ਔਰਤ ਕੋਲੋਂ 2 ਲੱਖ ਲੈ ਕੇ ਵਿਆਜ ਨਾ ਦੇਣ ਵਾਲਾ ਸ਼ਿਵ ਸੈਨਾ ਆਗੂ ਗ੍ਰਿਫਤਾਰ

02/05/2020 5:48:48 PM

ਜਲੰਧਰ (ਵਰੁਣ)— ਔਰਤ ਕੋਲੋਂ 2 ਲੱਖ ਰੁਪਏ ਲੈ ਕੇ ਉਸ 'ਤੇ ਵਿਆਜ ਦੇਣ ਦਾ ਝਾਂਸਾ ਦੇ ਕੇ ਪੈਸੇ ਠੱਗਣ ਵਾਲੇ ਕਥਿਤ ਸ਼ਿਵ ਸੈਨਾ ਆਗੂ ਨੂੰ ਪੀ. ਓ. ਸਟਾਫ ਨੇ ਗ੍ਰਿਫਤਾਰ ਕਰ ਲਿਆ ਹੈ। ਪੀੜਤ ਔਰਤ ਨੇ ਇਸ ਪ੍ਰੇਸ਼ਾਨੀ ਕਾਰਣ ਖੁਦਕੁਸ਼ੀ ਵੀ ਕਰ ਲਈ ਸੀ। ਇਸ ਤੋਂ ਬਾਅਦ ਇਸ ਕਥਿਤ ਆਗੂ ਨੇ ਉਸ ਦੇ ਘਰੋਂ ਬਾਈਕ, ਮੋਬਾਇਲ, ਗਹਿਣੇ ਅਤੇ ਸਿਲੰਡਰ ਵੀ ਆਪਣੇ ਕਬਜ਼ੇ 'ਚ ਲੈ ਲਿਆ ਸੀ।

ਪੀ. ਓ. ਸਟਾਫ ਦੇ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦਲੀਪ ਉਰਫ ਗੋਗਾ ਪੁੱਤਰ ਅਸ਼ੋਕ ਕੁਮਾਰ ਵਾਸੀ ਨਿਊ ਸੁਰਾਜਗੰਜ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਕਾਬੂ ਕੀਤਾ ਸੀ। ਦਲੀਪ ਖਿਲਾਫ ਥਾਣਾ ਭਾਰਗੋ ਕੈਂਪ 'ਚ ਮਾਰਚ 2017 ਵਿਚ 406, 420 ਅਧੀਨ ਕੇਸ ਦਰਜ ਕੀਤਾ ਗਿਆ ਸੀ। ਦਲੀਪ ਖਿਲਾਫ ਦਿੱਤੇ ਬਿਆਨਾਂ 'ਚ ਇੰਦਰਾ ਦੇਵੀ ਵਾਸੀ ਨਿਊ ਗੋਬਿੰਦ ਨਗਰ ਨੇ ਕਿਹਾ ਸੀ ਕਿ ਦਲੀਪ ਉਸ ਦੀ ਬੇਟੀ ਦੇ ਨਾਲ ਬੀ. ਐੱਮ. ਸੀ. ਚੌਕ ਸਥਿਤ ਇਕ ਆਫਿਸ ਵਿਚ ਕੰਮ ਕਰਦਾ ਸੀ। ਬੇਟੀ ਮੀਰਾ ਦੇ ਪਤੀ ਦੀ ਮੌਤ ਹੋ ਚੁੱਕੀ ਸੀ। ਕੁਝ ਹੀ ਸਮੇਂ ਵਿਚ ਦਲੀਪ ਨੇ ਮੀਰਾ ਨੂੰ ਆਪਣੀਆਂ ਗੱਲਾਂ ਵਿਚ ਫਸਾ ਲਿਆ।

