ਕਿਸਾਨਾਂ ਵੱਲੋਂ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਧਰਤੀ ਦੀ ਹਿੱਕ ਨੂੰ ਸਾੜਨ ਦਾ ਸਿਲਸਿਲਾ ਜਾਰੀ

05/10/2020 4:12:57 PM

ਟਾਂਡਾ ਉੜਮੁੜ (ਮੋਮੀ)— ਬੇਸ਼ੱਕ ਜ਼ਿਲਾ ਪ੍ਰਸ਼ਾਸਨ ਵੱਲੋਂ ਇਲਾਕੇ ਦੇ ਕਿਸਾਨਾਂ ਨੂੰ ਵੱਖ-ਵੱਖ ਮਾਧਿਅਮਾਂ ਰਾਹੀਂ ਇਹ ਸੰਦੇਸ਼ ਦਿੱਤਾ ਜਾਂਦਾ ਹੈ ਕਿ ਕਣਕ ਦੇ ਨਾੜ ਨੂੰ ਅੱਗ ਨਾ ਲਗਾਈ ਜਾਵੇ ਕਿਉਂਕਿ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੇ ਬਹੁਤ ਨੁਕਸਾਨ ਹਨ। ਸਰਕਾਰਾਂ ਵੱਲੋਂ ਇਹ ਸੰਦੇਸ਼ ਕਿਸਾਨਾਂ ਤੱਕ ਪਹੁੰਚਾਉਣ ਲਈ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਵੀ ਲਗਾਈ ਲਗਾਈਆਂ ਜਾਂਦੀਆਂ ਪਰ “ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ'' ਦੀ ਕਹਾਵਤ ਅਨੁਸਾਰ ਕਿਸਾਨਾਂ ਵੱਲੋਂ ਜ਼ਿਲਾ ਪ੍ਰਸ਼ਾਸਨ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਇਨ੍ਹੀਂ ਦਿਨੀਂ ਕਣਕ ਦੇ ਨਾੜ ਨੂੰ ਅੱਗ ਲਗਾਉਂਦਿਆਂ ਆਮ ਹੀ ਦੇਖਿਆ ਜਾ ਸਕਦਾ ਹੈ।

ਪਿਛਲੇ ਕਈ ਦਿਨਾਂ ਤੋਂ ਇਲਾਕਾ ਟਾਂਡਾ ਅੰਦਰ ਕਿਸਾਨਾਂ ਵੱਲੋਂ ਵੱਡੇ ਪੱਧਰ 'ਤੇ ਕਣਕ ਦੇ ਨਾੜ ਅੱਗ ਲਗਾ ਕੇ ਬੇਸ਼ੱਕ ਆਪਣਾ ਕੰਮ ਸੌਖਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਦੀ ਇਸ ਕਾਹਲ ਨਾਲ ਕਿੰਨਾ ਕੁ ਨੁਕਸਾਨ ਹੋਇਆ ਹੋ ਸਕਦੈ ਇਸ ਦਾ ਸ਼ਾਇਦ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਹੈ। ਇਸ ਸਬੰਧੀ ਜਦੋਂ ਬਲਾਕ ਖੇਤੀਬਾੜੀ ਅਫਸਰ ਡਾਕਟਰ ਸਤਨਾਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਪਿੰਡਾਂ ਵਿੱਚ ਕੈਂਪ ਲਗਾ ਕੇ ਇਸ ਗੱਲ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਕਿ ਕਣਕ ਅਤੇ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਸਾੜਨ ਦੀ ਬਜਾਏ ਜੇਕਰ ਉਸ ਨੂੰ ਖੇਤ 'ਚ ਹੀ ਵਾਹ ਕੇ ਪਾਣੀ ਲਗਾ ਦਿੱਤਾ ਜਾਵੇ ਤਾਂ ਇਸ ਨਾਲ ਖੇਤ ਦੀ ਸਫਾਈ ਹੋ ਜਾਂਦੀ ਹੈ ਅਤੇ ਉਹ ਰਹਿੰਦ-ਖੂੰਹਦ ਖੇਤ ਲਈ ਖਾਦ ਦਾ ਵੀ ਕੰਮ ਕਰਦੀ ਹੈ ਪਰ ਇਸ ਦੇ ਬਾਵਜੂਦ ਵੀ ਕਿਸਾਨਾਂ ਵੱਲੋਂ ਅੱਗ ਲਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾਂਦਾ।

ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ ਅੱਗ ਲਗਾਉਣ ਕਾਰਨ ਜਿੱਥੇ ਤਾਪਮਾਨ ਵਿੱਚ ਇਕਦਮ ਵਾਧਾ ਹੋਇਆ ਹੈ, ਉੱਥੇ ਹੀ ਲੋਕ ਡਾਉਨ ਕਾਰਨ ਸਾਫ ਹੋਇਆ ਵਾਤਾਵਰਣ ਇਕ ਵਾਰ ਫਿਰ ਤੋਂ ਧੁੰਦਲਾ ਨਜ਼ਰ ਆਉਣ ਲਗ ਪਿਆ ਹੈ। ਇਸ ਸਬੰਧੀ ਜਦੋਂ ਮਾਹਿਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕਣਕ ਦੇ ਨਾੜ ਦੇ ਧੂੰਏਂ ਕਾਰਨ ਨਾ ਸਿਰਫ ਵਾਤਾਵਰਣ ਗੰਧਲਾ ਹੁੰਦਾ ਹੈ ਸਗੋਂ ਇਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ 'ਚ ਵੀ ਇਜ਼ਾਫਾ ਹੁੰਦਾ ਹੈ। 


shivani attri

Content Editor

Related News