ਜੇਕਰ ਨਾ ਸਾਂਭਿਆ ਪਾਣੀ ਤਾਂ ਜ਼ਿੰਦਗੀ ਦੀ ਖਤਮ ਸਮਝੋ ਕਹਾਣੀ

05/27/2019 1:19:51 PM

ਜਲੰਧਰ (ਵਰਿਆਣਾ)— ਇਕ ਪਾਸੇ ਜਿੱਥੇ ਸੂਬਾ ਸਰਕਾਰ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਧਰਤੀ ਹੇਠਲੇ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਬਚਾਉਣ ਅਤੇ ਇਸ ਦੀ ਅਣਹੋਂਦ ਨਾਲ ਪੈਦਾ ਹੋਣ ਵਾਲੇ ਸੰਕਟ ਸਬੰਧੀ ਸਮੇਂ-ਸਮੇਂ 'ਤੇ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ ਤਾਂ ਜੋ ਉਕਤ ਪਾਣੀ ਦੀ ਸੁਚੱਜੇ ਢੰਗ ਨਾਲ ਵਰਤੋਂ ਹੋ ਸਕੇ ਅਤੇ ਇਸ ਨੂੰ ਰਹਿੰਦੀ ਦੁਨੀਆ ਤੱਕ ਵਰਤਿਆ ਜਾ ਸਕੇ, ਉਥੇ ਦੂਜੇ ਪਾਸੇ ਕਈ ਪਿੰਡ ਅਤੇ ਲੋਕ ਅਜਿਹੇ ਵੀ ਹਨ, ਜਿੱਥੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਲੋੜ ਤੋਂ ਕਿਧਰੇ ਜ਼ਿਆਦਾ ਕੀਤੀ ਜਾ ਰਹੀ ਹੈ, ਜਿਸ ਕਾਰਨ ਧਰਤੀ ਹੇਠਲੇ ਪੀਣ ਵਾਲੇ ਪਾਣੀ ਦੇ ਸੰਕਟ ਦਾ ਕਿਸੇ ਸਮੇਂ ਵੀ ਖਤਰਾ ਪੈਦਾ ਹੋ ਸਕਦਾ ਹੈ।
ਪਿੰਡ ਵਰਿਆਣਾ 'ਚ ਰੋਜ਼ਾਨਾ ਵਰਤਿਆ ਜਾ ਰਿਹੈ 5 ਲੱਖ ਲਿਟਰ ਪਾਣੀ
ਜੇਕਰ ਗੱਲ ਕਰੀਏ ਪਿੰਡ ਵਰਿਆਣਾ ਵਿਖੇ ਪੀਣ ਵਾਲੇ ਪਾਣੀ ਦੀ ਤਾਂ ਇਸ ਪਿੰਡ ਵਿਚ ਰੋਜ਼ਾਨਾ ਕਰੀਬ 5 ਲੱਖ ਲਿਟਰ ਪੀਣ ਵਾਲਾ ਪਾਣੀ ਵਰਤਿਆ ਜਾ ਰਿਹਾ ਹੈ, ਮਤਲਬ ਇਕ ਮਹੀਨੇ 'ਚ ਕਰੀਬ 1 ਕਰੋੜ 50 ਲੱਖ ਲਿਟਰ ਪਾਣੀ। ਇਸ ਸਬੰਧੀ ਜਦੋਂ ਉਕਤ ਪਿੰਡ ਵਿਚ ਲੱਗੀ ਪਾਣੀ ਵਾਲੀ ਟੈਂਕੀ ਦੇ ਕਰਮਚਾਰੀ ਕੋਲੋਂ ਪੁੱਛਿਆ ਗਿਆ ਤਾਂ ਉਸ ਦਾ ਕਹਿਣਾ ਸੀ ਕਿ ਰੋਜ਼ਾਨਾ 2 ਟਾਈਮ ਪੀਣ ਵਾਲਾ ਪਾਣੀ ਪਿੰਡ ਅਤੇ ਪਿੰਡ ਦੀ ਕਾਲੋਨੀ 'ਚ ਛੱਡਿਆ ਜਾਂਦਾ ਹੈ ਪਰ ਕਈ ਲੋਕ ਉਕਤ ਪਾਣੀ ਦੀ ਲੋੜ ਤੋਂ ਵੱਧ ਵਰਤੋਂ ਕਰਦੇ ਹਨ, ਕਈ ਪਾਣੀ ਦੀਆਂ ਟੂਟੀਆਂ ਖੁੱਲ੍ਹੀਆਂ ਛੱਡੀ ਰੱਖਦੇ ਹਨ। ਕਈ ਤਾਂ ਪਸ਼ੂਆਂ ਦਾ ਮਲ-ਮੂਤਰ ਵੀ ਪਾਣੀ ਵਾਲੀ ਟੈਂਕੀ ਤੋਂ ਭੇਜੇ ਪਾਣੀ ਨਾਲ ਹੀ ਘਰਾਂ ਵਿਚ ਸਾਫ ਕਰਦੇ ਹਨ, ਜੋ ਠੀਕ ਨਹੀਂ।