2017 'ਚ ਜਦੋਂ ਉਸ ਦੀ ਬੇਟੀ 5 ਹਜ਼ਾਰ ਰੁਪਏ ਉਧਾਰ ਲੈਣ ਆਈ ਤਾਂ ਪੁੱਛਣ 'ਤੇ ਪਤਾ ਲੱਗਾ ਕਿ ਪਤੀ ਦੀ ਮੌਤ ਤੋਂ ਬਾਅਦ ਇੰਸ਼ੋਰੈਂਸ ਦੇ ਮਿਲੇ 2 ਲੱਖ ਰੁਪਏ ਉਸ ਨੇ ਦਲੀਪ ਨੂੰ ਦੇ ਦਿੱਤੇ ਹਨ, ਜਿਸ ਨੇ ਰਕਮ 'ਤੇ 20 ਹਜ਼ਾਰ ਰੁਪਏ ਹਰ ਮਹੀਨੇ ਵਿਆਜ ਦੇਣ ਦੀ ਗੱਲ ਕਹੀ ਸੀ। 5 ਹਜ਼ਾਰ ਲੈਣ ਤੋਂ ਕੁਝ ਸਮੇਂ ਬਾਅਦ ਹੀ ਮੀਰਾ ਨੇ ਆਪਣੀ ਭੈਣ ਕੋਲੋਂ 10 ਹਜ਼ਾਰ ਰੁਪਏ ਦੀ ਮੰਗ ਕੀਤੀ। ਮੀਰਾ ਨੇ ਆਪਣੀ ਭੈਣ ਨੂੰ ਕਿਹਾ ਕਿ ਉਸ ਨੂੰ ਵਿਆਜ ਦੇ 20 ਹਜ਼ਾਰ ਰੁਪਏ ਨਹੀਂ ਮਿਲੇ ਅਤੇ ਦਲੀਪ ਸਾਰੇ ਪੈਸੇ ਖਾ ਚੁੱਕਾ ਸੀ। ਇੰਦਰਾ ਦੇਵੀ ਨੇ ਕਿਹਾ ਕਿ ਉਸ ਸਮੇਂ ਮੀਰਾ ਕਾਫੀ ਪ੍ਰੇਸ਼ਾਨ ਰਹਿਣ ਲੱਗੀ। 13 ਮਾਰਚ 2017 ਨੂੰ ਮੀਰਾ ਦੇ ਬੇਟੇ ਦਾ ਫੋਨ ਆਇਆ ਕਿ ਉਸ ਦੀ ਮਾਂ ਨੇ ਫਾਹਾ ਲਾ ਕੇ ਜਾਨ ਦੇ ਦਿੱਤੀ ਹੈ। ਇੰਦਰਾ ਦੇਵੀ ਨੇ ਆਪਣੇ ਬਿਆਨਾਂ 'ਚ ਲਿਖਵਾਇਆ ਸੀ ਕਿ ਮੀਰਾ ਦੀ ਹੱਤਿਆ ਕਰ ਕੇ ਲਾਸ਼ ਨੂੰ ਫਾਹੇ ਨਾਲ ਲਟਕਾਇਆ ਿਗਆ ਹੈ। ਜਾਂਚ ਵਿਚ ਪਤਾ ਲੱਗਾ ਕਿ ਮੀਰਾ ਦੇ ਘਰੋਂ ਬਾਈਕ, ਮੋਬਾਇਲ, ਗਹਿਣੇ ਅਤੇ 2 ਸਿਲੰਡਰ ਵੀ ਦਲੀਪ ਨੇ ਆਪਣੇ ਕਬਜ਼ੇ 'ਚ ਲੈ ਲਏ ਸਨ। ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਦਲੀਪ ਖਿਲਾਫ ਧਾਰਾ 406, 420 ਦੇ ਤਹਿਤ ਕੇਸ ਦਰਜ ਕਰ ਲਿਆ ਸੀ।

ਹੋਰ ਮਾਮਲਿਆਂ 'ਚ ਲੋੜੀਂਦੇ 2 ਭਗੌੜੇ ਵੀ ਫੜੇ
ਪੀ. ਓ. ਸਟਾਫ ਨੇ ਸ਼ਰਾਬ ਸਮੱਗਲਿੰਗ ਅਤੇ ਚੈੱਕ ਬਾਊਂਸ ਮਾਮਲੇ 'ਚ ਵੀ 2 ਭਗੌੜਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਸ਼ਰਾਬ ਸਮੱਗਲਿੰਗ ਦੇ ਮਾਮਲੇ 'ਚ ਸੰਨੀ ਪੁੱਤਰ ਲਾਲ ਚੰਦ ਵਾਸੀ ਪਿਸ਼ੌਰੀ ਮੁਹੱਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਖਿਲਾਫ 2017 ਵਿਚ ਕੇਸ ਦਰਜ ਕੀਤਾ ਗਿਆ ਸੀ। ਇਸੇ ਤਰ੍ਹਾਂ ਆਪਣੇ ਦੋਸਤ ਕੋਲੋਂ 5 ਲੱਖ 60 ਹਜ਼ਾਰ ਰੁਪਏ ਉਧਾਰ ਲੈ ਕੇ ਨਾ ਮੋੜਨ ਵਾਲੇ ਹਰੀਸ਼ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਵਾਲਮੀਕਿ ਗੇਟ ਨੂੰ ਗ੍ਰਿਫਤਾਰ ਕੀਤਾ ਹੈ। ਹਰੀਸ਼ ਨੂੰ ਕੋਰਟ ਵਿਚ ਪੇਸ਼ ਕਰ ਕੇ ਜ਼ਮਾਨਤ 'ਤੇ ਛੱਡ ਦਿੱਤਾ ਗਿਆ ਹੈ। ਦੋਸ਼ ਸਨ ਕਿ ਹਰੀਸ਼ ਨੇ ਪੈਸੇ ਲੈ ਕੇ ਵਾਪਸ ਨਹੀਂ ਮੋੜੇ ਅਤੇ ਉਸ ਦੇ ਚੈੱਕ ਵੀ ਬਾਊਂਸ ਹੋ ਗਏ ਸਨ।

shivani attri

This news is Content Editor shivani attri