ਬਸਤੀ ਮਿੱਠੂ ''ਚ ਨਾਜਾਇਜ਼ ਵਾਟਰ ਕੁਨੈਕਸ਼ਨ ਨਾਲ ਚੱਲ ਰਿਹਾ ਸੀ ਵਾਸ਼ਿੰਗ ਸੈਂਟਰ

11/21/2019 12:30:33 PM

ਜਲੰਧਰ (ਖੁਰਾਣਾ)— ਇਕ ਪਾਸੇ ਨਗਰ ਨਿਗਮ ਦੇ ਵਾਟਰ ਟੈਕਸ ਵਿਭਾਗ ਨੇ ਡਿਫਾਲਟਰਾਂ 'ਤੇ ਸ਼ਿਕੰਜਾ ਕੱਸਿਆ ਹੋਇਆ ਹੈ ਅਤੇ ਵਸੂਲੀ ਪ੍ਰਕਿਰਿਆ ਨੂੰ ਤੇਜ਼ ਕੀਤਾ ਹੋਇਆ ਹੈ ਪਰ ਇਸ ਦੇ ਬਾਵਜੂਦ ਵੀ ਨਾਜਾਇਜ਼ ਵਾਟਰ ਕੁਨੈਕਸ਼ਨ ਕਮਰਸ਼ੀਅਲ ਸਰਗਰਮੀਆਂ ਲਈ ਵਰਤੇ ਜਾ ਰਹੇ ਹਨ। ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੇ ਕੁਝ ਦਿਨ ਪਹਿਲਾਂ ਇਕ ਅਜਿਹਾ ਹੀ ਮਾਮਲਾ ਫੜਿਆ, ਜਦੋਂ ਉਨ੍ਹਾਂ ਬਸਤੀ ਮਿੱਠੂ ਦੇ ਇਕ ਵਾਸ਼ਿੰਗ ਸੈਂਟਰ 'ਚ ਅਚਾਨਕ ਛਾਪੇਮਾਰੀ ਕੀਤੀ ਤਾਂ ਦੇਖਿਆ ਕਿ ਪਿਛਲੇ 4 ਸਾਲਾਂ ਤੋਂ ਵਾਸ਼ਿੰਗ ਸੈਂਟਰ ਦਾ ਵਾਟਰ ਮੀਟਰ ਖਰਾਬ ਪਿਆ ਹੋਇਆ ਹੈ ਅਤੇ ਕੁਨੈਕਸ਼ਨ ਨਾਲ ਸਿੱਧੀ ਪਾਈਪ ਜੋੜ ਕੇ ਗੱਡੀਆਂ ਧੋਣ ਦਾ ਕੰਮ ਕੀਤਾ ਜਾ ਰਿਹਾ ਸੀ।

