ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਨੇ ਵਿਭਾਗ ਦੀ ਆਉਟਸੋਰਸਿੰਗ ਨੀਤੀ ਦਾ ਕੀਤਾ ਵਿਰੋਧ

05/16/2020 2:38:28 PM

ਟਾਂਡਾ ਉੜਮੁੜ(ਵਰਿੰਦਰ ਪੰਡਿਤ, ਕੁਲਦੀਸ਼,ਮੋਮੀ) -  ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਟਾਂਡਾ ਸਬ ਡਿਵੀਜ਼ਨ ਵਿਚ ਹੋਈ । ਜਿਸ ਵਿਚ ਯੂਨੀਅਨ ਦੇ ਆਗੂਆਂ ਨੇ ਆਪਣੀਆਂ ਮੰਗਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਅਤੇ ਵਿਭਾਗ ਦੀ ਆਉਟਸੋਰਸਿੰਗ ਨੀਤੀ ਦਾ ਵਿਰੋਧ ਕੀਤਾ । ਇਸ ਮੌਕੇ ਜ਼ਿਲ੍ਹਾ ਪ੍ਰੈੱਸ ਸਕੱਤਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਜਲ ਸਪਲਾਈ ਵਿਭਾਗ ਦੀ ਉੱਚ ਮੈਨੇਜਮੈਂਟ ਕੋਵਿਡ-19 ਦੀ ਮਹਾਂਮਾਰੀ ਹੇਠ ਸਮੁੱਚੇ  4 ਹਜ਼ਾਰ ਠੇਕਾ ਕਾਮਿਆਂ 'ਤੇ ਆਊਟ ਸੋਰਸਿੰਗ ਏਜੰਸੀ ਦੀ ਮਾਰੂ ਨੀਤੀ ਥੋਪਣ ਜਾ ਰਹੀ ਹੈ । ਜਿਸ ਨਾਲ ਠੇਕਾ ਕਾਮਿਆਂ ਦੇ ਰੁਜ਼ਗਾਰ 'ਤੇ ਤਲਵਾਰ ਲਟਕ ਗਈ ਹੈ । ਜਿੱਥੇ ਇੱਕ ਪਾਸੇ ਇਸ ਮਹਾਂਮਾਰੀ ਦੇ ਦੌਰ ਵਿਚ ਠੇਕਾ ਕਾਮੇ ਆਪਣੀ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਨਿਭਾ ਰਹੇ ਹਨ ਉੱਥੇ ਸਰਕਾਰ ਅਤੇ ਵਿਭਾਗ ਆਪਣੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ ।  

ਇਸ ਨੀਤੀ ਦੇ ਵਿਰੋਧ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਵੱਲੋਂ ਵਿਭਾਗ ਦੀ ਉੱਚ ਮੈਨੇਜਮੈਂਟ ਨੂੰ ਮਸਲੇ ਦੇ ਹੱਲ ਕਰਨ ਲਈ ਮੰਗ ਪੱਤਰ ਭੇਜੇ ਪ੍ਰੰਤੂ ਉੱਚ ਮੈਨੇਜਮੈਂਟ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ । ਜਿਸ ਦੇ ਪ੍ਰਤੀ ਸਮੂਹ ਠੇਕਾ ਵਰਕਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਇਸ ਲਈ ਉਹ ਹੁਣ ਜਥੇਬੰਦੀ ਵੱਲੋਂ ਪੂਰੇ ਪੰਜਾਬ ਦੇ ਜਲ ਸਪਲਾਈ ਮੰਡਲ ਦਫ਼ਤਰਾਂ ਅੱਗੇ  18 ਮਈ ਨੂੰ  ਵਿਭਾਗ ਦੇ ਉੱਚ ਮੈਨੇਜਮੈਂਟ ਦੇ ਪੁਤਲੇ ਫੂਕਣਗੇ ਅਤੇ ਰੋਸ ਮੁਜ਼ਾਹਰਾ ਕਰਦੇ ਹੋਏ ਨਾਅਰੇਬਾਜ਼ੀ ਕਰਨਗੇ ਅਤੇ ਜੇਕਰ ਫਿਰ ਵੀ ਵਿਭਾਗ ਵਰਕਰਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰਦਾ ਤਾਂ ਇਸ ਐਕਸ਼ਨ ਨੂੰ ਹੋਰ ਤਿੱਖਾ ਕੀਤਾ ਜਾਵੇਗਾ ।ਇਸ ਮੌਕੇ ਮਹਿੰਦਰ ਸਿੰਘ, ਰਮਨ ਸੈਣੀ ,ਕਮਲਜੀਤ ਸਿੰਘ ,ਗੁਰਮੀਤ ਸਿੰਘ,ਸਤਨਾਮ ਸਿੰਘ ,ਬਲਕਾਰ ਸਿੰਘ, ਜਸਵੰਤ ਸਿੰਘ ,ਰਣਜੀਤ ਸਿੰਘ ,ਅਸ਼ੋਕ ਕੁਮਾਰ,ਸਿਮਰਨਜੀਤ ਸਿੰਘ ,ਮਨਦੀਪ ਸਿੰਘ, ਰਣਜੋਧ ਸਿੰਘ ,ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ ।

 


Harinder Kaur

Content Editor

Related News