ਹਲਕਾ ਕਰਤਾਰਪੁਰ ਦੇ ਹੋਰ ਵੀ ਕਈ ਪਿੰਡ ਅਜਿਹੇ ਹਨ, ਜਿੱਥੇ ਲੋੜ ਤੋਂ ਵੱਧ ਰੋਜ਼ਾਨਾ ਲੱਖਾਂ ਲਿਟਰ ਪਾਣੀ ਵਰਤਿਆ ਜਾ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਕਾਰਨ ਬੇਸ਼ੱਕ ਕੁਝ ਵੀ ਹੋਣ। ਜੇਕਰ ਦੇਖਿਆ ਜਾਵੇ ਤਾਂ ਪੀਣ ਵਾਲਾ ਪਾਣੀ ਸਾਡੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ, ਜਿਸ ਦੇ ਜ਼ਿੰਮੇਵਾਰ ਅਸੀਂ ਖੁਦ ਹਾਂ।
ਪਾਣੀ ਬਚਾਉਣ ਲਈ ਹਾਂ ਗੰਭੀਰ ਪਰ ਉੱਡਦੀ ਧੂੜ ਕਾਰਨ ਫਿਰਨੀ 'ਤੇ ਪਾਣੀ ਛਿੜਕਣਾ ਜ਼ਰੂਰੀ : ਪਿੰਡ ਵਾਸੀ
ਪਿੰਡ ਦੇ ਕੁਝ ਲੋਕਾਂ ਦਾ ਕਹਿਣਾ ਸੀ ਕਿ ਪਿੰਡ ਦੀ ਫਿਰਨੀ ਧੂੜ-ਮਿੱਟੀ ਨਾਲ ਭਰੀ ਰਹਿੰਦੀ ਹੈ ਅਤੇ ਉਕਤ ਫਿਰਨੀ 'ਤੇ ਆਉਣ-ਜਾਣ ਵਾਲੇ ਵਾਹਨਾਂ ਕਾਰਨ ਕਾਫੀ ਧੂੜ ਉਡਦੀ ਰਹਿੰਦੀ ਹੈ। ਅਜਿਹੀ ਹਾਲਤ ਵਿਚ ਇਸ ਉਪਰ ਪਾਣੀ ਦਾ ਛਿੜਕਾਅ ਕਰਨਾ ਜ਼ਰੂਰੀ ਹੋ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪੀਣ ਵਾਲੇ ਪਾਣੀ ਦੀ ਇਕ-ਇਕ ਬੂੰਦ ਸਾਡੀ ਜ਼ਿੰਦਗੀ ਹੈ, ਇਸ ਨੂੰ ਬਚਾਉਣ ਲਈ ਅਸੀਂ ਗੰਭੀਰ ਹਾਂ।
'ਪਾਣੀ ਬਚਾਉਣ ਸਬੰਧੀ ਆਪਣੇ ਫਰਜ਼ ਨਿਭਾਓ'
ਸ੍ਰੀ ਗੁਰੂ ਰਵਿਦਾਸ ਭਵਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜੇਸ਼ ਫੌਜੀ, ਉਪ ਪ੍ਰਧਾਨ ਜੀ. ਡੀ. ਸੰਧੂ, ਸੈਕਟਰੀ ਜਗਤਾਰ ਵਰਿਆਣਵੀ ਅਤੇ ਕੈਸ਼ੀਅਰ ਬਲਬੀਰ ਸਹੋਤਾ ਦਾ ਇਸ ਸਬੰਧੀ ਕਹਿਣਾ ਸੀ ਕਿ ਰੋਜ਼ਾਨਾ 5 ਲੱਖ ਲਿਟਰ ਪੀਣ ਵਾਲਾ ਪਾਣੀ ਪਿੰਡ ਨੂੰ ਮੁਹੱਈਆ ਕਰਨਾ ਲੋੜ ਤੋਂ ਜ਼ਿਆਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪਹਿਲਾਂ ਹੀ ਸਾਡੀਆਂ ਗਲਤੀਆਂ ਕਾਰਨ ਧਰਤੀ ਹੇਠਲੇ ਪੀਣ ਵਾਲੇ ਪਾਣੀ ਦਾ ਪੱਧਰ ਕਾਫੀ ਹੇਠਾਂ ਡਿੱਗਦਾ ਜਾ ਰਿਹਾ ਹੈ, ਉਸ ਦੀ ਪ੍ਰਾਪਤੀ ਲਈ ਸੈਂਕੜੇ ਫੁੱਟ ਡੂੰਘੇ ਪਾਣੀ ਦੇ ਬੋਰ ਕਰਨੇ ਪੈਂਦੇ ਹਨ, ਜੇਕਰ ਅਸੀਂ ਲੋੜ ਤੋਂ ਵੱਧ ਪਾਣੀ ਵਰਤਦੇ ਰਹੇ ਤਾਂ ਜ਼ਿੰਦਗੀ ਰੂਪੀ ਇਹ ਪਾਣੀ ਸਾਡੇ ਤੋਂ ਸਦਾ ਲਈ ਦੂਰ ਹੋ ਜਾਵੇਗਾ।
