ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ ''ਚ 3 ਦੋਸ਼ੀਆਂ ਨੂੰ ਕੈਦ ਤੇ ਜੁਰਮਾਨਾ

02/11/2020 1:21:54 PM

ਹੁਸ਼ਿਆਰਪੁਰ (ਅਮਰਿੰਦਰ)— ਔਰਤ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ 'ਚ ਤਿੰਨ ਦੋਸ਼ੀਆਂ ਨੂੰ ਜ਼ਿਲਾ ਅਤੇ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ 4-4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ 2018 ਦਾ ਹੈ, ਜਿਸ 'ਤੇ ਕਾਰਵਾਈ ਕਰਦੇ ਹੋਏ ਅਦਾਲਤ ਨੇ ਜੁਲਾਈ 2018 'ਚ ਕਾਲੂਵਾਹਰ ਪਿੰਡ 'ਚ ਔਰਤ ਨਾਲ ਬੁਰਾ ਸਲੂਕ ਕਰਨ 'ਤੇ ਤਿੰਨੋਂ ਦੋਸ਼ੀ ਮੰਗਲ ਪੁੱਤਰ ਪਾਲਾ ਰਾਮ, ਸੂਰਜ ਪੁੱਤਰ ਸਤਪਾਲ ਅਤੇ ਜਤਿੰਦਰ ਉਰਫ ਰਾਜਨ ਪੁੱਤਰ ਇੰਦਰਪਾਲ ਨੂੰ ਦੋਸ਼ੀ ਕਰਾਰ ਦਿੰਦੇ ਸੋਮਵਾਰ ਨੂੰ 4-4 ਸਾਲ ਦੀ ਕੈਦ ਅਤੇ 45-45 ਹਜ਼ਾਰ ਰੁਪਏ ਨਕਦ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ 'ਤੇ ਤਿੰਨਾਂ ਦੋਸ਼ੀਆਂ ਨੂੰ 2-2 ਮਹੀਨੇ ਦੀ ਕੈਦ ਹੋਰ ਕੱਟਣੀ ਪਵੇਗੀ।

ਜ਼ਿਕਰਯੋਗ ਹੈ ਕਿ ਥਾਣਾ ਬੁੱਲ੍ਹੋਵਾਲ ਦੀ ਪੁਲਸ ਨੇ 22 ਜੁਲਾਈ 2018 ਨੂੰ ਪਿੰਡ ਕਾਲੂਵਾਹਰ ਵਾਸੀ ਇਕ ਔਰਤ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਸੀ। ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਉਕਤ ਔਰਤ ਨੇ ਪੁਲਸ ਨੂੰ ਦੱਸਿਆ ਸੀ ਕਿ ਜਦੋਂ ਉਹ ਘਰ ਦੇ ਬਾਹਰ ਸਾਫ-ਸਫਾਈ ਕਰ ਰਹੀ ਸੀ ਤਾਂ ਕਾਲੂਵਾਹਰ ਪਿੰਡ ਦੇ ਹੀ ਤਿੰਨਾਂ ਦੋਸ਼ੀਆਂ ਮੰਗਲ ਪੁੱਤਰ ਪਾਲਾ ਰਾਮ, ਰਾਜਨ ਪੁੱਤਰ ਇੰਦਰਪਾਲ ਅਤੇ ਸੂਰਜ ਪੁੱਤਰ ਸਤਪਾਲ ਨੇ ਨਾ ਸਿਰਫ ਉਸ ਨਾਲ ਗਾਲੀ-ਗਲੋਚ ਕੀਤਾ, ਸਗੋਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਤਿੰਨਾਂ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।

shivani attri

This news is Content Editor shivani attri