈ।

ਮੈਡੀਕਲ ਸਪੈਸ਼ਲਿਸਟ ਡਾ. ਰਾਜੀਵ ਅਗਰਵਾਲ ਨੇ ਦੱਸਿਆ ਕਿ ਕੈਂਸਰ ਦੀ ਬੀਮਾਰੀ ਦੇ ਮੁੱਖ ਕਾਰਣਾਂ 'ਚੋਂ ਇਕ ਕਾਰਣ ਤੰਬਾਕੂ ਦਾ ਸੇਵਨ ਹੈ। ਇਸ ਦੇ ਸੇਵਨ ਕਾਰਨ ਮੂੰਹ ਦਾ ਕੈਂਸਰ, ਜੀਭ ਦਾ ਕੈਂਸਰ, ਗਲੇ ਦਾ ਕੈਂਸਰ ਅਤੇ ਹੋਰ ਕਈ ਪ੍ਰਕਾਰ ਦੇ ਕੈਂਸਰ ਹੁੰਦੇ ਹਨ। ਇਸ ਲਈ ਸਾਰਿਆਂ ਨੂੰ ਕਿਸੇ ਵੀ ਤਰ੍ਹਾਂ ਦੇ ਤੰਬਾਕੂ ਦੇ ਸੇਵਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਇਸਦੇ ਇਲਾਵਾ ਕੈਂਸਰ ਦੇ ਹੋਰ ਕਾਰਣਾਂ 'ਚ ਮਾਵਾਂ ਦੁਆਰਾ ਬੱਚਿਆਂ ਨੂੰ ਆਪਣਾ ਦੁੱਧ ਪਿਲਾਉਣਾ, ਨਸ਼ਿਆਂ ਦਾ ਪ੍ਰਯੋਗ, ਸ਼ਰਾਬ ਦਾ ਸੇਵਨ ਆਦਿ ਹੈ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਬਲਦੇਵ ਸਿੰਘ ਦੁਆਰਾ ਵੀ ਵਿਚਾਰ ਪੇਸ਼ ਕੀਤੇ ਗਏ। ਸਿਵਲ ਸਰਜਨ ਡਾ. ਐੱਚ.ਐੱਨ. ਸ਼ਰਮਾ ਨੇ ਵਿਸ਼ਵ ਕੈਂਸਰ ਦਿਵਸ ਦੇ ਮੌਕੇ 'ਤੇ ਸਰਕਾਰੀ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਕੱਢੀ ਗਈ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਜ਼ਿਲਾ ਪਰਿਵਾਰ ਕਲਿਆਣ ਅਧਿਕਾਰੀ ਡਾ. ਰੇਨੂੰ ਭਾਟੀਆ, ਜ਼ਿਲਾ ਐਪੀਡੋਮੋਲੋਜਿਸਟ ਡਾ. ਸੁਮਿਤ ਸ਼ਰਮਾ, ਇਕਬਾਲ ਸਿੰਘ, ਰਾਜ ਰਾਣੀ, ਗੁਰਦੀਪ ਸਿੰਘ, ਸੁਖਜੀਤ ਕੰਬੋਜ ਮੁੱਖ ਰੂਪ 'ਚ ਮੌਜੂਦ ਸਨ।


shivani attri

Content Editor

Related News