ਅਮਨ ਨਗਰ ਦੇ ਸ਼ਰਾਬ ਸਮੱਗਲਰ ਦੀਆਂ ਦਰਜਨਾਂ ਬੇਨਾਮੀ ਜਾਇਦਾਦਾਂ ''ਤੇ ਏਜੰਸੀਆਂ ਦੀ ਨਜ਼ਰ!

07/18/2018 2:32:54 PM

ਜਲੰਧਰ (ਬੁਲੰਦ)— ਇਕ ਪਾਸੇ ਸਰਕਾਰ ਖਾਲੀ ਖਜ਼ਾਨੇ ਦਾ ਰੋਣਾ ਰੋਂਦੀ ਥੱਕਦੀ ਨਹੀਂ, ਉਥੇ ਹੀ ਦੂਜੇ ਪਾਸੇ ਸਰਕਾਰ ਦੇ ਆਬਕਾਰੀ ਅਤੇ ਕਰ ਵਿਭਾਗ ਦੇ ਅਧਿਕਾਰੀਆਂ ਦੇ ਨੱਕ ਹੇਠ ਸ਼ਹਿਰ 'ਚ ਨਾਜਾਇਜ਼ ਸ਼ਰਾਬ ਦੀ ਸਪਲਾਈ ਜ਼ੋਰਾਂ 'ਤੇ ਹੈ। ਇਸ ਨਾਜਾਇਜ਼ ਸ਼ਰਾਬ ਦੇ ਜ਼ਰੀਏ ਸਮੱਗਲਰ ਨੇ ਕਰੋੜਾਂ ਰੁਪਏ ਦੀ ਜਾਇਦਾਦ ਬਣਾ ਲਈ ਹੈ ਅਤੇ ਹੁਣ ਸਰਕਾਰ ਦੀਆਂ ਕਈ ਏਜੰਸੀਆਂ ਦੀ ਨੀਂਦ ਉੱਡੀ ਹੋਈ ਹੈ ਕਿ ਕਿਵੇਂ ਇਕ ਸਮੱਗਲਰ ਦਰਜਨਾਂ ਨਾਜਾਇਜ਼ ਜਾਇਦਾਦਾਂ ਦਾ ਮਾਲਕ ਬਣ ਗਿਆ।
ਟਰੱਕਾਂ ਦੇ ਟਰੱਕ ਬਾਹਰੀ ਸੂਬਿਆਂ ਦੀ ਸ਼ਰਾਬ ਵੇਚ ਜਾਂਦਾ ਹੈ ਇਕੱਲਾ ਅਮਨ ਨਗਰ ਦਾ ਸਮੱਗਲਰ
ਜਾਣਕਾਰ ਦੱਸਦੇ ਹਨ ਕਿ ਸਥਾਨਕ ਅਮਨ ਨਗਰ ਦੇ ਇਕ ਸ਼ਰਾਬ ਸਮੱਗਲਰ 'ਤੇ ਇਨ੍ਹੀਂ ਦਿਨੀਂ ਸਰਕਾਰੀ ਏਜੰਸੀਆਂ ਦੀ ਤਿੱਖੀ ਨਜ਼ਰ ਹੈ ਪਰ ਆਪਣੇ ਸਿਆਸੀ ਲਿੰਕ ਕਾਰਨ ਉਕਤ ਸਮੱਗਲਰ 'ਤੇ ਪੁਲਸ ਅਤੇ ਆਬਕਾਰੀ ਵਿਭਾਗ ਕੋਈ ਕਾਰਵਾਈ ਨਹੀਂ ਕਰ ਰਿਹਾ। ਜਾਣਕਾਰਾਂ ਦੀ ਮੰਨੀਏ ਤਾਂ ਬਾਹਰੀ ਸੂਬਿਆਂ ਤੋਂ ਸ਼ਰਾਬ ਦੇ ਟਰੱਕ ਭਰਕੇ ਇਧਰ ਤੋਂ ਉਧਰ ਕਰਨ ਵਾਲੇ ਸ਼ਰਾਬ ਸਮੱਗਲਰ ਨੇ ਪਿਛਲੇ ਕੁਝ ਸਾਲਾਂ 'ਚ ਇੰਨੇ ਪੈਸੇ ਜਮ੍ਹਾ ਕੀਤੇ ਕਿ ਇਕੱਲੇ ਅਮਨ ਨਗਰ ਵਿਚ ਹੀ ਉਕਤ ਸਮੱਗਲਰ ਦੀਆਂ ਦਰਜਨਾਂ ਬੇਨਾਮੀ ਜਾਇਦਾਦਾਂ ਹਨ। ਕੁਝ ਸਾਲ ਪਹਿਲਾਂ ਪੈਦਲ ਘੁੰਮਣ ਵਾਲਾ ਉਕਤ ਸਮੱਗਲਰ ਅੱਜ ਮਹਿੰਗੀਆਂ ਗੱਡੀਆਂ ਦਾ ਮਾਲਕ ਬਣ ਚੁੱਕਾ ਹੈ।
