ਵਿਆਹੁਤਾ ਔਰਤ ਦੇ ਅਗਵਾ ਹੋਣ ਨਾਲ ਪੁਲਸ ਨੂੰ ਪਈਆਂ ਭਾਜੜਾਂ

01/16/2020 10:35:00 AM

ਗੋਰਾਇਆ (ਜ. ਬ)— ਗੋਰਾਇਆ ਪੁਲਸ ਨੂੰ ਦੇਰ ਸ਼ਾਮ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਇਲਾਕੇ ਦੇ ਇਕ ਪਿੰਡ ਤੋਂ ਇਕ ਵਿਆਹੁਤਾ ਔਰਤ ਦੇ ਅਗਵਾ ਦੀ ਸੂਚਨਾ ਪੁਲਸ ਕੰਟਰੋਲ ਰੂਮ 'ਤੇ ਆਈ। ਜਿਸ ਤੋਂ ਬਾਅਦ ਐੱਸ. ਐੱਚ. ਓ. ਗੁਰਾਇਆ ਕੇਵਲ ਸਿੰਘ ਭਾਰੀ ਪੁਲਸ ਫੋਰਸ ਨਾਲ ਪਿੰਡ ਪਹੁੰਚੇ ਅਤੇ ਇਲਾਕੇ ਨੂੰ ਜਿੱਥੇ ਪੁਲਸ ਵੱਲੋਂ ਨਾਕਾਬੰਦੀ ਕਰਕੇ ਸੀਲ ਕੀਤਾ ਗਿਆ, ਉਥੇ ਪਿੰਡ ਵਾਸੀਆਂ ਨੇ ਵੀ ਆਪਣੇ-ਆਪਣੇ ਪਿੰਡ 'ਚ ਨਾਕਾ ਲਾ ਕੇ ਗੱਡੀਆਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਕਰੀਬ ਡੇਢ ਘੰਟੇ ਬਾਅਦ ਪੁਲਸ ਨੇ ਔਰਤ ਨੂੰ ਬਰਾਮਦ ਕਰਕੇ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਜੋ ਕਿ ਬਾਅਦ 'ਚ ਕਿਡਨੈਪਿੰਗ ਦਾ ਮਾਮਲਾ ਨਹੀਂ ਨਿਕਲਿਆ।

ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਸ਼ਾਮ ਕੰਟਰੋਲ ਰੂਮ ਤੋਂ ਪਿੰਡ ਦੇ ਸਰਪੰਚ ਦਾ ਫੋਨ ਆਇਆ ਕਿ ਉਨ੍ਹਾਂ ਦੇ ਪਿੰਡ ਦੀ ਇਕ ਵਿਆਹੁਤਾ ਔਰਤ ਨੂੰ ਅਗਵਾ ਕੀਤੇ ਜਾਣ ਦੀ ਸੂਚਨਾ ਹੈ ਅਤੇ ਉਹ ਔਰਤ ਫੋਨ ਕਰਕੇ ਆਪਣੇ ਪਰਿਵਾਰਕ ਮੈਂਬਰ ਨੂੰ ਦੱਸ ਰਹੀ ਹੈ ਕਿ ਉਸ ਨੂੰ ਇਕ ਵੱਡੀ ਕੋਠੀ 'ਚ ਬੰਦ ਕੀਤਾ ਹੋਇਆ ਹੈ। ਪਿੰਡ ਦੇ ਕੁਝ ਲੋਕਾਂ ਵੱਲੋਂ ਵੀ ਪੁਲਸ ਨੂੰ ਦੱਸਿਆ ਗਿਆ ਸੀ ਕਿ ਕਾਰ ਸਵਾਰ ਕੁਝ ਲੋਕ ਔਰਤ ਨੂੰ ਲੈ ਗਏ ਹਨ, ਜਿਸ ਕਾਰਨ ਪੁਲਸ ਦੇ ਹੱਥ ਪੈਰ ਫੁੱਲ ਗਏ ਅਤੇ ਬਿਨਾਂ ਦੇਰ ਕੀਤਿਆਂ ਐੱਸ. ਐੱਚ. ਓ. ਕੇਵਲ ਸਿੰਘ ਨੇ ਔਰਤ ਦੇ ਫੋਨ ਦੀ ਲੋਕੇਸ਼ਨ ਟਰੇਸ ਕਰਵਾਈ, ਜਿਸ ਤੋਂ ਬਾਅਦ ਲੋਕੇਸ਼ਨ ਦੇ ਆਧਾਰ 'ਤੇ ਪੁਲਸ ਨੇ ਪਿੰਡ 'ਚ ਇਕ ਬੰਦ ਪਈ ਕੋਠੀ ਦਾ ਤਾਲਾ ਖੁੱਲ੍ਹਵਾਇਆ ਅਤੇ ਉਕਤ ਕੋਠੀ 'ਚੋਂ ਔਰਤ ਨੂੰ ਬਰਾਮਦ ਕਰ ਲਿਆ। ਐੱਸ. ਐੱਚ. ਓ. ਕੇਵਲ ਸਿੰਘ ਨੇ ਕਿਹਾ ਕਿ ਜੇਕਰ ਮਾਮਲਾ ਅਗਵਾ ਦਾ ਹੁੰਦਾ ਤਾਂ ਔਰਤ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਫੋਨ 'ਤੇ ਸੰਪਰਕ 'ਚ ਨਾ ਹੁੰਦੀ। ਉਨ੍ਹਾਂ ਕਿਹਾ ਕਿ ਔਰਤ ਸਦਮੇ 'ਚ ਹੈ, ਜਿਸ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।


shivani attri

Content Editor

Related News