ਜਲੰਧਰ: ਵਿਆਹੁਤਾ ਦੀ ਸ਼ੱਕੀ ਹਾਲਾਤ ''ਚ ਮੌਤ

12/24/2019 4:41:14 PM

ਜਲੰਧਰ (ਸੋਨੂੰ)— ਇਥੋਂ ਦੇ ਪਿੰਡ ਧੀਨਾ 'ਚ ਇਕ ਵਿਆਹੁਤਾ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਆਹੁਤਾ ਦੀ ਪਛਾਣ ਪੂਜਾ ਦੇ ਰੂਪ 'ਚ ਹੋਈ ਹੈ, ਜੋਕਿ 2 ਬੱਚਿਆਂ ਦੀ ਮਾਂ ਸੀ। ਪੂਜਾ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਕਰੀਬ 8 ਸਾਲ ਪਹਿਲਾਂ ਅਸ਼ਵਨੀ ਕੁਮਾਰ ਵਾਸੀ ਪਿੰਡ ਧੀਨਾ ਨਾਲ ਹੋਇਆ ਸੀ।

ਵਿਆਹ ਦੇ ਸਮੇਂ ਪਰਿਵਾਰ ਵੱਲੋਂ ਕਾਫੀ ਪੈਸਾ ਖਰਚ ਕੀਤਾ ਗਿਆ ਸੀ ਅਤੇ ਲੋੜ ਮੁਤਾਬਕ ਗਹਿਣਿਆਂ ਸਮੇਤ ਹੋਰ ਸਾਮਾਨ ਦਾਜ 'ਚ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵੀ ਸਹੁਰੇ ਪਰਿਵਾਰ 'ਚ ਝਗੜਾ ਰਹਿੰਦਾ ਸੀ ਅਤੇ ਹਰ ਵਾਰ ਇਸ ਗੱਲ ਨੂੰ ਲੈ ਕੇ ਪੂਜਾ ਦੀ ਕੁੱਟਮਾਰ ਕੀਤੀ ਜਾਂਦੀ ਸੀ ਕਿ ਉਹ ਪੇਕੇ ਪਰਿਵਾਰ ਤੋਂ ਕੁਝ ਨਹੀਂ ਲੈ ਕੇ ਆਈ।

ਪੇਕੇ ਪਰਿਵਾਰ ਨੂੰ ਬਿਨਾਂ ਦੱਸੇ ਸਹੁਰਾ ਪਰਿਵਾਰ ਕਰਨ ਲੱਗਾ ਸੀ ਅੰਤਿਮ ਸੰਸਕਾਰ
ਪੂਜਾ ਦੀ ਮਾਸੀ ਨੇ ਦੱਸਿਆ ਕਿ ਉਨ੍ਹਾਂ ਨੂੰ ਤੜਕੇ ਸਵੇਰੇ ਪੂਜਾ ਦੀ ਭਾਬੀ ਦਾ ਫੋਨ ਆਇਆ ਕਿ ਪੂਜਾ ਨੂੰ ਦਿਲਾ ਦਾ ਦੌਰਾ ਪਿਆ ਹੈ। ਬਾਅਦ 'ਚ 6 ਵਜੇ ਫੋਨ ਕਰਕੇ ਦੱਸਿਆ ਗਿਆ ਕਿ ਉਸ ਦੀ ਮੌਤ ਹੋ ਗਈ ਹੈ। ਪੂਜਾ ਦੀ ਮਾਸੀ ਨੇ ਦੱਸਿਆ ਕਿ ਖਬਰ ਦੀ ਸੂਚਨਾ ਪਾ ਕੇ ਜਦੋਂ ਪੇਕਾ ਪਰਿਵਾਰ ਉਸ ਦੇ ਘਰ ਪਹੁੰਚਿਆ ਤਾਂ ਸਹੁਰੇ ਪਰਿਵਾਰ ਨੇ ਪੂਜਾ ਨੂੰ ਦੇਖਣ ਤੱਕ ਨਹੀਂ ਦਿੱਤਾ ਅਤੇ ਬਿਨਾਂ ਦੱਸੇ ਹੀ ਅੰਤਿਮ ਸੰਸਕਾਰ ਲਈ ਲੈ ਕੇ ਜਾਣ ਲੱਗੇ ਸਨ।

ਜਦੋਂ ਪੂਜਾ ਦੇ ਭਰਾ ਨੇ ਉਸ ਦੀ ਲਾਸ਼ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਗਲੇ 'ਤੇ ਨਿਸ਼ਾਨ ਪਾਏ ਗਏ ਸਨ, ਜਿਵੇਂ ਉਸ ਦਾ ਗਲਾ ਦਬਾ ਕੇ ਹੱਤਿਆ ਕੀਤੀ ਗਈ ਹੋਵੇ। ਇਸ ਤੋਂ ਬਾਅਦ ਮੌਕੇ 'ਤੇ ਸਹੁਰਾ ਪਰਿਵਾਰ ਫਰਾਰ ਹੋ ਗਿਆ। ਪੇਕੇ ਪਰਿਵਾਰ ਵੱਲੋਂ ਚਾਰ ਨਨਾਣਾਂ ਸਮੇਤ ਪਤੀ ਅਸ਼ਵਨੀ ਅਤੇ ਸੱਸ 'ਤੇ ਗਲਾ ਦਬਾ ਕੇ ਹੱਤਿਆ ਕਰਮ ਦੇ ਦੋਸ਼ ਲਗਾਏ ਗਏ ਹਨ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ।

ਕੀ ਕਹਿਣਾ ਹੈ ਕਿ ਡੀ. ਐੱਸ. ਪੀ. ਮੇਜਰ ਸਿੰਘ ਦਾ
ਮੌਕੇ 'ਤੇ ਪਹੁੰਚੇ ਡੀ. ਐੱਸ. ਪੀ. ਮੇਜਰ ਸਿੰਘ ਨੇ ਕਿਹਾ ਕਿ ਐੱਸ. ਐੱਚ. ਓ. ਨੂੰ ਸੂਚਨਾ ਮਿਲੀ ਸੀ ਕਿ ਵਿਆਹੁਤਾ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ ਹੈ। ਲੜਕੀ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ 'ਚ ਪਤੀ ਅਸ਼ਵਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।  

shivani attri

This news is Content Editor shivani attri