ਸੀ. ਆਈ. ਡੀ., ਈ. ਡੀ., ਐਕਸਾਈਜ਼ ਅਤੇ ਜੀ. ਐੱਸ. ਟੀ. ਵਿਭਾਗ ਲਈ ਬਣਿਆ ਸਿਰਦਰਦ
ਜਾਣਕਾਰਾਂ ਦੀ ਮੰਨੀਏ ਤਾਂ ਉਕਤ ਸਮੱਗਲਰ ਕਾਂਗਰਸ ਦੇ ਰਾਜ ਵਿਚ ਜ਼ਿਆਦਾ ਪਾਵਰਫੁਲ ਹੋ ਗਿਆ ਹੈ। ਬੀਤੇ ਦਿਨੀਂ ਉਸ ਦੀ ਕਾਰ 'ਚੋਂ ਬਾਹਰੀ ਸੂਬਿਆਂ ਦੀ ਸ਼ਰਾਬ ਪੁਲਸ ਨੇ ਫੜੀ ਸੀ। ਉਸ ਦੇ ਚੇਲੇ-ਚਪਟਿਆਂ 'ਤੇ ਕੇਸ ਦਰਜ ਕਰ ਲਿਆ ਗਿਆ ਸੀ ਪਰ ਸਾਰੇ ਮਾਮਲੇ ਵਿਚ ਕਿੰਗਪਿਨ ਨੂੰ ਪੁਲਸ ਛੂਹ ਵੀ ਨਹੀਂ ਕਰ ਸਕੀ। ਅਜਿਹੇ ਵਿਚ ਜਾਣਕਾਰਾਂ ਦੀ ਮੰਨੀਏ ਤਾਂ ਉਕਤ ਸ਼ਰਾਬ ਸਮੱਗਲਰ ਦੇ ਹੌਸਲੇ ਬੁਲੰਦ ਹਨ ਅਤੇ ਆਏ ਦਿਨ ਬਾਹਰੀ ਸੂਬਿਆਂ ਦੀ ਸ਼ਰਾਬ ਵੇਚ ਕੇ ਮੋਟੀ ਰਕਮ ਕਮਾ ਕੇ ਆਬਾਕਾਰੀ ਵਿਭਾਗ ਨੂੰ ਠੇਂਗਾ ਦਿਖਾਇਆ ਜਾ ਰਿਹਾ ਹੈ।
ਸੂਤਰਾਂ ਦੀ ਮੰਨੀਏ ਤਾਂ ਉਕਤ ਸਮੱਗਲਰ 'ਤੇ ਸਰਕਾਰ ਦੀਆਂ ਏਜੰਸੀਆਂ, ਸੀ. ਆਈ. ਡੀ, ਐਕਸਾਈਜ਼ ਵਿਭਾਗ, ਜੀ. ਐੱਸ. ਟੀ. ਵਿਭਾਗ, ਈ. ਡੀ. ਜਿਹੇ ਵਿਭਾਗਾਂ ਦੀ ਤਿੱਖੀ ਨਜ਼ਰ ਹੈ। ਦੇਖਣਾ ਹੋਵੇਗਾ ਕਿ ਉਕਤ ਸਮੱਗਲਰ 'ਤੇ ਸਰਕਾਰ ਦੀਆਂ ਇਨ੍ਹਾਂ ਏਜੰਸੀਆਂ ਦੀ ਨਜ਼ਰ ਤੋਂ ਕੁਝ ਨਿਕਲਦਾ ਵੀ ਹੈ ਜਾਂ ਫਿਰ ਸਿਆਸੀ ਦਬਾਅ ਵਿਚ ਸਰਕਾਰ ਦੇ ਖਜ਼ਾਨੇ 'ਤੇ ਡਾਕਾ ਜਾਰੀ ਰਹੇਗਾ।


Related News