ਇਸ ਕੋਤਾਹੀ ਲਈ ਇਲਾਕੇ ਦੇ ਐੱਸ. ਡੀ. ਓ. ਰਵਿੰਦਰ, ਟੈਕਨੀਸ਼ੀਅਨ ਵਰਿੰਦਰਜੀਤ ਸਿੰਘ ਤੇ ਬਿੱਲ ਡਿਸਟ੍ਰੀਬਿਊਟਰ ਰਾਜਿੰਦਰ ਸੱਭਰਵਾਲ ਨੂੰ ਸ਼ੋਅਕਾਜ਼ ਨੋਟਿਸ ਜਾਰੀ ਕਰ ਦਿੱਤੇ ਗਏ ਹਨ, ਜੋ ਆਪਣੀਆਂ ਰਿਪੋਰਟਾਂ ਵਿਚ ਇਸ ਵਾਟਰ ਕੁਨੈਕਸ਼ਨ ਨੂੰ 'ਓ. ਕੇ.' ਲਿਖਦੇ ਰਹੇ। ਇਨ੍ਹਾਂ ਤਿੰਨਾਂ ਨੂੰ ਇਕ ਹਫਤੇ ਦੇ ਵਿਚ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਗਿਆ ਹੈ। ਪਤਾ ਲੱਗਾ ਹੈ ਕਿ ਟੈਕਨੀਸ਼ੀਅਨ ਨੇ ਆਪਣਾ ਜਵਾਬ ਨਿਗਮ ਨੂੰ ਸੌਂਪ ਕੇ ਖੁਦ ਨੂੰ ਬੇਕਸੂਰ ਦੱਸਿਆ ਹੈ।
ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਮੇਂ ਸ਼ਹਿਰ 'ਚ 90 ਵਾਸ਼ਿੰਗ ਸੈਂਟਰ ਜਾਇਜ਼ ਢੰਗ ਨਾਲ ਵਾਟਰ ਕੁਨੈਕਸ਼ਨਾਂ ਦੇ ਨਾਲ ਚੱਲ ਰਹੇ ਹਨ, ਜਦੋਂਕਿ ਇਲਲੀਗਲ ਵਾਸ਼ਿੰਗ ਸੈਂਟਰਾਂ ਦੀ ਭਾਲ ਕੀਤੀ ਜਾ ਰਹੀ ਹੈ। ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਹੋਏ ਹਨ ਕਿ ਜਿੱਥੇ ਨਾਜਾਇਜ਼ ਵਾਟਰ ਕੁਨੈਕਸ਼ਨ ਮਿਲੇ, ਉਥੇ ਜ਼ਿੰਮੇਵਾਰ ਨਿਗਮ ਅਧਿਕਾਰੀ 'ਤੇ ਕਾਰਵਾਈ ਹੋਵੇਗੀ।

ਪਾਣੀ ਦੇ ਬਿੱਲਾਂ ਦੇ ਬਕਾਏ ਮੁਆਫ ਨਹੀਂ ਹੋਣਗੇ
ਮੇਅਰ ਜਗਦੀਸ਼ ਰਾਜਾ ਅਤੇ ਵਿਧਾਇਕ ਰਾਜਿੰਦਰ ਬੇਰੀ ਨੇ ਲੋਕਲ ਬਾਡੀਜ਼ ਮੰਤਰੀ ਬ੍ਰਹਮ ਮੋਹਿੰਦਰਾ ਤੱਕ ਭਾਵੇਂ ਇਹ ਗੱਲ ਪਹੁੰਚਾ ਦਿੱਤੀ ਹੈ ਕਿ ਜੇਕਰ ਜਲੰਧਰ ਵਿਚ ਪਾਣੀ ਦੇ ਬਿੱਲਾਂ ਦੇ ਪੁਰਾਣੇ ਬਕਾਏ ਮੁਆਫ ਕਰ ਦਿੱਤੇ ਜਾਣ ਤਾਂ ਨਿਗਮ ਨੂੰ ਚਾਲੂ ਬਿੱਲਾਂ ਦੀ ਵਸੂਲੀ ਸ਼ੁਰੂ ਹੋ ਸਕਦੀ ਹੈ, ਜਿਸ ਨਾਲ ਨਿਗਮ ਨੂੰ ਫਾਇਦਾ ਹੀ ਹੋਵੇਗਾ।
ਲੋਕਲ ਬਾਡੀਜ਼ ਮੰਤਰੀ ਨੇ ਭਾਵੇਂ ਇਸ ਬਾਰੇ ਨਿਗਮ ਨੂੰ ਪ੍ਰਸਤਾਵ ਭੇਜਣ ਨੂੰ ਕਿਹਾ ਹੈ ਪਰ ਸਰਕਾਰੀ ਅਧਿਕਾਰੀਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪਾਣੀ ਦੇ ਬਿੱਲਾਂ ਦੇ ਪੁਰਾਣੇ ਬਕਾਏ ਕਿਸੇ ਹਾਲਤ ਵਿਚ ਮੁਆਫ ਨਹੀਂ ਹੋਣਗੇ। ਇਕ ਤਾਂ ਇਸ ਦੇ ਲਈ ਪੂਰੇ ਸੂਬੇ ਲਈ ਪਾਲਿਸੀ ਬਣਾਉਣੀ ਪਵੇਗੀ, ਦੂਜੀ ਗੱਲ ਇਹ ਹੈ ਕਿ ਜੋ ਲੋਕ ਈਮਾਨਦਾਰੀ ਨਾਲ ਸਮੇਂ 'ਤੇ ਪਾਣੀ ਦੇ ਬਿੱਲ ਦੇ ਰਹੇ ਹਨ, ਉਹ ਸਰਕਾਰ ਦੇ ਇਸ ਕਦਮ 'ਤੇ ਕੀ ਸੋਚਣਗੇ। ਅਧਿਕਾਰੀਆਂ ਦਾ ਮੰਨਣਾ ਹੈ ਕਿ ਬਿੱਲਾਂ ਦੀ ਮੁਆਫੀ ਦੀ ਬਜਾਏ ਸਰਕਾਰ ਵਿਆਜ ਅਤੇ ਜੁਰਮਾਨੇ ਦੀ ਰਕਮ ਮੁਆਫੀ ਦਾ ਐਲਾਨ ਕਰ ਸਕਦੀ ਹੈ ਜਿਵੇਂ ਕਿ ਪਹਿਲਾਂ ਵੀ ਹੁੰਦਾ ਆਇਆ ਹੈ।

