ਪੁਲਸ ਦੀ ਰੇਡ ਤੋਂ ਪਹਿਲਾਂ ਹੀ ਨਸ਼ਾ ਸਮੱਗਲਰਾਂ ਦੇ ਘਰਾਂ ਨੂੰ ਲੱਗ ਜਾਂਦੇ ਨੇ ਜਿੰਦੇ, ਘਰ ਦਾ ਭੇਤੀ ਤਾਂ ਨਹੀਂ ਦੇ ਰਿਹੈ ‘ਭੇਤ’

07/10/2022 6:11:50 PM

ਔੜ (ਛਿੰਜੀ ਲੜੋਆ) : ਜਦੋਂ ਵੀ ਪੁਲਸ ਨਸ਼ਾ ਸਮੱਗਲਰਾਂ ਦੇ ਘਰਾਂ ’ਤੇ ਰੇਡ ਮਾਰਦੀ ਹੈ ਤਾਂ ਨਸ਼ਾ ਸਮੱਗਲਰਾਂ ਦੇ ਘਰਾਂ ਨੂੰ ਆਮ ਤੌਰ ’ਤੇ ਜਿੰਦੇ ਲੱਗੇ ਹੋਏ ਮਿਲਦੇ ਹਨ ਜਾਂ ਫਿਰ ਨਸ਼ਾ ਸਮੱਗਲਰਾਂ ਦੇ ਘਰਾਂ ’ਚ ਉਨ੍ਹਾਂ ਦੀਆਂ ਔਰਤਾਂ ਹੀ ਮਿਲਦੀਆਂ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਸਮਾਜਿਕ ਆਗੂ ਸੁਰਜੀਤ ਸਿੰਘ ਬਾਨਾ, ਸੰਤੋਖ ਸਿੰਘ ਉੱਪਲ, ਗੁਰਵਿੰਦਰ ਸਿੰਘ ਛੋਕਰ ਅਤੇ ਜਤਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਪੁਲਸ ਨੂੰ ਵੱਡੀ ਪੱਧਰ ’ਤੇ ਰੇਡ ਕਰਨ ਉਪਰੰਤ ਵੀ ਸਮੱਗਲਰਾਂ ਦੇ ਘਰਾਂ ’ਚੋਂ ਕੁਝ ਨਹੀਂ ਮਿਲਦਾ, ਫਿਰ ਪੁਲਸ ਨੁੂੰ ਜਿੱਥੇ ਮਾਯੂਸ ਹੋ ਕੇ ਖਾਲੀ ਹੱਥ ਮੁੜਨਾ ਪੈਂਦਾ ਹੈ, ਉੱਥੇ ਹੀ ਲੋਕਾਂ ’ਚ ਪੁਲਸ ਦੀ ਕਿਤੇ ਨਾ ਕਿਤੇ ਹਾਸੋਹੀਣੀ ਵੀ ਹੁੰਦੀ ਹੈ ਪਰ ਵੱਡਾ ਸਵਾਲ ਤਾਂ ਇਹ ਹੈ ਕਿ ਪੁਲਸ ਦੀ ਰੇਡ ਤੋਂ ਪਹਿਲਾਂ ਹੀ ਨਸ਼ਾ ਸਮੱਗਲਰਾਂ ਦੇ ਘਰਾਂ ਨੂੰ ਜਿੰਦੇ ਕਿਵੇਂ ਲੱਗ ਜਾਂਦੇ ਹਨ ? ਕਿਤੇ ਇੰਝ ਤਾਂ ਨਹੀਂ ਕਿ ਇਸ ਪਿੱਛੇ ਕਿਸੇ ‘ਘਰ ਦੇ ਭੇਤੀ’ ਦਾ ਹੀ ਹੱਥ ਹੋਵੇ, ਪਿੰਡ ਔੜ ਤੇ ਗੁੜਪੁੜ ਦਾ ਨਾਂ ਅੱਜਕਲ ਮੂਹਰਲੀ ਕਤਾਰ ’ਚ ਨਸ਼ਾ ਸਮੱਗਲਿੰਗ ਕਰ ਰਹੇ ਪਿੰਡਾਂ ’ਚ ਸ਼ਾਮਲ ਹੋ ਚੁੱਕਾ ਹੈ, ਜਿਸ ਦਾ ਮੁੱਦਾ ਡਾ. ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਬੰਗਾ ਨੇ ਵਿਧਾਨ ਸਭਾ ’ਚ ਵੀ ਉਠਾਇਆ ਸੀ ਪਰ ਇਨ੍ਹਾਂ ਪਿੰਡਾਂ ’ਚ ਬੀਤੇ ਦਿਨ ਲੱਗਭਗ 200 ਪੁਲਸ ਮੁਲਾਜ਼ਮਾਂ ਨੇ ਕਈ ਗਜ਼ਟਿਡ ਅਫਸਰਾਂ ਦੀ ਹਾਜ਼ਰੀ ’ਚ ਵੱਡੀ ਪੱਧਰ ’ਤੇ ਸਰਚ ਆਪ੍ਰੇਸ਼ਨ ਕੀਤਾ ਸੀ ਪਰ ਇਨ੍ਹਾਂ ਸੈਂਕੜੇ ਪੁਲਸ ਮੁਲਾਜ਼ਮਾਂ ਦੇ ਹੱਥ ਸਿਰਫ਼ 15 ਬੋਤਲਾਂ ਸ਼ਰਾਬ ਦੀਆਂ ਹੀ ਲੱਗੀਆਂ, ਜਦਕਿ ਬਾਕੀ ਨਸ਼ਾ ਸਮੱਗਲਰਾਂ ਦੇ ਘਰਾਂ ਨੂੰ ਜਿੰਦੇ ਲੱਗੇ ਮਿਲੇ, ਜੋ ਕਿਤੇ ਨਾ ਕਿਤੇ ਪੁਲਸ ਦੀ ਕਾਰਜਪ੍ਰਣਾਲੀ ’ਤੇ ਪ੍ਰਸ਼ਨ ਚਿੰਨ੍ਹ ਲਾਉਂਦੇ ਹਨ।