ਉਨ੍ਹਾਂ ਦਾ ਕਹਿਣਾ ਸੀ ਕਿ ਪ੍ਰਬੰਧਕ ਕਮੇਟੀ ਅਤੇ ਪਿੰਡ ਦੇ ਸੂਝਵਾਨ ਲੋਕਾਂ ਵੱਲੋਂ ਪਾਣੀ ਦੀ ਬੱਚਤ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਜਦੋਂ ਇਹ ਪੂਰੀ ਤਰ੍ਹਾਂ ਜਾਗਰੂਕ ਹੋ ਕੇ ਉਕਤ ਪਾਣੀ ਦੀ ਮਹੱਤਤਾ ਨੂੰ ਸਮਝ ਗਏ ਤਾਂ ਰੋਜ਼ਾਨਾ ਟੈਂਕੀ 'ਚੋਂ ਹਜ਼ਾਰਾਂ ਲਿਟਰ ਛੱਡਿਆ ਜਾ ਰਿਹਾ ਪਾਣੀ ਸੈਂਕੜਿਆਂ ਦੇ ਰੂਪ 'ਚ ਆ ਜਾਵੇਗਾ, ਇਸ ਲਈ ਸਾਨੂੰ ਸਭ ਨੂੰ ਆਪੋ ਆਪਣੇ ਫਰਜ਼ ਨਿਭਾਉਣੇ ਚਾਹੀਦੇ ਹਨ।
ਨਾਜਾਇਜ਼ ਕੁਨੈਕਸ਼ਨਾਂ ਵਾਲੇ ਕਰ ਰਹੇ ਪਾਣੀ ਦੀ ਦੁਰਵਰਤੋਂ, ਹੋਵੇਗੀ ਕਾਰਵਾਈ : ਪੰਚਾਇਤ ਇਸ ਸਬੰਧੀ ਗ੍ਰਾਮ ਪੰਚਾਇਤ ਦਾ ਕਹਿਣਾ ਸੀ ਕਿ ਪੀਣ ਵਾਲੇ ਪਾਣੀ ਦੀ ਸੁਚੱਜੇ ਢੰਗ ਨਾਲ ਵਰਤੋਂ ਅਤੇ ਇਸ ਦੀ ਵਾਧੂ ਵਰਤੋਂ ਰੋਕਣ ਦੇ ਮਕਸਦ ਨਾਲ ਉਨ੍ਹਾਂ ਵਲੋਂ ਵੀ ਪਿੰਡ ਦੇ ਹਰ ਉਸ ਘਰ ਦੇ ਪਰਿਵਾਰ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਪੰਚਾਇਤ ਵਲੋਂ ਪੀਣ ਵਾਲੇ ਪਾਣੀ ਦਾ ਕੁਨੈਕਸ਼ਨ ਮੁਹੱਈਆ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪਿੰਡ ਵਿਚ ਕਰੀਬ 688 ਪੀਣ ਵਾਲੇ ਪਾਣੀ ਦੇ ਕੁਨੈਕਸ਼ਨ ਹਨ, ਇਸ ਤੋਂ ਇਲਾਵਾ ਅਸੀਂ ਉਹ ਵੀ ਚੈੱਕ ਕਰ ਰਹੇ ਹਾਂ ਜੋ ਪੰਚਾਇਤ ਦੀ ਪ੍ਰਵਾਨਗੀ ਤੋਂ ਬਿਨਾਂ ਨਾਜਾਇਜ਼ ਕੁਨੈਕਸ਼ਨ ਲੱਗੇ ਹੋਏ ਹਨ, ਉਨ੍ਹਾਂ 'ਤੇ ਕਾਰਵਾਈ ਕਰਾਂਗੇ ਕਿਉਂਕਿ ਅਜਿਹੇ ਕੁਨੈਕਸ਼ਨਾਂ ਵਾਲੇ ਪਾਣੀ ਦੀ ਲੋੜ ਤੋਂ ਵੱਧ ਵਰਤੋਂ ਕਰ ਰਹੇ ਹਨ।

shivani attri

This news is Content Editor shivani attri