ਨਿਗਮ ਨੇ ਨਾਜਾਇਜ਼ ਵਾਟਰ ਕੁਨੈਕਸ਼ਨ ਕੱਟੇ
ਨਗਰ ਨਿਗਮ ਦੇ ਵਾਟਰ ਟੈਕਸ ਵਿਭਾਗ ਨੇ ਡਿਫਾਲਟਰਾਂ 'ਤੇ ਕਾਰਵਾਈ ਜਾਰੀ ਰੱਖਦਿਆਂ 5 ਨਾਜਾਇਜ਼ ਵਾਟਰ ਕੁਨੈਕਸ਼ਨ ਕੱਟੇ। ਪ੍ਰਤਾਪ ਬਾਗ ਜ਼ੋਨ ਦੇ ਇੰਸ. ਰਾਕੇਸ਼ ਅਤੇ ਪਵਨ ਨੇ ਇਹ ਕਾਰਵਾਈ ਕੀਤੀ। ਇਸ ਦੌਰਾਨ ਡਿਫਾਲਟਰਾਂ ਕੋਲੋਂ 3 ਲੱਖ ਰੁਪਏ ਵੀ ਵਸੂਲੇ ਗਏ।

ਪ੍ਰਾਪਰਟੀ ਟੈਕਸ ਸ਼ਾਖਾ ਨੇ 12 ਪ੍ਰਾਪਰਟੀਆਂ ਨੂੰ ਸੀਲ ਕੀਤਾ
ਪ੍ਰਾਪਰਟੀ ਟੈਕਸ ਸੁਪਰਡੈਂਟ ਮਹੀਪ ਸਰੀਨ, ਭੁਪਿੰਦਰ ਸਿੰਘ ਬੜਿੰਗ ਅਤੇ ਭੁਪਿੰਦਰ ਸਿੰਘ ਦੀ ਅਗਵਾਈ ਵਿਚ ਨਿਗਮ ਟੀਮ ਨੇ ਅੱਜ ਹੁਸ਼ਿਆਰਪੁਰ ਰੋਡ ਇਲਾਕੇ ਵਿਚ ਕਾਰਵਾਈ ਕਰਦਿਆਂ ਡਿਫਾਲਟਰਾਂ ਦੀਆਂ 12 ਪ੍ਰਾਪਰਟੀਆਂ ਨੂੰ ਸੀਲ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਦੁਕਾਨਾਂ ਦਾ ਟੈਕਸ ਨਹੀਂ ਦਿੱਤਾ ਗਿਆ ਸੀ।

shivani attri

This news is Content Editor shivani attri