ਸਰਕਾਰ ਦੇ ਹੁਕਮਾਂ ਦੇ ਬਾਵਜੂਦ ਬੰਦ ਰਿਹਾ ਰਜਿਸਟਰੀਆਂ ਦਾ ਕੰਮ

05/09/2020 12:47:04 AM

ਜਲੰਧਰ, (ਚੋਪੜਾ)— ਕੋਰੋਨਾ ਮਹਾਮਾਰੀ ਨੂੰ ਲੈ ਕੇ ਲਾਏ ਗਏ ਕਰਫਿਊ ਦੇ 46ਵੇਂ ਦਿਨ ਪੰਜਾਬ ਸਰਕਾਰ ਨੇ ਸੂਬੇ ਵਿਚ ਰਜਿਸਟਰੀਆਂ ਦਾ ਕੰਮ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ ਸਨ। ਇਸ ਦੇ ਬਾਵਜੂਦ ਸ਼ੁੱਕਰਵਾਰ ਸਬ ਰਜਿਸਟਰਾਰ ਦਫ਼ਤਰ ਵਿਚ ਰਜਿਸਟਰੀਆਂ ਦਾ ਕੰਮ ਪੂਰੀ ਤਰ੍ਹਾਂ ਨਾਲ ਬੰਦ ਰਿਹਾ। ਸਬ-ਰਜਿਸਟਰਾਰ-1 ਦਫ਼ਤਰ ਵਿਚ ਰਜਿਸਟਰੀ ਕਰਵਾਉਣ ਲਈ ਕਿਸੇ ਵੀ ਪਾਰਟੀ ਨੇ ਅਪਾਇੰਟਮੈਂਟ ਨਹੀਂ ਲਈ ਸੀ, ਉੱਥੇ ਹੀ ਸਬ ਰਜਿਸਟਰਾਰ -2 ਦੇ ਦਫਤਰ ਲਈ 5 ਲੋਕਾਂ ਨੇ ਆਨਲਾਈਨ ਅਪਾਇੰਟਮੈਂਟ ਲਈ ਹੋਈ ਸੀ। ਸਬ-ਰਜਿਸਟਰਾਰ-2 ਲਖਵਿੰਦਰਪਾਲ ਸਿੰਘ ਗਿੱਲ 5 ਰਜਿਸਟਰੀਆਂ ਦੀ ਅਪਾਇੰਟਮੈਂਟ ਨਾਲ ਆਪਣੇ ਦਫ਼ਤਰ ਵਿਚ ਆਏ, ਜਦਕਿ 1 ਵੀ ਦਸਤਾਵੇਜ਼ ਨਾ ਹੋਣ ਕਾਰਨ ਸਬ-ਰਜਿਸਟਰਾਰ-1 ਮਨਿੰਦਰ ਸਿੰਘ ਸਿੱਧੂ ਦਫ਼ਤਰ ਨਹੀਂ ਆਏ ਪਰ ਉਨ੍ਹਾਂ ਦੇ ਸਟਾਫ਼ ਨੇ ਦਫ਼ਤਰ ਪਹੁੰਚ ਕੇ ਸੋਮਵਾਰ ਤੋਂ ਕੰਮ ਸ਼ੁਰੂ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਾਲਾਂਕਿ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਐੱਫ. ਸੀ. ਆਰ. ਵੱਲੋਂ ਰਜਿਸਟਰੀਆਂ ਦਾ ਕੰਮ ਸ਼ੁਰੂ ਕਰਨ ਨੂੰ ਲੈ ਕੇ ਹੁਕਮ ਜਾਰੀ ਨਹੀਂ ਕੀਤੇ ਗਏ ਸਨ। ਜਿਸ ਕਾਰਨ ਦਫ਼ਤਰੀ ਕੰਮ ਬੰਦ ਰੱਖਿਆ ਗਿਆ। ਸ਼ੁੱਕਰਵਾਰ ਰਜਿਸਟਰੀਆਂ ਲਿਖਣ ਵਾਲੇ ਅਰਜ਼ੀ ਨਵੀਸ ਵੀ ਪਾਰਟੀਆਂ ਨਾਲ ਤਹਿਸੀਲ ਕੰਪਲੈਕਸ ਵਿਚ ਡਟੇ ਰਹੇ। ਵੱਖ-ਵੱਖ ਖੇਤਰਾਂ ਨਾਲ ਸਬੰਧਤ ਨੰਬਰਦਾਰ ਵੀ ਆਪਣੀਆਂ ਗਵਾਹੀਆਂ ਪਾਉਣ ਲਈ ਮੌਜੂਦ ਰਹੇ ਪਰ ਦੁਪਹਿਰ ਬਾਅਦ ਤਕ ਹੁਕਮ ਨਾ ਆਉਣ ਕਾਰਨ 5 ਅਪਇੰਟਮੈਂਟਾਂ ਨੂੰ ਹੁਣ ਸੋਮਵਾਰ ਲਈ ਪੈਂਡਿੰਗ ਰੱਖ ਦਿੱਤਾ ਗਿਆ ਹੈ ।

ਫ਼ਰਦ ਕੇਂਦਰ ਵਿਚ ਸੇਵਾਵਾਂ ਸ਼ੁਰੂ
ਜ਼ਿਲਾ ਪ੍ਰਸ਼ਾਸਨਿਕ ਕੰਪਲੈਕਸ ਵਿਚ ਬਣੇ ਫ਼ਰਦ ਕੇਂਦਰਾਂ ਵਿਚ ਅੱਜ ਕੰਮ ਸ਼ੁਰੂ ਹੋ ਗਿਆ ਹੈ। ਲੋਕਾਂ ਨੇ ਜ਼ਮੀਨਾਂ ਸਬੰਧੀ ਫ਼ਰਦ ਲੈਣ ਲਈ ਆਪਣੇ ਦਸਤਾਵੇਜ਼ ਦਾਖਲ ਕੀਤੇ ਕਿਉਂਕਿ ਕਰਫ਼ਿਊ ਕਾਰਨ ਰਜਿਟਰੀਆਂ ਦਾ ਕੰਮ ਪਿਛਲੇ ਡੇਢ ਮਹੀਨੇ ਤੋਂ ਬੰਦ ਸੀ, ਜਿਸ ਕਾਰਨ ਬੇਹੱਦ ਘੱਟ ਗਿਣਤੀ ਵਿਚ ਲੋਕ ਉੱਥੇ ਪਹੁੰਚੇ।
ਫ਼ਰਦ ਕੇਂਦਰ-1 ਵਿਚ ਸਿਰਫ਼ ਚਾਰ ਜਦਕਿ ਫ਼ਰਦ ਕੇਂਦਰ -2 ਵਿਚ 11 ਫਰਦਾਂ ਬਣਾਈਆਂ ਗਈਆਂ। ਕੇਂਦਰ-2 ਦੇ ਇੰਚਾਰਜ ਪ੍ਰਤੀਕ ਬੇਦੀ ਨੇ ਦੱਸਿਆ ਕਿ ਜਦੋਂ ਹਾਲਾਤ ਆਮ ਵਾਂਗ ਹੋ ਜਾਣਗੇ ਤਾਂ ਉਸ ਤੋਂ ਬਾਅਦ ਹੀ ਫਰਦ ਕੇਂਦਰਾਂ ਵਿਚ ਰੌਣਕ ਪਰਤੇਗੀ।


 


KamalJeet Singh

Content Editor

Related News