ਨੌਜਵਾਨ ਦੇ ਘਰ ਦਾਖਲ ਹੋ ਕੇ ਫਾਇਰਿੰਗ ਕਰਨ ਦੇ ਮਾਮਲੇ ''ਚ ਜਨਾਨੀ ਮੁਲਜ਼ਮ ਗ੍ਰਿਫਤਾਰ

05/23/2020 6:21:03 PM

ਕਪੂਰਥਲਾ (ਭੂਸ਼ਣ)— 19 ਮਈ ਦੀ ਸ਼ਾਮ ਸਥਾਨਕ ਮੁਹੱਲਾ ਬੱਕਰਖਾਨਾ 'ਚ ਇਕ ਨੌਜਵਾਨ ਨੂੰ ਦੇਸੀ ਪਿਸਤੌਲ ਨਾਲ ਫਾਇਰ ਕਰਕੇ ਗੰਭੀਰ ਜ਼ਖਮੀ ਕਰਨ ਦੇ ਮਾਮਲੇ 'ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਇਕ ਜਨਾਨੀ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਜਨਾਨੀ ਮੁਲਜ਼ਮ ਕੋਲੋਂ 98 ਗ੍ਰਾਮ ਨਸ਼ੀਲਾ ਪਦਾਰਥ ਵੀ ਬਰਾਮਦ ਹੋਇਆ ਹੈ। ਗ੍ਰਿਫਤਾਰ ਜਨਾਨੀ ਮੁਲਜ਼ਮ ਜਿੱਥੇ ਇਸ ਫਾਇਰਿੰਗ ਮਾਮਲੇ ਦੀ ਮੁੱਖ ਮੁਲਜਮ ਸੰਜੇ ਦੀ ਸੱਸ ਹੈ, ਉਥੇ ਹੀ ਇਸ ਮਾਮਲੇ ਦੀ ਮੁੱਖ ਸਾਜਿਸ਼ਕਰਤਾ ਵੀ ਹੈ। ਜ਼ਿਕਰਯੋਗ ਹੈ ਕਿ 19 ਮਈ ਦੀ ਸ਼ਾਮ ਮੁਹੱਲਾ ਬੱਕਰਖਾਨਾ 'ਚ ਸੰਨੀ ਪੁੱਤਰ ਸੰਨੀ ਨਾਮ ਦੇ ਨੌਜਵਾਨ ਦੇ ਘਰ ਵੜ ਕੇ ਸੰਜੇ ਅਤੇ ਉਸ ਦੇ ਸਾਥੀਆਂ ਨੇ ਫਾਈਰਿੰਗ ਕਰ ਦਿੱਤੀ ਸੀ, ਜਿਸ ਦੇ ਸਿੱਟੇ ਵਜੋਂ 4 ਗੋਲੀਆਂ ਲੱਗਣ ਕਾਰਨ ਸੰਨੀ ਗੰਭੀਰ ਜ਼ਖਮੀ ਹੋ ਗਿਆ ਸੀ।

ਬਾਅਦ 'ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਇਸ ਮਾਮਲੇ 'ਚ ਸੰਨੀ ਦੇ ਬਿਆਨਾਂ 'ਤੇ ਸੰਜੇ ਦੀ ਸੱਸ ਰਣਜੀਤ ਕੌਰ ਵਾਸੀ ਮੁਹੱਲਾ ਬੱਕਰਖਾਨਾ, ਸੰਜੇ ਅਤੇ ਉਸ ਦੇ ਸਾਥੀਆਂ ਖਿਲਾਫ ਧਾਰਾ 307, 452, 120 ਬੀ ਤੇ 25, 54, 59 ਆਰਮਜ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ ਪਰ ਸਾਰੇ ਮੁਲਜ਼ਮ ਫਰਾਰ ਹੋ ਗਏ ਸਨ। ਇਸ ਦੌਰਾਨ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ ਨੂੰ ਸੂਚਨਾ ਮਿਲੀ ਕਿ ਮਾਮਲੇ ਦੀ ਮੁਲਜ਼ਮ ਅਤੇ ਸੰਜੇ ਦੀ ਸੱਸ ਰਣਜੀਤ ਕੌਰ ਇਸ ਵੇਲੇ ਆਪਣੇ ਘਰ 'ਚ ਮੌਜੂਦ ਹੈ, ਇਸ 'ਤੇ ਜਦੋਂ ਸਿਟੀ ਪੁਲਸ ਨੇ ਮੌਕੇ 'ਤੇ ਜਾ ਕੇ ਮਹਿਲਾ ਦੀ ਪੁਲਸ ਦੀ ਮਦਦ ਨਾਲ ਛਾਪੇਮਾਰੀ ਕੀਤੀ ਤਾਂ ਰਣਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਰਣਜੀਤ ਕੌਰ ਦੀ ਨਿਸ਼ਾਨਦੇਹੀ 'ਤੇ 98 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ, ਉਥੇ ਹੀ ਇਸ ਮਾਮਲੇ 'ਚ ਸੰਜੇ ਅਤੇ ਉਸ ਦੇ ਸਾਥੀਆਂ ਦੀ ਤਲਾਸ਼ ਜਾਰੀ ਹੈ।

shivani attri

This news is Content Editor shivani attri