ਜਦੋਂ ਇਸ ਸਬੰਧੀ ਰੇਡ ਕਰ ਰਹੇ ਸੀਨੀਅਰ ਪੁਲਸ ਅਧਿਕਾਰੀਆਂ ਨਾਲ ਪੱਤਰਕਾਰਾਂ ਵਲੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੀ ਇਹੋ ਦੱਸਿਆ ਕਿ ਨਸ਼ਾ ਸਮੱਗਲਰਾਂ ਦਾ ਨੈੱਟਵਰਕ ਇੰਨਾ ਤੇਜ਼ ਹੈ ਕਿ ਪੁਲਸ ਦੀ ਰੇਡ ਤੋਂ ਪਹਿਲਾਂ ਹੀ ਨਸ਼ਾ ਸਮੱਗਲਰ ਆਪਣੇ ਘਰਾਂ ਨੂੰ ਜਿੰਦੇ ਲਾ ਕੇ ਭੱਜ ਜਾਂਦੇ ਹਨ ਅਤੇ ਪੁਲਸ ਦੇ ਸੀਨੀਅਰ ਅਧਿਕਾਰੀਆਂ ਦਾ ਇਹ ਬਿਆਨ ਵੀ ਹੈਰਾਨ ਕਰ ਦੇਣ ਵਾਲਾ ਹੈ। ਉਨ੍ਹਾਂ ਕਿਹਾ ਕਿ ਬਹੁਤੇ ਪੁਲਸ ਅਧਿਕਾਰੀ ਈਮਾਨਦਾਰੀ ਨਾਲ ਨਸ਼ਾ ਖ਼ਤਮ ਕਰ ਕੇ ਨੌਜਵਾਨਾਂ ਨੂੰ ਬਚਾਉਣ ਲਈ ਸ਼ਲਾਘਾਯੋਗ ਉਪਰਾਲੇ ਵੀ ਕਰ ਰਹੇ ਹਨ ਪਰ ਉਨ੍ਹਾਂ ਦੇ ਉਪਰਾਲਿਆਂ ਨੂੰ ਬੂਰ ਨਾ ਪੈਣ ਕਰ ਕੇ ਉੱਚ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਇਸ ਗੱਲ ਦਾ ਪਤਾ ਕਰਨ ਕਿ ਨਸ਼ਾ ਸਮੱਗਲਰਾਂ ਨੂੰ ਪੁਲਸ ਦੀ ਰੇਡ ਹੋਣ ਬਾਰੇ ਪਹਿਲਾਂ ਕਿਵੇਂ ਪਤਾ ਲੱਗ ਰਿਹਾ ਹੈ, ਜਿਸ ਮਾਮਲੇ ਨੂੰ ਲੋਕ ਵੀ ਸ਼ੱਕੀ ਨਜ਼ਰ ਨਾਲ ਹੀ ਦੇਖ ਰਹੇ ਹਨ।


Manoj

Content Editor

Related News